30 ਜਨਵਰੀ 2013 ਦੀ ਰਾਤ ਨੂੰ ਇਥੇ ਇਕ 22 ਸਾਲਾ ਭਾਰਤੀ ਮੂਲ ਦੇ ਫੀਜ਼ੀਅਨ ਨੌਜਵਾਨ ਸ਼ਲਵਿਨ ਪ੍ਰਸਾਦ (ਵਾਸੀ ਬੌਟਨੀ) ਦੀ ਜਲੀ ਹੋਈ ਲਾਸ਼ ਕਿੰਗਸੀਟ ਕਰਾਕਾ ਖੇਤਰ ਦੇ ਵਿਚ ਮਿਲੀ ਸੀ। ਪੁਲਿਸ ਨੇ ਇਸ ਸਬੰਧ ਵਿਚ ਦੋ ਵਿਅਕਤੀਆਂ ਬ੍ਰੇਨ ਪਰਮਲ 22 ਅਤੇ ਸ਼ਿਵਨੀਲ ਕੁਮਾਰ 20 ਨੂੰ ਗ੍ਰਿਫਤਾਰ ਕੀਤਾ ਹੋਇਆ ਸੀ। ਅੱਜ ਅਦਾਲਤ ਦੇ ਵਿਚ ਇਸ ਜੋੜੇ ਨੇ ਮੰਨਿਆ ਕਿ ਕਤਲ ਤੋਂ ਬਾਅਦ ਉਹ ਚਕਲਾ ਘਰ ਗਏ ਸਨ। ਸਰਕਾਰੀ ਵਕੀਲ ਨੇ ਦੱਸਿਆ ਕਿ ਸ਼ਿਵਲੀਨ ਕੁਮਾਰ ਨੇ ਪਰਮਲ ਨੂੰ ਇਹ ਸਾਰਾ ਕੁਝ ਕਰਨ ਲਈ ਉਕਸਾਇਆ ਸੀ ਤੇ ਇਸ ਕੰਮ ਬਦਲੇ ਉਸਨੇ 4000 ਡਾਲਰ ਪਰਮਲ ਨੂੰ ਦਿੱਤੇ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਦਿਨ ਵੇਲੇ ਇਨ੍ਹਾਂ ਦੋਸ਼ੀਆਂ ਨੇ ਮ੍ਰਿਤਕ ਸ਼ਲਵਿਨ ਪ੍ਰਸਾਦ ਕੋਲੋਂ ਉਸਦੇ ਸੇਵਿੰਗ ਦੇ 30,050 ਡਾਲਰ ਲੈ ਲਏ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਦੀ ਟੈਲੀਫੋਨ ਦੀ ਗੱਲਬਾਤ ਵੀ ਹਾਸਿਲ ਕਰ ਲਈ ਸੀ, ਜਿਸ ਦੇ ਵਿਚ ਇਨ੍ਹਾਂ ਨੇ ਸਾਵਧਾਨ ਰਹਿਣ ਦੀ ਗੱਲ ਆਖੀ ਸੀ। ਜਦ ਕਿ ਕਤਲ ਤੋਂ ਬਾਅਦ ਪੁਲਿਸ ਨੂੰ ਦਿੱਤੀ ਇੰਟਰਵਿਊ ਵਿਚ ਪਰਮਲ ਨੇ ਕਿਹਾ ਸੀ ਕਿ ਉਹ ਤਾਂ ਮ੍ਰਿਤਕ ਨੂੰ ਜਾਣਦਾ ਤੱਕ ਨਹੀਂ। ਇਸ ਨੇ ਅਗਲੇ ਹੀ ਦਿਨ ਸਾਊਥ ਅਫਰੀਕਾ ਜਾਣ ਵਾਸਤੇ ਟਰੈਵਲ ਏਜੰਟ ਨੂੰ ਕਿਹਾ ਸੀ ਕਿ ਉਸਦੀ ਪਤਨੀ ਆਈ. ਸੀ. ਯੂ. ਵਿਚ ਹੈ। ਇਸ ਕੇਸ ਦੀ ਕਾਰਵਾਈ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਫੈਸਲਾ ਹੋਵੇਗਾ।