ਨਿਊਜ਼ੀਲੈਂਡ ਵਿੱਚ ਕੋਵਿਡ ਕਾਲ ਦੌਰਾਨ ਸ਼ੁਰੂ ਕੀਤੀ ਗਈ ਵਿਤੀ ਮਦਦ ਦੀ ਸਕੀਮ ਹੋਈ ਬੰਦ

(ਐਨ.ਜ਼ੈਡ. ਪੰਜਾਬੀ ਨਿਊਜ਼ ਦੇ ਹਵਾਲੇ ਨਾਲ) ਮੌਜੂਦਾ ਸਾਲ ਦੇ ਸ਼ੁਰੂ ਵਿੱਚ ਹੀ ਕਰੋਨਾ ਕਾਲ ਦੇ ਸ਼ੁਰੂਆਤਾ ਨਾਲ ਕੀਤੇ ਗਏ ਲਾਕਡਾਊਨਾਂ ਕਾਰਨ ਲੱਖਾਂ ਲੋਕਾਂ ਦੇ ਰੌਜ਼ਗਾਰ ਬੰਦ ਹੋ ਗਏ ਸਨ ਅਤੇ ਜ਼ਿਆਦਾ ਫਰਕ ਉਨ੍ਹਾਂ ਨੂੰ ਪਿਆ ਸੀ ਜਿਨ੍ਹਾਂ ਦੀ ਰੋਜ਼-ਮੱਰਾਹ ਦੀ ਜ਼ਿੰਦਗੀ ਵਿੱਚ ਰੋਟੀ ਕਮਾਉਣ ਵਾਸਤੇ ਨਵੀਆਂ ਸਕੀਮਾਂ ਪ੍ਰਤੀ ਦਿਨ ਹੀ ਘੜਨੀਆਂ ਪੈਂਦੀਆਂ ਸਨ ਅਤੇ ਲਾਕਡਾਊਨ ਨੇ ਉਨ੍ਹਾਂ ਦੀ ਦਿਨ-ਪ੍ਰਤੀਦਿਨ ਦੀ ਆਮਦਨ ਨੂੰ ਬੰਦ ਕਰਕੇ ਅਜਿਹੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਸੀ। ਅਜਿਹੇ ਲੋਕਾਂ ਦੀ ਮਦਦ ਲਈ ਨਿਊਜ਼ੀਲੈਂਡ ਨੇ ਵਿਤੀ ਮਦਦ ਲਈ ਅਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ ਜਿਨ੍ਹਾਂ ਦੇ ਤਹਿਤ ਲੋਕਾਂ ਨੂੰ 12 ਹਫ਼ਤਿਆਂ ਦੌਰਾਨ 250 ਡਾਲਰਾਂ ਤੋਂ ਲੈ ਕੇ 490 ਡਾਲਰਾਂ ਤੱਕ ਪ੍ਰਤੀ ਹਫ਼ਤਾ ਪ੍ਰਦਾਨ ਕੀਤੇ ਜਾਂਦੇ ਸਨ ਤਾਂ ਜੋ ਉਨ੍ਹਾਂ ਦਾ ਦਾਲ-ਫੁਲਕਾ ਚਲਦਾ ਰਹੇ। ਸਮਾਜਿਕ ਡਿਵੈਲਪਮੈਂਟ ਵਿਭਾਗ ਦੇ ਅਨੁਸਾਰ ਮਾਰਚ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਅਜਿਹੇ 38000 ਲੋਕਾਂ ਨੂੰ ਇਸ ਮਦਦ ਰਾਹੀਂ ਲਾਭ ਪਹੁੰਚਾਇਆ ਗਿਆ ਹੈ। ਹੁਣ ਮੌਜੂਦਾ ਸਮੇਂ ਵਿੱਚ ਕਰੋਨਾ ਦੀ ਮਾਰ ਝੇਲਣ ਤੋਂ ਬਾਅਦ ਜਦੋਂ ਜ਼ਿੰਦਗੀ ਦੀ ਗੱਡੀ ਮੁੜ ਤੋਂ ਲੀਹਾਂ ਉਪਰ ਦੌੜਨ ਲੱਗੀ ਹੈ ਤਾਂ ਸਰਕਾਰ ਨੇ ਉਕਤ ਦਿੱਤੀ ਜਾ ਰਹੀ ਮਦਦ ਬੰਦ ਕਰ ਦਿੱਤੀ ਹੈ ਅਤੇ ਮੰਨਿਆ ਹੈ ਕਿ ਲੋਕ ਹੁਣ ਆਪਣੇ ਕੰਮ-ਧੰਦਿਆਂ ਉਪਰ ਵਾਪਿਸ ਆਉਣਾ ਸ਼ੁਰੂ ਹੋ ਗਏ ਹਨ ਅਤੇ ਇਸ ਵਾਸਤੇ ਹੁਣ ਇਸ ਮਦਦ ਦੀ ਜ਼ਰੂਰਤ ਨਹੀਂ ਹੈ। ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਕਰੋਨਾ ਕਾਰਨ ਲੋਕਾਂ ਦੀ ਬੇਰੌਜ਼ਗਾਰੀ ਵਿੱਚ ਵਾਧਾ ਹੋਇਆ ਹੈ ਅਤੇ ਲੋਕ ਹਾਲੇ ਵੀ ਨਵੇਂ ਕੰਮ-ਧੰਦਿਆਂ ਨੂੰ ਲੱਭਣ ਲਈ ਸੰਘਰਸ਼ਸ਼ੀਲ ਹਨ ਅਤੇ ਕਿਉਂਕਿ ਸਰਕਾਰ ਨੇ ਉਨ੍ਹਾਂ ਦੀ ਵਿੱਤੀ ਮਦਦ ਬੰਦ ਕਰ ਦਿੱਤੀ ਹੈ ਤਾਂ ਫੇਰ ਉਨ੍ਹਾਂ ਨੂੰ ਮੁੜ ਤੋਂ ਪੈਸਿਆਂ ਦੀ ਕਮੀ ਕਾਰਨ ਕਿਸੇ ਕਿਸਮ ਦੀ ਗੰਭੀਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Install Punjabi Akhbar App

Install
×