ਹੁਣ ਪੰਜਾਬ ਵਿਧਾਨ ਸਭਾ ‘ਚ ਗੂੰਜ਼ੇਗਾ ਦਵਾਈਆਂ ਵਿੱਚ ਲੋਕਾਂ ਦੀ ਹੋ ਰਹੀ ਅੰਨੀ ਲੁੱਟ ਦਾ ਮੁੱਦਾ: ਚੰਦਬਾਜਾ

ਸਪੀਕਰ ਸੰਧਵਾਂ ਨੇ ਅੱਜ ਵਿਧਾਨ ਸਭਾ ਵਿੱਚ ਸੱਦੀ ਉੱਚ ਪੱਧਰੀ ਮੀਟਿੰਗ

(ਫਰੀਦਕੋਟ) :- ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਐਥੀਕਲ ਅਤੇ ਜੈਨਰਿਕ ਦਵਾਈਆਂ ਤੇ ਕੰਪਨੀਆਂ ਵੱਲੋਂ ਮਨਮਰਜ਼ੀ ਦੇ ਰੇਟ ਪ੍ਰਿੰਟ ਕਰਨ ਅਤੇ ਅਸਲ ਕੀਮਤ ਨਾਲੋਂ ਕਈ ਗੁਣਾ ਵੱਧ ਰੇਟ ‘ਤੇ ਵੇਚ ਕੇ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਜਲਦ ਹੀ ਪੰਜਾਬ ਵਿਧਾਨ ਸਭਾ ‘ਚ ਗੂੰਜ਼ਦਾ ਸੁਣਾਈ ਦੇਵੇਗਾ। ਇਸ ਸਬੰਧੀ ਲੰਮੇ ਸਮੇਂ ਤੋਂ ਦਵਾਈਆਂ ਦੇ ਐੱਮ.ਆਰ.ਪੀ. ਠੀਕ ਕਰਵਾਉਣ ਲਈ ਲੜਾਈ ਲੜ ਰਹੀ ਸਮਾਜਸੇਵੀ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਕਰੀਬ ਇੱਕ ਮਹੀਨਾ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਨੂੰ ਮੰਗ ਪੱਤਰ ਦੇ ਕੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਸਪੀਕਰ ਸੰਧਵਾਂ ਦੇ ਦਫਤਰ ਵਲੋਂ ਜਾਰੀ ਪੱਤਰ ਅਨੁਸਾਰ 21 ਫਰਵਰੀ ਦਿਨ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਇਸ ਮੁੱਦੇ ਤੋਂ ਜਾਣੂ ਕਰਵਾਉਣ ਅਤੇ ਮਸਲੇ ਦੇ ਹੱਲ ਲਈ ਵਿਧਾਨ ਸਭਾ ਦੇ ਅੰਦਰ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ, ਜਿਸ ‘ਚ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ, ਸੰਸਦੀ ਮਾਮਲੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ, ਡਿਪਟੀ ਸਪੀਕਰ ਜੈ ਸਿੰਘ ਰੌੜੀ, ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਉਦਯੋਗ ਤੇ ਵਪਾਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਮਿਸ਼ਨ ਡਾਇਰੈਕਟਰ ਐਨ.ਐਚ.ਐਮ., ਡਾਇਰੈਕਟਰ ਉਦਯੋਗ ਅਤੇ ਵਪਾਰ ਪੰਜਾਬ, ਡਰੱਗ ਕੰਟਰੋਲਰ ਪੰਜਾਬ, ਡਾਇਰੈਕਟਰ ਪੀਜੀਆਈ ਚੰਡੀਗੜ੍ਹ ਅਤੇ ਬਠਿੰਡਾ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ, ਪ੍ਰਧਾਨ ਆਈਐਮਏ ਪੰਜਾਬ ਅਤੇ ਚੰਡੀਗੜ੍ਹ, ਪ੍ਰਧਾਨ ਫਾਰਮੇਸੀ ਕੌਂਸਲ ਪੰਜਾਬ, ਚੇਅਰਮੈਨ ਹੋਮਿਓਪੈਥੀ ਕੌਂਸਲ, ਚੇਅਰਮੈਨ ਰੈਡ ਕਰਾਸ ਸੁਸਾਇਟੀ ਪੰਜਾਬ, ਡਾਇਰੈਕਟਰ ਅਤੇ ਚੇਅਰਮੈਨ ਡੀਐਮਸੀ ਅਤੇ ਸੀਐਮਸੀ ਲੁਧਿਆਣਾ, ਡਾ. ਬਿਸ਼ਵ ਮੋਹਨ, ਡਾ. ਗਗਨਦੀਪ ਸਿੰਘ, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਰੂਰਲ ਐਨ.ਜੀ.ਓ. ਮੋਗਾ ਦੇ ਚੀਫ ਪੈਟਰਨ ਅਤੇ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਸਮਾਜਸੇਵੀ ਡਾ. ਮਨਜੀਤ ਜੌੜਾ, ਸਮਾਜਸੇਵੀ ਗੁਰਵਿੰਦਰ ਸ਼ਰਮਾ ਬਠਿੰਡਾ, ਐਡਵੋਕੇਟ ਐੱਚ.ਸੀ. ਅਰੋੜਾ ਤੋਂ ਇਲਾਵਾ ਕਈ ਦਵਾਈ ਕੰਪਨੀਆਂ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਵੀ ਬੁਲਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਸੁਸਾਇਟੀ ਵਲੋਂ ਲੰਬੇ ਸਮੇਂ ਤੋਂ ਇਹ ਲੜਾਈ ਲੜੀ ਜਾ ਰਹੀ ਹੈ, ਜਿਸ ‘ਚ ਕੈਂਸਰ ਦੀਆਂ 42 ਤਰ੍ਹਾਂ ਦੀਆਂ ਦਵਾਈਆਂ ਦੇ ਰੇਟ ਘੱਟ ਕੀਤੇ ਗਏ ਸਨ। ਹਾਲੇ ਵੀ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ, ਜਿੰਨ੍ਹਾਂ ਦੇ ਪ੍ਰਿੰਟ ਰੇਟ ਅਤੇ ਅਸਲ ਕੀਮਤ ‘ਚ ਜਮੀਨ ਆਸਮਾਨ ਦਾ ਫਰਕ ਹੈ, ਜਿਸ ਕਾਰਨ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਜੋ ਦਵਾਈ ਬਜਾਰ ‘ਚੋਂ 7500 ਰੁਪਏ ਦੀ ਮਿਲ ਰਹੀ ਹੈ, ਉਸਦਾ ਐੱਮਐੱਸਪੀ ਅਰਥਾਤ ਪ੍ਰਿੰਟ ਰੇਟ 42,566 ਹੈ, 950 ਵਾਲੀ ਦਵਾਈ ਦਾ ਪ੍ਰਿੰਟ 9900 ਰੁਪਏ, 20 ਰੁਪਏ ਵਾਲੀ ਦਵਾਈ ਦਾ ਪ੍ਰਿੰਟ 138 ਰੁਪਏ ਅਤੇ 1230 ਰੁਪਏ ਵਾਲੀ ਦਵਾਈ ਦਾ ਪ੍ਰਿੰਟ ਰੇਟ 12,500 ਰੁਪਏ ਹੈ, ਜੋ ਕਿ ਆਮ ਲੋਕਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਆਮ ਲੋਕਾਂ, ਕੈਮਿਸਟਾਂ ਅਤੇ ਡਾਕਟਰਾਂ ਨੂੰ ਵੀ ਇਸ ਜਾਇਜ ਲੜਾਈ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ।