
(ਦ ਏਜ ਮੁਤਾਬਿਕ) ਰਾਜ ਦੇ ਕੋਵਿਡ ਰਿਸਪੋਂਸ ਕਮਾਂਡਰ ਜੈਰੋਇਨ ਵੇਮਰ ਨੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਕੋਵਿਡ ਸੇਫ ਐਪ ਜਿਸਨੂੰ ਕਿ ਸਰਕਾਰ ਨੇ ਬਹੁਤ ਵੱਡੀ ਪ੍ਰਾਪਤੀ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਮੋਬਾਇਲ ਫੋਨਾਂ ਰਾਹੀਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੂੰ ਵਧਾਉਣ ਤੋਂ ਰੋਕਣ ਵਾਸਤੇ ਕਾਰਗਰ ਸਿੱਧ ਹੋਵੇਗੀ, ਬਾਰੇ ਦੱਸਦਿਆਂ ਸ੍ਰੀ ਵੇਮਰ ਨੇ ਕਿਹਾ ਕਿ ਇਸ ਐਪ ਅੰਦਰ ਵਿਕਟੋਰੀਆ ਵਿੱਚ ਹੁਣੇ ਹੁਣੇ ਸਥਾਪਿਤ ਹੋਏ ਘੱਟੋ ਘੱਟ 1200 ਲੋਕਾਂ ਦਾ ਡਾਟਾ ਸ਼ਾਮਿਲ ਹੀ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿੱਚ ਹੋਏ ਕਰੋਨਾ ਦੇ ਇਸ ਹਮਲੇ ਵਿੱਚ ਹਜ਼ਾਰਾਂ ਲੋਕ ਆਈਸੋਲੇਟ ਅਤੇ ਕੁਆਰਨਟੀਨ ਹੋਏ ਹਨ ਜਿਨ੍ਹਾਂ ਵਿੱਚ ਕਿ ਸਿੱਧੇ ਤੌਰ ਤੇ ਅਤੇ ਅਸਿੱਧੇ ਤੌਰ ਤੇ ਕੋਵਿਡ-19 ਤੋਂ ਸਥਾਪਿਤ ਲੋਕ ਸ਼ਾਮਿਲ ਹਨ ਅਤੇ ਨਿਊ ਸਾਊਥ ਵੇਲਜ਼ ਦੇ (ਐਵਲਨ) ਬਲੈਕ ਰਾਕ ਕਲਸਟਰ ਨਾਲ ਸਬੰਧਤ ਹਨ। ਇਨ੍ਹਾਂ ਸਾਰਿਆਂ ਦਾ ਡਾਟਾ ਕੋਵਿਡ ਸੇਫ ਐਪ ਵਿੱਚ ਅਪਡੇਟ ਕੀਤਾ ਹੀ ਨਹੀਂ ਗਿਆ ਹੈ। ਸ੍ਰੀ ਵੇਮਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 90 ਅਜਿਹੀਆਂ ਥਾਵਾਂ ਹਨ ਜਿਨ੍ਹਾਂ ਨੂੰ ਕਿ ਸ਼ੱਕੀ ਸੂਚੀ ਵਿੱਚ ਪਾਇਆ ਗਿਆ ਹੈ ਅਤੇ ਕੋਵਿਡ ਸੇਫ ਐਪ ਦੇ ਮੁਤਾਬਿਕ ਤਾਂ ਇਹ ਜਾਣਕਾਰੀ ਜ਼ਰੂਰੀ ਤੌਰ ਤੇ ਐਪ ਵਿੱਚ ਸ਼ਾਮਿਲ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਬੀਤੇ ਸਾਲ, ਅਪ੍ਰੈਲ ਦੇ ਮਹੀਨੇ ਵਿੱਚ 16 ਮਿਲੀਅਨ ਡਾਲਰ ਦੀ ਲਾਗਤ ਨਾਲ ਜਦੋਂ ਇਹ ਐਪ ਕਾਮਨਵੈਲਥ ਵੱਲੋਂ ਜਾਰੀ ਕੀਤੀ ਗਈ ਸੀ ਤਾਂ ਇਸਨੂੰ ਹਰ ਤਰ੍ਹਾਂ ਦੇ ਭਰਪੂਰ ਜ਼ੋਰ ਨਾਲ ਲੋਕਾਂ ਨੂੰ ਡਾਊਨਲੋਡ ਕਰਕੇ ਆਪਣੇ ਆਪਣੇ ਮੋਬਾਇਲਾਂ ਵਿੱਚ ਇੰਸਟਾਲ ਕਰਨ ਨੂੰ ਕਿਹਾ ਗਿਆ ਸੀ ਅਤੇ ਇਸਨੂੰ ਕਰੋਨਾ ਤੋਂ ਬਚਣ ਦਾ ਅਚੂਕ ਜ਼ਰੀਆ ਵੀ ਐਲਾਨਿਆ ਗਿਆ ਸੀ। ਉਨ੍ਹਾਂ ਨੇ ਫੈਡਰਲ ਸਰਕਾਰ ਕੋਲੋਂ ਜਲਦੀ ਤੋਂ ਜਲਦੀ ਇਸ ਗਲਤੀ ਨੂੰ ਸੁਧਾਰਨ ਦੀ ਮੰਗ ਕੀਤੀ ਹੈ।