ਕੋਵਿਡ ਨਿਯਮਾਂ ਦੀ ਪਾਲਣਾ ਵਿਚ ਦੁਨੀਆਂ ਮੁਕਾਬਲੇ ਕਿੱਥੇ ਖੜਾ ਹੈ ਭਾਰਤ?

ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਕੋਵਿਡ ਨਿਯਮ ਤੋੜਨ ʼਤੇ 175000 ਰੁਪਏ ਜੁਰਮਾਨਾ ਲੱਗਾ ਹੈ। ਪਿਛਲੇ ਮਹੀਨੇ ਉਨ੍ਹਾਂ ਪਰਿਵਾਰ ਦੇ 13 ਮੈਂਬਰਾਂ ਨਾਲ ਜਨਮ-ਦਿਨ ਪਾਰਟੀ ਕੀਤੀ ਸੀ। ਜਦੋਂ ਕਿ ਦੇਸ਼ ਵਿਚ 10 ਤੋਂ ਵੱਧ ਲੋਕਾਂ ਦੇ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ʼਤੇ ਰੋਕ ਹੈ। ਪੁਲਿਸ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ ਤੇ ਜੁਰਮਾਨਾ ਲਗਾ ਦਿੱਤਾ।

ਇਧਰ ਦੇਸ਼ ਦਾ ਗ੍ਰਹਿ-ਮੰਤਰੀ ਹਜ਼ਾਰਾਂ ਲੋਕਾਂ ਨਾਲ ਰੋਡ-ਸ਼ੋਅ ਕੱਢਦਾ ਹੈ। ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆਂ। ਅਖ਼ਬਾਰਾਂ ਵਿਚ ਵੱਡੀ ਤਸਵੀਰ ਲੱਗਦੀ ਹੈ। ਮੀਡੀਆ ਦਾ ਇਕ ਹਿੱਸਾ ਇਸਤੇ ਇਤਰਾਜ਼ ਕਰਦਾ ਹੈ। ਕੋਵਿਡ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਾ ਹੈ। ਪਰੰਤੂ ਅਗਲੇ ਦਿਨਾਂ ਵਿਚ ਉਸਤੋਂ ਦੀ ਵੱਡੇ ਰੋਡ ਸ਼ੋਅ, ਰੈਲੀਆਂ ਹੁੰਦੀਆਂ ਹਨ।

ਉਤਰ ਪ੍ਰਦੇਸ਼ ਵਿਚ 3 ਔਰਤਾਂ ਨੂੰ ਕੋਰੋਨਾ ਵੈਕਸੀਨ ਦੀ ਜਗ੍ਹਾ ਐਂਟੀ ਰੈਬੀਜ਼ (ਕੁੱਤੇ ਦੇ ਕੱਟਣ ʼਤੇ ਲੱਗਣ ਵਾਲਾ ਟੀਕਾ) ਟੀਕਾ ਲਗਾ ਦਿੱਤਾ। ਇਨ੍ਹਾਂ ਵਿਚੋਂ 70 ਸਾਲ ਦੀ ਔਰਤ ਦੀ ਤਬੀਅਤ ਵਿਗੜਣ ʼਤੇ ਮਾਮਲੇ ਦਾ ਖੁਲਾਸਾ ਹੋਇਆ। ਤਿੰਨ ਔਰਤਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਸਿਹਤ ਕੇਂਦਰ ਪਹੁੰਚੀਆਂ। ਸਟਾਫ਼ ਨੇ ਮੈਡੀਕਲ ਸਟੋਰ ਤੋਂ 10-10 ਰੁਪਏ ਦੀ ਸਰਿੰਜ ਮੰਗਵਾਈ ਅਤੇ ਵੈਕਸੀਨ ਲਗਾ ਦਿੱਤੀ। ਘਰ ਪਹੁੰਚਦੇ ਹੀ ਇਕ ਔਰਤ ਦੀ ਤਬੀਅਤ ਵਿਗੜ ਗਈ। ਪ੍ਰਾਈਵੇਟ ਹਸਪਤਾਲ ਪਹੁੰਚੇ ਤਾਂ ਅਸਲੀਅਤ ਸਾਹਮਣੇ ਆਈ। ਉਹ ਨਰਸਾਂ ਅੱਜ ਵੀ ਟੀਕੇ  ਲਗਾ ਰਹੀਆਂ ਹਨ।

ਕਈ ਰਾਜਾਂ ਵਿਚੋਂ ਕੋਰੋਨਾ ਦੇ ਮਰੀਜ਼ਾਂ ਦੇ ਜਾਅਲੀ ਅੰਕੜਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਪਟਨਾ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਰਿਸ਼ਤੇਦਾਰਾਂ ਨੂੰ ਜੋ ਲਾਸ਼ ਦਿੱਤੀ ਗਈ ਉਹ ਕਿਸੇ ਹੋਰ ਦੀ ਸੀ ਜਦਕਿ ਉਨ੍ਹਾਂ ਦਾ ਮਰੀਜ਼ ਜਿਊਂਦਾ ਸੀ।

45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਲਈ ਨਹੀਂ ਲਗਾਈ ਜਾ ਰਹੀ ਕਿਉਂਕਿ ਵੈਕਸੀਨ ਉਪਲਬਧ ਨਹੀਂ ਹੈ। ਸ਼ਮਸ਼ਾਨ ਘਾਟਾਂ ਵਿਚ ਸਸਕਾਰ ਲਈ ਕਤਾਰਾਂ ਲੱਗ ਰਹੀਆਂ ਹਨ। ਇਕੱਠੇ ਸਿਵੇ ਬਲ ਰਹੇ ਹਨ। ਭਾਰਤ ਵਿਚ ਬੇਸ਼ਮਾਰ ਵੈਕਸੀਨ ਬਣ ਰਹੀ ਹੈ ਪਰੰਤੂ ਵਿਦੇਸ਼ਾਂ ਨੂੰ ਭੇਜੀ ਜਾ ਰਹੀ ਹੈ। ਹੁਣ ਰੂਸ ਦੀ ਵੈਕਸੀਨ ‘ਸਪੂਤਨਿਕ ਵੀ’ ਨੂੰ ਮਨਜੂਰੀ ਮਿਲਣ ʼਤੇ 45 ਸਾਲ ਤੋਂ ਘੱਟ ਦੇ ਲੋਕਾਂ ਨੂੰ ਲਗਾਈ ਜਾਵੇਗੀ। ਵਿਕਸਤ ਮੁਲਕਾਂ ਨੇ ਪਹਿਲਾਂ ਆਪਣੇ ਨਾਗਰਿਕਾਂ ਨੂੰ ਲਗਾਈ ਹੈ। ਹੁਣ ਵਿਦੇਸ਼ਾਂ ਵਿਚ ਭੇਜਣ ਲੱਗੇ ਹਨ।

ਗੁਜਰਾਤ ਹਾਈਕੋਰਟ ਦੇ ਚੀਫ਼ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਕਿਹਾ ਹੈ ਕਿ ਸਭ ਦਾਅਵੇ ਕਾਗਜ਼ੀ ਹਨ। ਲੋਕ ਖ਼ੁਦ ਨੂੰ ਰੱਬ ਆਸਰੇ ਸਮਝ ਰਹੇ ਹਨ। ਲੰਮੀਆਂ ਕਤਾਰਾਂ ਕਿਉਂ ਲੱਗ ਰਹੀਆਂ ਹਨ? ਨਿੱਜੀ ਹਸਪਤਾਲਾਂ ਵਿਚ ਰੇਮਡੇਸਿਵਰ ਕਿਉਂ ਨਹੀਂ ਮਿਲ ਰਹੀ?

ਦੁਨੀਆਂ ਦੇ ਕੁਝ ਦੇਸ਼ਾਂ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।  ਬ੍ਰਾਜ਼ੀਲ ਵਿਚ ਕਰੋੜਾਂ ਲੋਕਾਂ ਭੁੱਖੇ ਮਰਨ ਲਈ ਮਜ਼ਬੂਰ ਹਨ। ਅੱਧੀ ਆਬਾਦੀ ਦਾ ਪੇਟ ਅੱਧ-ਭਰਿਆ ਹੈ। ਕੋਰੋਨਾ ਕਾਰਨ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ। ਚੌਲਾਂ ਦੇ ਭਾਅ 70 ਫ਼ੀਸਦੀ ਵੱਧ ਗਏ ਹਨ। ਗੈਸ 20 ਫ਼ੀਸਦੀ ਮਹਿੰਗੀ ਹੋ ਗਈ ਹੈ। ਜ਼ਰੂਰੀ ਚੀਜ਼ਾਂ ਦੇ ਰੇਟ ਅਸਮਾਨ ਛੋਹ ਰਹੇ ਹਨ। ਕਬਰਸਤਾਨਾਂ ਵਿਚ ਲਾਸ਼ਾਂ ਦਫ਼ਨ ਕਰਨ ਲਈ ਜਗ੍ਹਾ ਨਹੀਂ ਬਚੀ ਹੈ।

ਦੁਨੀਆਂ ਦੇ ਅਮੀਰ ਮੁਲਕਾਂ ਵਿਚ ਹਰੇਕ ਸਕਿੰਟ ਇਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਲੱਗ ਰਹੀ ਹੈ।  ਜਦਕਿ ਬਹੁਤ ਸਾਰੇ ਗਰੀਬ ਮੁਲਕਾਂ ਵਿਚ ਅਜੇ ਤੱਕ ਵੈਕਸੀਨ ਦੀ ਇਕ ਡੋਜ਼ ਵੀ ਨਹੀਂ ਲਗਾਈ ਗਈ। ਅਜਿਹੇ 60 ਮੁਲਕਾਂ ਵਿਚ ਸਾਲ 2021 ਦੇ ਅੱਧ ਵਿਚ ਵੈਕਸੀਨ ਪਹੁੰਚਣ ਦੀ ਉਮੀਦ ਹੈ।

ਅਪ੍ਰੈਲ 2021 ਦੇ ਅੱਧ ਵਿਚ ਇੰਗਲੈਂਡ ਦੀ ਆਬਾਦੀ 6 ਕਰੋੜ 80 ਲੱਖ ਹੈ। ਉਥੇ 3 ਕਰੋੜ 25 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਉਥੇ ਹਾਲਾਤ ਸੁੱਧਰ ਰਹੇ ਹਨ ਅਤੇ ਸਰਕਾਰ ਨੇ ਲਾਕਡਾਉਨ ਖ਼ਤਮ ਕਰ ਦਿੱਤਾ ਹੈ। ਬਜ਼ੁਰਗ ਵੈਕਸੀਨ ਲਗਵਾਉਣ ਉਪਰੰਤ ਗਰੁੱਪਾਂ ਵਿਚ ਗੱਲਾਂ ਬਾਤਾਂ ਕਰਨ ਲੱਗੇ ਹਨ।

ਸਾਉਦੀ ਅਰਬ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕ ਕਿਤੇ ਵੀ ਇਕੱਤਰ ਨਹੀਂ ਹੋ ਸਕਦੇ। ਉਲੰਘਣਾ ਕਰਨ ਵਾਲੇ ਨੂੰ 100000 ਰਿਆਲ (ਕਰੀਬ 20 ਲੱਖ ਰੁਪਏ) ਜੁਰਮਾਨਾ ਕੀਤਾ ਜਾਂਦਾ ਹੈ। ਜਿਹੜਾ ਇਕਾਂਤਵਾਸ ਦੇ ਨਿਯਮਾਂ ਤੇ ਹਦਾਇਤਾਂ ਨੂੰ ਤੋੜਦਾ ਹੈ ਉਸ ਲਈ ਜੁਰਮਾਨਾ 200000 ਰਿਆਲ ਰੱਖਿਆ ਗਿਆ ਹੈ। ਜੁਰਮਾਨੇ ਨਾਲ ਦੋ ਸਾਲ ਕੈਦ ਦੀ ਵਿਵਸਥਾ ਹੈ। ਜਿਹੜਾ ਜਾਣ ਬੁੱਝ ਕੇ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਉਸ ਲਈ 5 ਸਾਲ ਜੇਲ੍ਹ ਅਤੇ 500000 ਰਿਆਲ ਜੁਰਮਾਨਾ ਮਿਥਿਆ ਗਿਆ ਹੈ। ਜਿਹੜਾ ਵਿਦੇਸ਼ੀ ਉਪਰੋਕਤ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਉਸਨੂੰ ਵਾਪਿਸ ਉਸਦੇ ਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਸਾਊਦੀ ਅਰਬ ਵਿਚ ਪ੍ਰਵੇਸ਼ ʼਤੇ ਉਮਰ ਭਰ ਲਈ ਪਾਬੰਧੀ ਲਗਾ ਦਿੱਤੀ ਜਾਂਦੀ ਹੈ।

ਭਾਰਤ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੈ। ਕੁੰਭ ਮੇਲਾ ਭਰ ਜੋਬਨ ʼਤੇ ਹੈ। ਚੋਣ-ਰੈਲੀਆਂ ਵਿਚ ਗਹਿਮਾ-ਗਹਿਮੀ ਹੈ। ਚੋਣ-ਕਮਿਸ਼ਨ, ਪ੍ਰਸ਼ਾਸਨ, ਸਰਕਾਰਾਂ ਏਨੀਆਂ ਲਾਪਰਵਾਹ, ਏਨੀਆਂ ਅਸੰਵੇਦਨਸ਼ੀਲ ਹੋ ਸਕਦੀਆਂ ਹਨ ਸੋਚ ਕੇ ਪ੍ਰੇਸ਼ਾਨੀ ਹੁੰਦੀ ਹੈ। ਜਿਨ੍ਹਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਹੈ ਉਨ੍ਹਾਂ ਨੇ ਜਿਵੇਂ-ਕਿਵੇਂ ਹਾਲਾਤ ਕਾਬੂ ਕਰ ਲਏ ਹਨ। ਲੋੜ ਗੰਭੀਰਤਾ ਵਿਖਾਉਣ ਦੀ ਹੈ। ਤਰਜੀਹਾਂ ਮਿਥਣ ਦੀ ਹੈ। ਚੋਣਾਂ ਕਰਵਾਉਣੀਆਂ ਹਨ ਜਾਂ ਦੇਸ਼ ਵਾਸੀਆਂ ਨੂੰ ਮਹਾਂਮਾਰੀ ਤੋਂ ਬਚਾਉਣਾ ਹੈ। ਇੰਗਲੈਂਡ, ਅਮਰੀਕਾ, ਇਟਲੀ ਨੇ ਸਥਿਤੀ ਸੰਭਾਲ ਲਈ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਦੀ, ਦੇਸ਼ ਵਾਸੀਆਂ ਦੀ ਚਿੰਤਾ ਹੈ।

ਚੋਣ ਰੈਲੀਆਂ, ਕੁੰਭ ਮੇਲੇ ਦੀਆਂ ਤਸਵੀਰਾਂ ਦੁਨੀਆਂ ਦੇਖ ਰਹੀ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਕੋਰੋਨਾ-ਪੀੜਤ ਮੁਲਕ ਬਣ ਗਿਆ ਹੈ। ਰੋਜ਼ਾਨਾਂ ਦੋ ਲੱਖ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਚੋਣ-ਰੈਲੀਆਂ ਤੇ ਮੇਲਿਆਂ ਵਿਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਕਰਕੇ ਅਸੀਂ ਦੁਨੀਆਂ ਨੂੰ ਕੀ ਸੰਦੇਸ਼ ਦੇ ਰਹੇ ਹਾਂ? ਕਿਹੜੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਹਾਂ? ਦੇਸ਼ ਭਰ ਵਿਚ 25 ਫ਼ੀਸਦੀ ਮਾਮਲਿਆਂ ਵਿਚ ਕੋਰੋਨਾ ਜਾਂਚ ਦੀ ਗ਼ਲਤ ਰਿਪੋਰਟ ਕਿਉਂ ਮਿਲ ਰਹੀ ਹੈ? ਟੀਕੇ ਦੀ, ਦਵਾਈਆਂ ਦੀ ਰਾਜਧਾਨੀ ਕਹੇ ਜਾਣ ਵਾਲੇ ਭਾਰਤ ਵਿਚ ਟੀਕੇ ਦੀ ਘਾਟ ਕਿਉਂ ਪੈਦਾ ਹੋ ਗਈ? ਚੋਣ-ਰੈਲੀਆਂ, ਧਾਰਮਿਕ ਮੇਲਿਆਂ, ਸਿਆਸੀ ਇਕੱਠਾ ਅਤੇ ਆਮ ਆਦਮੀ ਲਈ ਕੋਰੋਨਾ ਨਿਯਮ ਜੁਦਾ ਜੁਦਾ ਕਿਵੇਂ ਹੋ ਗਏ?  ਆਮ ਆਦਮੀ ਨੂੰ ਆਪਣੀ ਕਾਰ ਚਲਾਉਂਦਿਆਂ, ਕਾਰ ਵਿਚ ਇਕੱਲੇ ਬੈਠਿਆਂ ਮਾਸਕ ਨਾ ਪਹਿਨਣ ʼਤੇ ਜ਼ੁਰਮਾਨਾ ਕੀਤਾ ਜਾ ਰਿਹਾ ਹੈ। ਸਕੂਲ ਕਾਲਜ ਬੰਦ ਕਰਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਘਰ ਬਿਠਾ ਦਿੱਤਾ ਹੈ। ਗਲੀਆਂ ਬਜ਼ਾਰਾਂ ਵਿਚ ਲੋਕਾਂ ਦਾ ਮੋਢੇ ਨਾਲ ਮੋਢਾ ਖਹਿੰਦਾ ਹੈ। ਹਰ ਜਗ੍ਹਾ ਦੋਹਰੇ ਮਾਪਦੰਡ। ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਆਖ਼ਰਕਾਰ ਜਵਾਬ ਦੇਣਾ ਪਵੇਗਾ। ਅਮਰੀਕਾ ਵਿਚ ਲੋਕ ਸਵੈ-ਜ਼ਾਬਤਾ ਲਗਾਉਣ ਲੱਗੇ ਹਨ। ਸ਼ਾਦੀਆਂ ਤੇ ਹੋਰ ਸਮਾਗਮਾਂ ਮੌਕੇ ਵੈਕਸੀਨ ਦੀ ਸ਼ਰਤ ਰੱਖੀ ਜਾ ਰਹੀ ਹੈ। ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ?

(ਪ੍ਰੋ. ਕੁਲਬੀਰ ਸਿੰਘ) +91 9417153513

Install Punjabi Akhbar App

Install
×