
ਖੇਤੀਬਾੜੀ ਮੰਤਰੀ ਐਡਮ ਮਰਸ਼ਲ ਨੇ ਆਪਣੇ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਅਜਿਹੇ ਲੋਕਾਂ ਪ੍ਰਤੀ ਸਖ਼ਤੀ ਦਾ ਐਲਾਨ ਕੀਤਾ ਹੈ ਜੋ ਕਿ ਜਾਨਵਰਾਂ ਪ੍ਰਤੀ ਸੁਹਿਰਦਤਾ ਨਹੀਂ ਦਿਖਾਉਂਦੇ ਸਗੋਂ ਉਨ੍ਹਾਂ ਨਾਲ ਜ਼ਾਲਮਾਨਾ ਵਿਵਹਾਰ ਵੀ ਕਰਦੇ ਹਨ ਅਤੇ ਹੁਣ ਅਜਿਹੇ ਲੋਕਾਂ ਨੂੰ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਵਾਸਤੇ ਭਾਰੇ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਭੁਗਤਣੀ ਪੈ ਸਕਦੀ ਹੈ। ਸ੍ਰੀ ਮਾਰਸ਼ਲ ਨੇ ‘ਪੋ ਕ ਟਾ’ (Prevention of Cruelty to Animals Act ) ਦੇ ਅਧੀਨ ਅਜਿਹੀਆਂ ਕਾਰਵਾਈਆਂ ਨੂੰ ਨਾਜਾਇਜ਼ ਅਤੇ ਗੈਰ-ਕਾਨੂੰਨੀ ਦੱਸਿਆ ਹੈ।
ਅਜਿਹੇ ਲੋਕਾਂ ਨੂੰ ਜਿਹੜੇ ਕਿ ਜਾਨਵਰਾਂ ਪ੍ਰਤੀ ਕੋਈ ਜ਼ੁਲਮ ਕਰਦੇ ਹਨ ਤਾਂ ਪਹਿਲਾਂ ਤੋਂ ਲਾਏ ਜਾਂਦੇ ਜੁਰਮਾਨੇ ਦੀ 5,500 ਡਾਲਰਾਂ ਦੀ ਰਕਮ ਨੂੰ ਵਧਾ ਕੇ ਹੁਣ 44,000 ਡਾਲਰ ਅਤੇ ਜਾਂ ਫੇਰ 12 ਮਹੀਨੇ ਦੀ ਕੈਦ ਦੀ ਸਜ਼ਾ ਦਾ ਐਲਾਨ ਨਿੱਜੀ ਤੌਰ ਤੇ ਅਤੇ ਕਾਰਪੋਰੇਟਾਂ ਵਾਸਤੇ (ਹਰ ਇੱਕ ਨੂੰ) ਇਹੀ ਜੁਰਮਾਨੇ ਦੀ ਰਕਮ 220,000 ਡਾਲਰ ਕਰ ਦਿੱਤੀ ਗਈ ਹੈ।
ਸ੍ਰੀ ਮਾਰਸ਼ਲ ਇਹ ਤਜਵੀਜ਼ਾਂ ਇਸੇ ਹਫ਼ਤੇ ਹੋਣ ਵਾਲੀ ਸਟੇਟ ਪਾਰਲੀਮੈਂਟ ਦੀ ਬੈਠਕ ਵਿੱਚ ਪੇਸ਼ ਕਰਨ ਜਾ ਰਹੇ ਹਨ ਅਤੇ ਉਮੀਦ ਹੈ ਕਿ ਇਹ ਲਾਗੂ ਹੋ ਹੀ ਜਾਣਗੀਆਂ।
ਜੇਕਰ ਜ਼ੁਲਮ ਦੀ ਮਿਆਦ ਬਹੁਤ ਜ਼ਿਆਦਾ ਹੈ ਤਾਂ ਫੇਰ ਨਿਜੀ ਤੌਰ ਤੇ ਲਗਾਏ ਜਾਣ ਵਾਲੇ ਜੁਰਮਾਨੇ ਦੀ ਰਕਮ 22,000 ਡਾਲਰ ਤੋਂ ਵਧਾ ਕੇ 110,000 ਡਾਲਰ ਕਰ ਦਿੱਤੀ ਗਈ ਹੈ ਅਤੇ ਜਾਂ ਫੇਰ 2 ਸਾਲ ਦੀ ਕੈਦ ਅਤੇ ਕਾਰਪੋਰੇਟਾਂ ਵਾਸਤੇ ਇਹੀ ਰਕਮ 550,000 ਡਾਲਰਾਂ (ਹਰ ਇੱਕ ਨੂੰ) ਦੀ ਕੀਤੀ ਗਈ ਹੈ।
ਜੇਕਰ ਕੋਈ ਵਿਅਕਤੀ ਆਪਣੇ ਪਾਲਤੂ ਜਾਨਵਰਾਂ ਨੂੰ ਖਾਣਾ ਦੇਣ ਜਾਂ ਉਨ੍ਹਾਂ ਲਈ ਆਸਰਿਆਂ ਦਾ ਪ੍ਰਬੰਧ ਕਰਨ ਵਿੱਚ ਨਾਕਾਮਯਾਬ ਰਹਿੰਦਾ ਹੈ ਤਾਂ ਫੇਰ ਜੁਰਮਾਨੇ ਦੀ ਰਕਮ ਨੂੰ 5,500 ਡਾਲਰਾਂ ਤੋਂ ਵਧਾ ਕੇ 16,500 ਡਾਲਰ ਅਤੇ ਜਾਂ ਫੇਰ 6 ਮਹੀਨਿਆਂ ਦੀ ਕੈਦ ਅਤੇ ਕਾਰਪੋਰੇਟਾਂ ਵਾਸਤੇ ਇਹੀ ਰਕਮ 82,500 ਡਾਲਰਾਂ (ਹਰ ਇੱਕ ਨੂੰ) ਦੀ ਕੀਤੀ ਗਈ ਹੈ।