ਪਿੰਡ ਰਾਮਪੁਰ ਮਾਜਰੀ ਚ ਕ੍ਰਿਕਟ ਟੂਰਨਾਮੈਂਟ ਆਯੋਜਿਤ
ਨਿਊਯਾਰਕ/ ਰੂਪਨਗਰ —ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਖੇਡਾਂ ਨਾਲ ਨੌਜਵਾਨ ਨਾ ਸਿਰਫ ਸਰੀਰਕ ਤੇ ਮਾਨਸਿਕ ਤੌਰ ਤੇ ਤਰੱਕੀ ਕਰਦੇ ਹਨ, ਸਗੋਂ ਇਹ ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਵੀ ਬਚਾਉਂਦੀਆਂ ਹਨ। ਤਿਵਾੜੀ ਪਿੰਡ ਰਾਮਪੁਰ ਮਾਜਰੀ ਵਿਖੇ ਕਰਵਾਏ ਗਏ ਪਹਿਲੇ ਇੱਕ ਪਿੰਡ ਓਪਨ ਕ੍ਰਿਕਟ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਉਥੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਵੀ ਸਰਾਹਿਆ। ਐਮ.ਪੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਯੂਥ ਕਲੱਬਾਂ ਵੱਲੋਂ ਪਿੰਡਾਂ ਚ ਕਰਵਾਏ ਜਾ ਰਹੇ ਖੇਡ ਟੂਰਨਾਮੈਂਟਾਂ ਦੀ ਵੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਨੂੰ ਖਿਡਾਰੀਆਂ ਦੀ ਨਰਸਰੀ ਦੱਸਿਆ, ਜਿਹੜੇ ਵੱਡੇ ਹੋ ਕੇ ਇਕ ਰੁੱਖ ਵਜੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਇਸ ਤੋਂ ਇਲਾਵਾ, ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਚੇਅਰਮੈਨ ਮੇਵਾ ਸਿੰਘ ਗਿੱਲ, ਕਰਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਦੀਪ ਕੌਰ ਸਰਪੰਚ, ਜਸਬੀਰ ਸਿੰਘ, ਦਰਸ਼ਨ ਸਿੰਘ, ਡੀਐੱਸਪੀ ਟੀਐਸ ਗਿੱਲ, ਕੁਲਵਿੰਦਰ ਸਿੰਘ, ਭਜਨ ਸਿੰਘ ਵੀ ਮੌਜੂਦ ਰਹੇ।