ਕ੍ਰਿਕਟ ਵਰਲਡ ਕੱਪ ਮੈਚ ਦੌਰਾਨ ਕਿਰਪਾਨ ਪਹਿਨਣ ਤੋਂ ਰੋਕੇ ਜਾਣ ਵਾਲੇ ਮਾਮਲੇ ਵਿਚ ਟੂਰਨਾਮੈਂਟ ਪ੍ਰਬੰਧਕਾਂ ਨੇ ਕੀਤਾ ਗਲਤੀ ਦਾ ਅਹਿਸਾਸ

NZ PIC 24 April-1ਵਰਲਡ ਕੱਪ 2015 ਦੇ ਇਕ ਮੈਚ ਜੋ ਕਿ ਇੰਡੀਆ ਅਤੇ ਜਿੰਮਬਾਵੇ ਦਰਮਿਆਨ 14 ਮਾਰਚ ਨੂੰ ਈਡਨ ਪਾਰਕ ਆਕਲੈਂਡ ਵਿਖੇ ਖੇਡਿਆ ਗਿਆ ਸੀ, ਨੂੰ ਕਿਰਪਾਨ ਪਹਿਨ ਕੇ ਵੇਖਣ ਜਾ ਰਹੇ  7 ਸਿੱਖ ਨੌਜਵਾਨਾਂ  ਨੂੰ ਐਂਟਰੀ ਗੇਟ ਉਤੇ ਰੋਕ ਲਿਆ ਗਿਆ ਸੀ। ਇਸ ਦਾ ਕਾਰਨ ਆਈ.ਸੀ.ਸੀ. ਦਾ ਪਹਿਲਾਂ ਬਣਿਆ ਇਕ ਨਿਯਮ ਸੀ ਕਿ  ਕੋਈ ਵੀ ਵਿਅਕਤੀ ਚਾਕੂ ਆਦਿ ਲੈ ਕੇ  ਅੰਦਰ ਨਹੀਂ ਜਾ ਸਕਦਾ। ਸੁਰੱਖਿਆ ਕਰਮੀਆਂ ਨੇ ਕ੍ਰਿਪਾਨ ਨੂੰ ਵੀ ਇਕ ਚਾਕੂ ਅਤੇ ਵਰਜਿਤ ਹਥਿਆਰ ਹਥਿਆਰ ਸਮਝ ਲਿਆ ਸੀ  ਤੇ ਉਪਰੋਕਤ ਸੱਤ ਸਿੱਖਾਂ ਨੂੰ ਰੋਕ ਲਿਆ ਤੇ ਟਿਕਟਾਂ ਦੇ ਪੈਸੇ ਵਾਪਿਸ ਕਰ ਦਿੱਤੇ ਸਨ।  ਉਸ ਸਮੇਂ ਗੱਲਬਾਤ ਦੌਰਾਨ ਸੁਰੱਖਿਆ ਕਰਮੀ, ਸਿੱਖ ਪੁਲਿਸ ਅਫਸਰ ਸ਼ਾਮਲ ਹੋਣ ਦੇ ਬਾਵਜੂਦ ਵੀ 7 ਕ੍ਰਿਪਾਨਧਾਰੀ ਸਿੱਖ  ਮੈਚ ਨਹੀਂ ਦੇਖ ਸਕੇ ਸਨ ।
ਇਕ ਗੈਰ ਸਰਕਾਰੀ ਸੰਸਥਾ ਮਲਟੀਕਲਚਰਲ ਨਿਊਜ਼ੀਲ਼ੈਂਡ ਵਲੋਂ ਇਹ ਮਾਮਲਾ ਹਿਊਮਨ ਰਾਈਟਸ ਕਮਿਸ਼ਨ ਕੋਲ ਉਠਾਇਆ ਗਿਆ ਅਤੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣ ਸ਼ਿਕਾਇਤ ਕੀਤੀ । ਹਿਊਮਨ ਰਾਈਟਸ ਕਮਿਸ਼ਨ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਟੂਰਨਾਮੈਂਟ ਕਮੇਟੀ, ਮਲਟੀਕਲਚਰਲ ਨਿਊਜ਼ੀਲੈਂਡ ਅਤੇ ਸੁਪਰੀਮ ਸਿੱਖ ਕੌਂਸਲ ਨਿਊਜ਼ੀਲ਼ੈਂਡ ਦੇ ਨੁੰਮਾਇਦਿਆਂ ਦੀ ਵਲਿੰਗਟਨ ‘ਚ ਬੀਤੇ 14 ਅਪ੍ਰੈਲ ਨੂੰ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਹਰ ਮੁੱਦੇ ‘ਤੇ ਵਿਚਾਰ ਕਰਨ ਉਪਰੰਤ ਬਹੁਤ ਹੀ ਮਹੱਤਵਪੂਰਨ ਨਤੀਜਾ ਨਿਕਲਿਆ ਜਿਸ ਦਾ ਵੇਰਵਾ ਅੱਜ ਮਲਟੀਕਲਚਰਲ ਨਿਊਜ਼ੀਲੈਂਡ ਦੀ ਵੈਬਸਾਈਟ ਉਤੇ ਵੀ ਪਾ ਦਿੱਤਾ ਗਿਆ। ਇਸ ਮਾਮਲੇ ਉਤੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਟੂਰਨਾਮੈਂਟ ਪ੍ਰਬੰਧਕ ਇਸ ਗੱਲ ਲਈ ਸਹਿਮਤ ਹੋਏ ਕੇ ਵਰਲਡ ਕ੍ਰਿਕਟ ਕੱਪ ‘ਚ ਚਾਕੂ ‘ਤੇ ਲੱਗੀ ਰੋਕ ਕਾਰਨ ਕ੍ਰਿਪਾਨ ਨੂੰ ਵੀ ਹਥਿਆਰ ਸਮਝ ਲਿਆ ਗਿਆ ਜਿਸਦਾ ਬੁਰਾ ਅਸਰ ਪਿਆ ਜਦੋਂ ਕੇ ਇਹ ਧਾਰਮਿਕ ਚਿੰਨ੍ਹ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਇਕ ਅੰਮ੍ਰਿਤਧਾਰੀ ਸਿੱਖ ਵਾਸਤੇ ਇਸ ਨੂੰ ਲਾਹੁਣਾ ਉਹਨਾਂ ਦੇ ਸਨਮਾਨ ਨੂੰ ਸੱਟ ਲੱਗਣਾ ਸੀ। ਉਨ੍ਹਾਂ ਇਸ ਗੱਲ ਦੇ ਲਈ ਅਫਸੋਸ ਜ਼ਾਹਿਰ ਕੀਤਾ ਅਤੇ ਜਿਹੜੇ ਕਿਰਾਪਨ ਪਹਿਨ ਕੇ ਮੈਚ ਵੇਖਣ ਨਹੀਂ ਜਾ ਸਕੇ ਉਨ੍ਹਾਂ ਤੋਂ ਵੀ ਗਲਤੀ ਦਾ ਅਹਿਸਾਸ ਕੀਤਾ।
ਟੂਰਨਾਮੈਂਟ ਦੇ ਪ੍ਰਬੰਧਕ ਇਸ ਗੱਲ ਲਈ ਵੀ ਸਹਿਮਤ ਹੋਏ ਕੇ ਪਹਿਲਾਂ ਤੋਂ ਬਣੇ ਇਸ ਨਿਯਮ ਨਾਲ ਜੋ ਲੋਕ ਇਸ ਘਟਨਾ ਨਾਲ ਮਾਨਸਿਕ ਤੌਰ ‘ਤੇ ਪੀੜ੍ਹਤ ਹੋਏ ਸਨ ਉਸਦਾ ਪ੍ਰਬੰਧਕਾਂ ਨੂੰ ਗਹਿਰਾ ਦੁੱਖ ਹੈ ਅਤੇ ਉਹਨਾਂ ਸਾਰਿਆਂ ਨੂੰ ਇੱਕ-ਇੱਕ ਚਿੱਠੀ  ਇੰਟਰਨੈਸ਼ਨਲ ਕ੍ਰਿਕਟ ਕੌਂਸਲ ਵਲੋਂ ਸਿੱਧੀ ਭੇਜੀ ਜਾਵੇਗੀ ਜੋ ਇਸ ਘਟਨਾਂ ਤੇ ਖੇਦ ਪ੍ਰਗਟ ਕਰੇਗੀ । ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇਸ ਨਿਯਮ ਦੇ ਸਬੰਧ ਵਿਚ ਨਿਊਜ਼ੀਲ਼ੈਡ ਸਰਕਾਰ ਨੂੰ ਰਿਪੋਰਟ ਦੇਵੇਗੀ ਕਿ ਸਰਕਾਰ ਕ੍ਰਿਪਾਨ ਸਬੰਧੀ ਸਪੱਸ਼ਟ ਕਰੇ ਤਾਂ ਕੇ ਕ੍ਰਿਪਾਨ ਤੇ ਚਾਕੂ ਨੂੰ ਵੱਖਰੇ-ਵੱਖਰੇ ਨਜ਼ਰੀਏ ਤੋਂ ਵੇਖਿਆ ਅਤੇ ਸਮਝਿਆ ਜਾਵੇ।
ਸੁਪਰੀਮ ਸਿੱਖ ਕੌਂਸਲ ਵਲੋਂ ਵਕੀਲ ਸ੍ਰੀ ਮੈਟ ਰੌਬਸਨ, ਕਨਵੀਨਰ ਸ. ਦਲਜੀਤ ਸਿੰਘ ਅਤੇ ਸ. ਤਰਲੋਕ ਸਿੰਘ ਸ਼ਾਮਿਲ ਹੋਏ ਜਦੋਂ ਕੇ ਮਲਟੀਕਲਚਰਲ ਨਿਊਜ਼ੀਲੈਂਡ ਵੱਲੋਂ ਜੋਰਸ ਡੀ ਬਰਿਸ, ਗੇਂਜਸ ਸਿੰਘ ਅਤੇ ਤਾਇਉ ਅਗੁਨਲੈਜਿਕਾ ਸਮੇਤ 11 ਨੁੰਮਾਇਦੇ ਹਾਜ਼ਿਰ ਸਨ ।

Install Punjabi Akhbar App

Install
×