- 9 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦਾ ਸੀ ਪੀ ਆਈ (ਐੱਮ) ਵੱਲੋਂ ਡਟਵਾਂ ਸਮਰਥਨ ਹੋਵੇਗਾ
ਬਠਿੰਡਾ/7 ਅਗਸਤ/ — ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ 9 ਅਗਸਤ ਨੂੰ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਦਾ ਸੀ ਪੀ ਆਈ (ਐੱਮ) ਵੱਲੋਂ ਡਟਵਾਂ ਸਮਰਥਨ ਕੀਤਾ ਜਾਵੇਗਾ। ਇਹ ਐਲਾਨ ਕਰਦਿਆਂ ਪਾਰਟੀ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਜਿਹਨਾਂ ਨੀਤੀਆਂ ਖਿਲਾਫ ਪਾਰਟੀ ਵੱਲੋਂ ਸਮੇਂ ਸਮੇਂ ਅਵਾਜ਼ ਬੁਲੰਦ ਕੀਤੀ ਗਈ ਸੀ, ਹੁਣ ਸਰਕਾਰਾਂ ਦੇ ਵਜ਼ੀਰ ਸੀ ਪੀ ਆਈ (ਐੱਮ) ਵੱਲੋਂ ਉਠਾਏ ਉਹਨਾਂ ਮੁੱਦਿਆਂ ਨੂੰ ਸਹੀ ਮੰਣਨ ਲਈ ਮਜਬੂਰ ਹੋ ਗਏ ਹਨ। ਉਹ ਜੇਲ੍ਹ ਭਰੋ ਅੰਦੋਲਨ ਦੀ ਸਫ਼ਲਤਾ ਲਈ ਇੱਥੇ ਜਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸੇਸ਼ ਤੌਰ ਤੇ ਪਹੁੰਚੇ ਸਨ।
ਕਾ: ਸੇਖੋਂ ਨੇ ਕਿਹਾ ਕਿ ਪਾਰਟੀ ਵੱਲੋਂ ਅਵਾਜ ਬੁਲੰਦ ਕਰਦਿਆਂ ਦੋਸ ਲਾਇਆ ਸੀ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜਗਾਰੀ, ਮਹਿੰਗਾਈ ਅਤੇ ਨਸ਼ਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਨੇ ਦੇਸ ਦੀ ਜਨਤਾ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ 2 ਕਰੋੜ ਲੋਕਾਂ ਨੂੰ ਰੋਜਗਾਰ ਮੁਹੱਈਆ ਕੀਤਾ ਜਾਵੇਗਾ ਤਾਂ ਜੋ ਬੇਰੁਜਗਾਰੀ ਤੇ ਕਾਬੂ ਪਾਇਆ ਜਾ ਸਕੇ, ਉਸ ਵਾਅਦੇ ਅਨੁਸਾਰ ਮੋਦੀ ਸਰਕਾਰ ਵੱਲੋਂ ਹੁਣ ਤੱਕ 10 ਕਰੋੜ ਲੋਕਾਂ ਨੂੰ ਰੋਜਗਾਰ ਦਿੱਤਾ ਜਾਣਾ ਬਣਦਾ ਸੀ, ਪਰੰਤੂ ਕੇਂਦਰ ਸਰਕਾਰ ਆਪਣੇ ਇਸ ਵਾਅਦੇ ਤੋਂ ਮੁਨਕਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਰੋਜਗਾਰ ਦੇਣ ਦੇ ਉਲਟ ਜੋ ਅਸਾਮੀਆਂ ਸੇਵਾਮੁਕਤ ਹੋਣ ਕਾਰਨ ਖਾਲੀ ਹੋ ਜਾਂਦੀਆਂ ਹਨ ਉਹਨਾਂ ਨੂੰ ਭਰਨ ਦੀ ਬਜਾਏ ਖਤਮ ਹੀ ਕਰ ਦਿੱਤਾ ਜਾਂਦਾ ਹੈ, ਜੋ ਬੇਰੁਜਗਾਰੀ ਵਿੱਚ ਵਾਧੇ ਦਾ ਇੱਕ ਹੋਰ ਚਿੰਤਾਜਨਕ ਕਾਰਨ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਹੁਣ ਕੇਂਦਰੀ ਵਜ਼ੀਰ ਨਿਤਿਨ ਗਡਕਰੀ ਵੱਲੋਂ ਦਿੱਤਾ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੈ ਕਿ ਜਦੋਂ ਦੇਸ਼ ਵਿੱਚ ਰੋਜਗਾਰ ਪੈਦਾ ਹੀ ਨਹੀਂ ਕੀਤਾ ਜਾ ਰਿਹਾ ਤਾਂ ਰਿਜਰਵੇਸ਼ਨ ਦਾ ਕੋਈ ਫਾਇਦਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸ ਬਿਆਨ ਤੋਂ ਸਪਸਟ ਹੁੰਦਾ ਹੈ ਕਿ ਕੇਂਦਰ ਸਰਕਾਰ ਰੁਜਗਾਰ ਪੈਦਾ ਨਹੀਂ ਕਰ ਰਹੀ ਅਤੇ ਬੇਰੁਜਗਾਰੀ ਲਗਾਤਾਰ ਵਧ ਰਹੀ ਹੈ। ਇਸੇ ਤਰ੍ਹਾਂ ਡੀਜ਼ਲ ਅਤੇ ਪੈਟਰੌਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਵੀ ਮਹਿੰਗਾਈ ਦੇ ਵਧਣ ਦਾ ਪਰਤੱਖ ਸਬੂਤ ਹਨ, ਜਿਸਨੇ ਦੇਸ਼ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਤਬਾਹ ਹੋ ਰਹੀ ਜਵਾਨੀ ਤੇ ਚਿੰਤਾ ਪ੍ਰਗਟ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਲੰਬੇ ਸਮੇਂ ਤੋਂ ਅਵਾਜ ਬੁਲੰਦ ਕੀਤੀ ਜਾ ਰਹੀ ਹੈ ਕਿ ਪੁਲਿਸ ਅਧਿਕਾਰੀਆਂ, ਰਾਜਨੀਤੀਵਾਨਾਂ ਅਤੇ ਸਮਗਲਰਾਂ ਦੇ ਗੱਠਜੋੜ ਨੂੰ ਤੋੜ ਕੇ ਹੀ ਨਸ਼ਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ, ਪਰੰਤੂ ਪੰਜਾਬ ਵਿੱਚ ਅਜੇ ਤੱਕ ਨਾ ਇਸ ਗਠਬੰਧਨ ਨੂੰ ਤੋੜਣ ਲਈ ਠੋਸ ਨੀਤੀ ਤਿਆਰ ਕੀਤੀ ਗਈ ਹੈ ਅਤੇ ਨਾ ਹੀ ਨਸ਼ਿਆਂ ਦੇ ਕਿਸੇ ਵੱਡੇ ਸੁਦਾਗਰ ਜਾਂ ਉਸਦੇ ਸਹਿਯੋਗੀ ਨੂੰ ਕਾਬੂ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਰਾਜਨੀਤਕ ਇੱਛਾ ਸ਼ਕਤੀ ਦੀ ਕਮੀ ਸਦਕਾ ਸਰਕਾਰ ਅਜਿਹਾ ਕਰਨ ਤੋਂ ਅਸਮਰੱਥ ਹੈ।
ਕਮਿਊਨਿਸਟ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਤੇ ਕਾਬੂ ਪਾ ਲੈਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਜਦ ਕਿ ਹੁਣ ਸਰਕਾਰ ਦੇ ਮੰਤਰੀ ਇਹ ਵੀ ਕਹਿ ਰਹੇ ਹਨ ਕਿ ਨਸ਼ਿਆਂ ਦਾ ਕੰਮ ਬੇਰੁਜਗਾਰੀ ਨਾਲ ਜੁੜਿਆ ਹੋਇਆ ਹੈ, ਉਹਨਾਂ ਦੇ ਅਜਿਹੇ ਬਿਆਨ ਅਸਲੀਅਤ ਨੂੰ ਸਾਹਮਣੇ ਲਿਆਉਣ ਵਾਲੇ ਹਨ ਕਿ ਰਾਜ ਵਿੱਚ ਬੇਰੁਜਗਾਰ ਅਤੇ ਨਸ਼ੇ ਦੋਵਾਂ ਤੇ ਹੀ ਕਾਬੂ ਨਹੀਂ ਪਾਇਆ ਜਾ ਸਕਿਆ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਰਾਜ ਵਿੱਚ ਗੈਂਗਵਾਰ, ਕੁੱਟਮਾਰ, ਲੁੱਟਮਾਰ, ਖੋਹਾਂ, ਨਸ਼ਾਖੋਰੀ, ਬਲਾਤਕਾਰ ਆਦਿ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਰਾਜ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਹੀ ਨਸ਼ੇ ਅਤੇ ਮੋਬਾਇਲ ਫੋਨ ਦੀ ਵਰਤੋਂ ਨਹੀਂ ਰੋਕੀ ਜਾ ਸਕੀ ਸਮੁੱਚੇ ਪੰਜਾਬ ਭਰ ਵਿੱਚ ਅਪਰਾਧ ਰੋਕਣੇ ਤਾਂ ਦੂਰ ਦੀ ਗੱਲ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ, ਕਾ: ਮੇਘ ਨਾਥ ਵੀ ਮੌਜੂਦ ਸਨ।
ਇਸਤੋਂ ਪਹਿਲਾਂ ਪਾਰਟੀ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨੇ 9 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਸਫ਼ਲਤਾ ਲਈ ਅਪੀਲ ਕੀਤੀ ਅਤੇ ਡਿਊਟੀਆਂ ਲਗਾਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਉਪਰੋਕਤ ਤਿੰਨਾਂ ਜਥੇਬੰਦੀਆਂ ਵੱਲੋਂ 5 ਸਤੰਬਰ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਦਿੱਲੀ ਵਿਖੇ ਨੈਸਨਲ ਪੱਧਰ ਦੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਮਹਿੰਗਾਈ, ਬੇਰੁਜਗਾਰੀ ਅਤੇ ਹੋਰ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦ ਹੋਣ ਦੀ ਲੋੜ ਤੇ ਜੋਰ ਦੇਣ ਦੇ ਨਾਲ ਨਾਲ ਮੋਦੀ ਸਰਕਾਰ ਦਾ ਫਿਰਕੂ ਏਜੰਡਾ ਵੀ ਨੰਗਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਗੁਰਦੇਵ ਸਿੰਘ ਬਾਂਡੀ, ਕੁਲਵਿੰਦਰ ਸਿੰਘ ਉੱਡਤ, ਮੇਘ ਨਾਥ, ਚੰਦਰ ਮੋਹਨ, ਰਾਮ ਚੰਦ, ਨਰਿੰਦਰਪਾਲ ਸਹੋਤਾ, ਗੁਰਚਰਨ ਸਿੰਘ ਚੌਹਾਨ, ਕੁਲਜੀਤਪਾਲ ਭੁੱਲਰ, ਹਰਮਿੰਦਰ ਸਿੰਘ ਢਿੱਲੋਂ ਅਤੇ ਹਰਦੇਵ ਸਿੰਘ ਜੰਡਾਂਵਾਲਾ ਵੀ ਮੌਜੂਦ ਸਨ।
(ਬੀ ਐੱਸ ਭੁੱਲਰ)