ਕ੍ਰਿਸਮਿਸ ਦੇ ਤਿਉਹਾਰ ਨੂੰ ਮਨਾਉਣ ਦੀਆਂ ਚਲ ਰਹੀਆਂ ਤਿਆਰੀਆਂ…. ਪਰੰਤੂ ਕਰੋਨਾ ਮਾਮਲਿਆਂ ਵਿੱਚ ਵੀ ਲਗਾਤਾਰ ਹੋ ਰਿਹਾ ਇਜ਼ਾਫ਼ਾ

ਦੇਸ਼ ਭਰ ਵਿੱਚ ਕ੍ਰਿਸਮਿਸ ਦੀਆਂ ਛੁੱਟੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਲੰਬੇ ਲਾਕਡਾਊਨਾਂ ਅਤੇ ਕਰੋਨਾ ਦੀਆਂ ਪਾਬੰਧੀਆਂ ਆਦਿ ਝੇਲਣ ਤੋਂ ਬਾਅਦ ਇਸ ਵਾਰੀ ਲੋਕ ਛੁੱਟੀਆਂ ਨੂੰ ਅਜਾਈਂ ਨਹੀਂ ਗਵਾਉਣਾ ਚਾਹੁੰਦੇ.. ਪਰੰਤੂ ਯਾਤਰਾਵਾਂ ਆਦਿ ਲਈ ਕਰੋਨਾ ਟੈਸਟਿੰਗ ਵੀ ਜ਼ਰੂਰੀ ਹੈ ਅਤੇ ਇਸ ਵਾਸਤੇ ਕਰੋਨਾ ਟੈਸਟਿੰਗ ਸੈਂਟਰਾਂ ਉਪਰ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਕਿਉਂਕਿ ਲੋਕ ਜਲਦੀ ਤੋਂ ਜਲਦੀ ਆਪਣਾ ਕਰੋਨਾ ਟੈਸਟ ਕਰਵਾ ਕੇ ਅਤੇ ਰਿਪੋਰਟ ਹੱਥੀਂ ਫੜ੍ਹ ਕੇ ਛੁੱਟੀਆਂ ਵਿੱਚ ਕਿਸੇ ਹੋਰ ਥਾਂਵਾਂ ਉਪਰ ਆਉਣਾ ਜਾਉਣਾ ਚਾਹੁੰਦੇ ਹਨ।
ਕਈ ਸੈਂਟਰਾਂ ਵਿੱਚ ਲੋਕਾਂ ਨੂੰ 15 ਮਿਨਟ ਤੋਂ ਲੈ ਕੇ 2 ਘੰਟਿਆਂ ਤੱਕ ਵੀ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਇਸੇ ਕਾਰਵਾਈ ਦੌਰਾਨ ਕਈ ਟੈਸਟਿੰਗ ਸੈਂਟਰਾਂ ਦੀਅ ਸਮਰੱਥਾ ਵੱਧ ਜਾਣ ਕਾਰਨ, ਫੌਰੀ ਤੌਰ ਤੇ ਉਨ੍ਹਾਂ ਨੂੰ ਬੰਦ ਵੀ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਵਿੱਚ ਮੈਲਬੋਰਨ ਦੇ ਨਾਲ ਲਗਦੇ ਘੱਟੋ ਘੱਟ 10 ਸੈਂਟਰ ਸ਼ਾਮਿਲ ਹਨ।
ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਲੋਕਾ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਰਾਜ ਵਿੱਚ ਕਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਵੀ 1302 ਮਾਮਲੇ ਦਰਜ ਹੋਏ ਹਨ ਪਰੰਤੂ ਕਿਸੇ ਵੀ ਮੌਤ ਦੀ ਸੂਚਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੀਤੇ ਅਕਤੂਬਰ ਦੇ ਮਹੀਨੇ ਤੋਂ ਟੈਸਟਿੰਗ ਸੈਂਟਰਾਂ ਦੀ ਸਮਰੱਥਾ 55% ਤੱਕ ਵਧਾਈ ਵੀ ਗਈ ਹੈ ਅਤੇ ਇਸ ਸਮੇਂ ਰਾਜ ਵਿੱਚ 260 ਟੈਸਟਿੰਗ ਅਦਾਰੇ ਕੰਮ ਕਰ ਰਹੇ ਹਨ ਅਤੇ ਲੋਕਾਂ ਲਈ ਕਰੋਨਾ ਟੈਸਟਿੰਗ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਰਾਜ ਵਿੱਚ ਇਸ ਸਮੇਂ 13175 ਕਰੋਨਾ ਦੇ ਚਲੰਤ ਮਾਮਲੇ ਹਨ। ਹਸਪਤਾਲਾਂ ਵਿੱਚ 406 ਕਰੋਨਾ ਪੀੜਿਤ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 81 ਆਈ.ਸੀ.ਯੂ. ਵਿੱਚ ਹਨ ਜਦੋਂ ਕਿ 43 ਮਰੀਜ਼ ਵੈਂਟੀਲੇਟਰਾਂ ਉਪਰ ਹਨ।

Install Punjabi Akhbar App

Install
×