ਮੋਦੀ ਸਰਕਾਰ ਸਹਿਕਾਰਤਾ ਨੂੰ ਆਪਣੇ ਸਿੱਧੇ ਕਬਜੇ ਹੇਠ ਕਰਨ ਲਈ ਰਚ ਰਹੀ ਸਾਜ਼ਿਸ -ਕਾ: ਸੇਖੋ

ਆਲੋਅਰਖ ਦੇ ਖੇਤਾਂ ਦੇ ਪ੍ਰਦੂਸ਼ਿਤ ਪਾਣੀ ਦਾ ਤੁਰੰਤ ਕੀਤਾ ਜਾਵੇ ਹੱਲ

ਬਠਿੰਡਾ -ਸਹਿਕਾਰਤਾ ਲਹਿਰ ਦੀ ਮਜਬੂਤੀ ਦੇ ਨਾਂ ਹੇਠ ਵੱਖਰਾ ਮੰਤਰਾਲਾ ਬਣਾ ਕੇ ਕੇਂਦਰ ਸਰਕਾਰ ਵੱਲੋਂ ਸਹਿਕਾਰਤਾ ਨੂੰ ਆਪਣੇ ਸਿੱਧੇ ਕਬਜੇ ਹੇਠ ਕਰਨ ਲਈ ਨਵਾਂ ਢਾਂਚਾ ਤਿਆਰ ਕਰਨ ਦੀ ਸਾਜ਼ਿਸ ਰਚੀ ਜਾ ਰਹੀ ਹੈ, ਜੋ ਕਿਸਾਨ ਵਿਰੋਧੀ ਹੈ। ਇਸਦਾ ਦੇਸ਼ ਦੀ ਕਿਸਾਨੀ ਤੇ ਸਿੱਧਾ ਪ੍ਰਭਾਵ ਪਵੇਗਾ ਤੇ ਤਬਾਹੀ ਵੱਲ ਧੱਕੀ ਜਾਵੇਗੀ। ਇਹ ਦੋਸ਼ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲਾਇਆ।
ਕਾ: ਸੇਖੋਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਸਹਿਕਾਰਤਾ ਸੂਬਿਆਂ ਦਾ ਵਿਸ਼ਾ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨ ਨੂੰ ਤੋੜ ਮਰੋੜ ਕੇ ਆਪਣੇ ਹਿਤਾਂ ਲਈ ਵਰਤਣ ਦੇ ਰਾਹ ਤੁਰੀ ਹੋਈ ਹੈ, ਜਿਸਦਾ ਪਰਤੱਖ ਸਬੂਤ ਹੈ ਸਹਿਕਾਰਤਾ ਸਬੰਧੀ ਫੈਸਲਾ। ਉਹਨਾਂ ਕਿਹਾ ਕਿ ਵੱਖ ਵੱਖ ਰਾਜਾਂ ਵੱਲੋਂ ਸਹਿਕਾਰਤਾ ਅਧੀਨ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸਹਿਕਾਰਤਾ ਵਿਭਾਗ ਅਧੀਨ ਕੰਮ ਕਰਦੀਆਂ ਸਹਿਕਾਰੀ ਸਭਾਵਾਂ ਰਾਹੀਂ ਮਸ਼ੀਨਰੀ, ਖਾਦਾਂ, ਦਵਾਈਆਂ ਆਦਿ ਦੀ ਸਹੂਲਤ ਕਿਸਾਨਾਂ ਨੂੰ ਮੁਹੱਈਆ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਸਹਿਕਾਰੀ ਬੈਂਕਾਂ ਰਾਹੀਂ ਕਿਸਾਨਾਂ ਨੂੰ ਘੱਟ ਵਿਆਜ ਦਰਾਂ ਤੇ ਖੇਤੀ ਕਰਜ਼ਾ ਦਿੱਤਾ ਜਾਂਦਾ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਇੱਕ ਸਾਜ਼ਿਸ ਤਹਿਤ ਕੇਂਦਰ ਸਰਕਾਰ ਵੱਲੋਂ ਸਹਿਕਾਰਤਾ ਲਹਿਰ ਦੀ ਮਜਬੂਤੀ ਲਈ ਵੱਖਰਾ ਪ੍ਰਸ਼ਾਸਨਿਕ ਢਾਂਚਾ ਤੇ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਅਸਲ ਮਕਸਦ ਇਸ ਅਦਾਰੇ ਨੂੰ ਸਿੱਧਾ ਆਪਣੇ ਕਬਜੇ ਹੇਠ ਕਰਨਾ ਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਖੇਤੀ ਜ਼ਮੀਨਾਂ ਹਥਿਆਉਣ ਦੀ ਸਾਜਿਸ਼ ਰਚੀ। ਫੇਰ ਘੱਟੋ ਘੱਟ ਸਮਰਥਨ ਮੁੱਲ ਨੂੰ ਮੁਕੰਮਲ ਲਾਗੂ ਨਾ ਕਰਕੇ ਫ਼ਸਲਾਂ ਨੂੰ ਲੁੱਟਣ ਦੀ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦਿੱਤੀ ਗਈ। ਹੁਣ ਸਹਿਕਾਰਤਾ ਨੂੰ ਆਪਣੇ ਕਬਜੇ ਹੇਠ ਕਰਕੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਖਤਮ ਕਰਨ ਦਾ ਰਾਹ ਪੱਧਰਾ ਕਰਨ ਦੀ ਸਾਜ਼ਿਸ ਰਚੀ ਗਈ ਹੈ। ਉਹਨਾਂ ਕਿਹਾ ਕਿ ਸਹਿਕਾਰੀ ਬੈਂਕਾਂ ਜੋ ਕਿਸਾਨਾਂ ਨੂੰ ਕਰਜ਼ੇ ਦਾ ਲੈਣ ਦੇਣ ਕਰਦੀਆਂ ਹਨ, ਕੇਂਦਰ ਦੀ ਉਸ ਰਾਸ਼ੀ ਤੇ ਹੀ ਨੀਅਤ ਫਿੱਟੀ ਹੋਈ ਹੈ, ਜੋ ਅਤੀ ਮਾੜਾ ਰੁਝਾਨ ਹੈ।
ਕਾ: ਸੇਖੋਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਹਿਕਾਰਤਾ ਲਈ ਵੱਖਰਾ ਮੰਤਰਾਲਾ ਤੇ ਨਵਾਂ ਢਾਂਚਾ ਤਿਆਰ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਧੱਕੇ ਨਾਲ ਇਹ ਫੈਸਲਾ ਲਾਗੂ ਕਰਕੇ ਸਹਿਕਾਰਤਾ ਲਹਿਰ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੀ ਪੀ ਆਈ ਐੱਮ ਹੋਰ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ ਵਿੱਢੇਗੀ। ਉਹਨਾਂ ਕਿਹਾ ਕਿ ਕਿਸਾਨੀ ਦੇਸ਼ ਦਾ ਧੁਰਾ ਹੈ, ਇਸ ਨਾਲ ਧੱਕਾ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ।
ਇੱਕ ਸਵਾਲ ਦੇ ਜੁਆਬ ਵਿੱਚ ਕਾ: ਸੇਖੋਂ ਨੇ ਪਿੰਡ ਆਲੋਅਰਖ ਦੇ ਖੇਤਾਂ ਦੀਆਂ ਮੋਟਰਾਂ ਵਿੱਚੋ ਜਹਿਰੀਲਾ ਪਾਣੀ ਨਿਕਲਣ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇੱਥੇ ਇੱਕ ਕੈਮੀਕਲ ਪਲਾਂਟ ਵੱਲੋਂ ਜਹਿਰੀਲਾ ਕੈਮੀਕਲ ਧਰਤੀ ਹੇਠ ਛੱਡਿਆ ਗਿਆ ਸੀ, ਜਿਸ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਅਤੇ ਹੁਣ ਲਾਲ ਰੰਗ ਦਾ ਪਾਣੀ ਟਿਊਬਵੈੱਲਾਂ ਰਾਹੀਂ ਨਿਕਲ ਰਿਹਾ ਹੈ। ਸੂਬਾ ਸਕੱਤਰ ਨੇ ਕਿਹਾ ਕਿ ਇਸ ਜਹਿਰੀਲੇ ਪਾਣੀ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੋ ਰਹੀ ਹੈ, ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਚਮੜੀ ਦੇ ਰੋਗ ਹੋ ਰਹੇ ਹਨ।
ਕਾ: ਸੇਖੋਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਇਸ ਮਾਮਲੇ ਤੇ ਤੁਰੰਤ ਧਿਆਨ ਦੇ ਕੇ ਇਸ ਮਸਲੇ ਦਾ ਹੱਲ ਕਰਨ। ਉਹਨਾਂ ਇਹ ਵੀ ਮੰਗ ਕੀਤੀ ਕਿ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ ਜੁਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Welcome to Punjabi Akhbar

Install Punjabi Akhbar
×
Enable Notifications    OK No thanks