ਬੱਚਿਆਂ ਅਤੇ ਨੌਜਵਾਨਾਂ ਲਈ COVID-19 ਦੇ ਟੀਕੇ

ਇਹ ਮਹੱਤਵਪੂਰਨ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ COVID-19 ਟੀਕਾਕਰਨ ਨਾਲ ਪੂਰੀ ਤਰ੍ਹਾਂ ਚਲੰਤ ਬਣੇ ਰਹੋ। 5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ COVID-19 ਟੀਕਾਕਰਨ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ, ਸਿਹਤ ਵਿਭਾਗ ਨੇ ਹੇਠਾਂ ਦਿੱਤੀ ਜਾਣਕਾਰੀ ਪ੍ਰਦਾਨ ਕੀਤੀ ਹੈ। 

5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ COVID-19 ਦਾ ਟੀਕਾਕਰਨ ਕਰਵਾਉਣ ਦੀ ਮਹੱਤਤਾ

ਤੁਹਾਡੇ ਬੱਚੇ ਨੂੰ COVID-19 ਦਾ ਟੀਕਾ ਲਗਵਾਉਣ ਦੇ ਬਹੁਤ ਸਾਰੇ ਫਾਇਦੇ ਹਨ ਜੋ ਆਸਟ੍ਰੇਲੀਆ ਦੇ ਸਿਹਤ ਮਾਹਿਰਾਂ ਦੁਆਰਾ ਸਮਰਥਤ ਹਨ:

  • ਟੀਕਾ ਬੱਚਿਆਂ ਨੂੰ COVID-19 ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ: ਹਾਲਾਂਕਿ ਬੱਚਿਆਂ ਵਿੱਚ COVID-19 ਦੇ ਲੱਛਣ ਆਮ ਤੌਰ ‘ਤੇ ਬਾਲਗਾਂ ਦੇ ਮੁਕਾਬਲੇ ਹਲਕੇ ਹੁੰਦੇ ਹਨ, ਪਰ ਵਾਇਰਸ ਦੀ ਲਾਗ ਵਾਲੇ ਕੁਝ ਬੱਚੇ ਬਹੁਤ ਬਿਮਾਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਪੈ ਸਕਦੀ ਹੈ।
  • ਟੀਕਾ COVID-19 ਦੇ ਫੈਲਣ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ: ਵਾਇਰਸ ਨੂੰ ਫੈਲਾਉਣ ਦੀ ਬੱਚਿਆਂ ਵਿੱਚ ਵੀ ਓਨੀ ਹੀ ਸੰਭਾਵਨਾ ਹੁੰਦੀ ਹੈ ਜਿੰਨੀ ਕਿ ਬਾਲਗਾਂ ਵਿੱਚ ਹੁੰਦੀ ਹੈ, ਜਿਸ ਵਿੱਚ ਪਰਿਵਾਰ ਦੇ ਬਜ਼ੁਰਗ ਜੀਅ ਵੀ ਸ਼ਾਮਲ ਹਨ ਜਿਨ੍ਹਾਂ ਦੇ ਬਹੁਤ ਬਿਮਾਰ ਹੋਣ ਦਾ ਖਤਰਾ ਹੁੰਦਾ ਹੈ।
  • ਤੁਹਾਡੇ ਬੱਚੇ ਨੂੰ COVID-19 ਦੇ ਵਿਰੁੱਧ ਟੀਕਾਕਰਨ ਕਰਵਾਉਣਾ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਰੁਕਾਵਟਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ: COVID-19 ਦੇ ਫੈਲਣ ਨੂੰ ਘਟਾਉਣ ਨਾਲ ਬੱਚਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਵਿੱਚ ਮਦਦ ਮਿਲੇਗੀ, ਜੋ ਉਹਨਾਂ ਦੀ ਭਲਾਈ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰਦਾ ਹੈ।

5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰਵਾਨਿਤ ਟੀਕੇ ਅਤੇ ਖੁਰਾਕ  

ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਨੇ 5 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ (Pfizer) ਟੀਕਿਆਂ ਅਤੇ 6 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਲਈ ਮੋਡਰਨਾ (Moderna) ਟੀਕਿਆਂ ਨੂੰ ਆਰਜ਼ੀ ਤੌਰ ‘ਤੇ ਮਨਜ਼ੂਰੀ ਦਿੱਤੀ ਹੈ। ਦੋਵੇਂ ਟੀਕਿਆਂ ਲਈ 2 ਖੁਰਾਕਾਂ ਦੀ ਲੋੜ ਹੁੰਦੀ ਹੈ।

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨਾਲੋਂ ਟੀਕੇ ਦੀ ਛੋਟੀ ਖੁਰਾਕ ਮਿਲੇਗੀ। ਜੇਕਰ ਕੋਈ ਬੱਚਾ ਆਪਣੀਆਂ 2 ਖੁਰਾਕਾਂ ਦੇ ਵਿਚਕਾਰ 12 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਤਾਂ ਉਹ ਟੀਕਾਕਰਨ ਦੇ ਦੂਸਰੇ ਟੀਕੇ ਲਈ ਵੱਡੀ ਖੁਰਾਕ ਪ੍ਰਾਪਤ ਕਰ ਸਕਦਾ ਹੈ।

COVID-19 ਟੀਕਾਕਰਨ ਦੀਆਂ 2 ਖੁਰਾਕਾਂ ਲੈਣ ਨਾਲ ਵਾਇਰਸ ਤੋਂ ਹੋਣ ਵਾਲਿਆਂ ਗੰਭੀਰ ਬੀਮਾਰੀਆਂ ਤੋਂ ਸਭ ਤੋਂ ਵਧੀਆ ਸੁਰੱਖਿਆ ਮਿਲਦੀ ਹੈ।

COVID-19 ਵਿਰੁੱਧ ਵੱਧ ਤੋਂ ਵੱਧ ਸੁਰੱਖਿਆ ਦੂਜੀ ਖੁਰਾਕ ਦੇ ਲਗਭਗ 2 ਤੋਂ 3 ਹਫ਼ਤਿਆਂ ਬਾਅਦ ਸ਼ੁਰੂ ਹੁੰਦੀ ਹੈ।

ਜਿਹੜੇ ਬੱਚੇ ਗੰਭੀਰ ਤੌਰ ‘ਤੇ ਇਮਯੂਨੋਕੰਪਰੋਮਾਈਜ਼ਡ (ਪ੍ਰਤੀਰੋਧਕ ਪ੍ਰਣਾਲੀ ਦਾ ਕਮਜ਼ੋਰ ਹੋਣਾ) ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਦੂਜੀ ਖੁਰਾਕ ਤੋਂ 2 ਮਹੀਨੇ ਬਾਅਦ, ਤੀਜੀ ਮੁਢਲੀ ਖੁਰਾਕ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਕੀ ਬੱਚਿਆਂ ਨੂੰ ਬੂਸਟਰ ਖੁਰਾਕ ਦੀ ਲੋੜ ਹੈ?

ਸਮੇਂ ਦੇ ਨਾਲ, ਟੀਕਿਆਂ ਤੋਂ ਸੁਰੱਖਿਆ ਘੱਟ ਜਾਂਦੀ ਹੈ। 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਹਨਾਂ ਦੇ ਪਹਿਲੇ ਕੋਰਸ ਨੂੰ ਪੂਰਾ ਕਰਨ ਤੋਂ 3 ਮਹੀਨੇ ਬਾਅਦ ਇੱਕ COVID-19 ਬੂਸਟਰ ਡੋਜ਼ ਲਗਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। COVID-19 ਟੀਕਾਕਰਨ ਦੀ ਇੱਕ ਬੂਸਟਰ ਖੁਰਾਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੰਬੇ ਸਮੇਂ ਲਈ ਵਾਇਰਸ ਦੇ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰੇਗੀ।

ਇਸ ਸਮੇਂ 15 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੂਸਟਰ ਖੁਰਾਕ ਲੈਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।

ਜੇ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ COVID-19 ਹੁੰਦਾ ਹੈ ਤਾਂ ਫੇਰ ਕੀ ਹੋਵੇਗਾ?

ਕੋਈ ਵੀ ਵੈਕਸੀਨ 100 ਪ੍ਰਤੀਸ਼ਤ ਪ੍ਰਭਾਵੀ ਨਹੀਂ ਹੈ, ਇਸ ਲਈ ਇਹ ਸੰਭਵ ਹੈ ਕਿ ਤੁਹਾਡਾ ਬੱਚਾ ਅਜੇ ਵੀ COVID-19 ਤੋਂ ਬਿਮਾਰ ਹੋ ਸਕਦਾ ਹੈ ਭਾਵੇਂ ਉਸ ਨੂੰ ਟੀਕਾ ਲਗਾਇਆ ਗਿਆ ਹੋਵੇ। ਪਰ, ਸਬੂਤ ਦਰਸਾਉਂਦੇ ਹਨ ਕਿ ਜਿਨ੍ਹਾਂ ਲੋਕਾਂ ਦਾ ਟੀਕਾਕਰਨ ਹੋਇਆ ਹੈ ਉਹਨਾਂ ਦੇ COVID-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜਾਂ ਉਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਬਹੁਤ ਘੱਟ ਹੁੰਦੀ ਹੈ।

ਮੁਲਾਕਾਤ ਬੁੱਕ ਕਰਨ ਲਈ, ਆਪਣੇ ਡਾਕਟਰ ਨਾਲ ਗੱਲ ਕਰੋ, australia.gov.au ‘ਤੇ ਜਾਓ ਜਾਂ 1800 020 080 ‘ਤੇ ਫ਼ੋਨ ਕਰੋ ਅਤੇ ਮੁਫਤ ਦੁਭਾਸ਼ੀਏ ਸੇਵਾਵਾਂ ਲਈ ਵਿਕਲਪ 8 ਦੀ ਚੋਣ ਕਰੋ।

(ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ)

Install Punjabi Akhbar App

Install
×