ਆਹ ਚੰਗੀ ਗੱਲ! ਅਖੇ ਕਲੱਬ ਸਭ ਦਾ ਸਾਂਝਾ ਪਰ ਆਓ ਨੰਗੇ ਸਿਰ: ਨਿਊਜ਼ੀਲੈਂਡ ਦੇ ਵਿਚ ਸਿੱਖ ਨੌਜਵਾਨ ਨੂੰ ਦਸਤਾਰ ਸਜਾਈ ਹੋਣ ਕਰਕੇ ਕੋਜ਼ੀ ਕਲੱਬ ਅੰਦਰ ਲੰਚ ਕਰਨ ਤੋਂ ਰੋਕਿਆ ਗਿਆ

NZ PIC 18 June-1ਇਥੋਂ ਦੇ ਇਕ ਸ਼ਹਿਰ ਮੈਨੁਰੇਵਾ ਜਿੱਥੇ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਹੈ ਵਿਖੇ ‘ਕੌਜ਼ਮੋਪੌਲਿਟਨ ਕਲੱਬ’ (ਕੋਜ਼ੀ ਕਲੱਬ) ਜਿਸ ਦਾ ਅਰਥ ਹੈ ਸਭ ਲਈ ਸਾਂਝਾਂ ਅਤੇ ਬਿਨਾਂ ਕਿਸੇ ਧਾਰਮਿਕ ਤੇ ਸਭਿਆਚਾਰਕ ਵਖਰੇਵੇਂ ਵਾਲਾ ਕਲੱਬ ਉਂਜ ਤਾਂ ਸਭ ਦਾ ਸਵਾਗਤ ਕਰਦਾ ਹੈ ਪਰ ਸ਼ਰਤ ਇਹ ਰੱਖਦਾ ਹੈ ਕਿ ਜੇ ਕਿਸੇ ਨੇ ਕੁਝ ਖਾਣ-ਪੀਣ ਅੰਦਰ ਆਉਣਾ ਹੈ ਤਾਂ ਆਪਣਾ ਸਿਰ ਨੰਗਾ ਰੱਖ ਕੇ ਆਵੇ। ਬੀਤੇ ਮੰਗਲਵਾਰ ਜਦੋਂ ਇਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ (ਜਲਾਲਾਬਾਦ-ਫਿਰੋਜ਼ਪੁਰ) ਜੋ ਕਿ 2008 ਦੇ ਵਿਚ ਇਥੇ ਪੜ੍ਹਾਈ ਦੇ ਤੌਰ ‘ਤੇ ਆਇਆ ਸੀ ਅਤੇ ਹੁਣ ਰੀਅਲ ਇਸਟੇਟ ਕੰਪਨੀ ਦੇ ਵਿਚ ਕੰਮ ਕਰ ਰਿਹਾ ਹੈ, ਆਪਣੇ ਬਾਕੀ ਸਾਥੀਆਂ ਨਾਲ ਇਕ ਮੀਟਿੰਗ ਕਰਨ ਬਾਅਦ ਨਾਲ ਲਗਦੇ ਕੋਜ਼ੀ ਕਲੱਬ ਮੈਨੁਰੇਵਾ ਵਿਖੇ ਲੰਚ ਕਰਨ ਪਹੁੰਚੇ ਤਾਂ ਕਲੱਬ ਵਾਲਿਆਂ ਨੇ ਕਿਹਾ ਕਿ ਇਸ ਕਲੱਬ ਦਾ ਰੂਲ ਹੈ ਕਿ ਕੋਈ ਵੀ ਅੰਦਰ ਸਿਰ ਆਦਿ ਢੱਕ ਕੇ ਨਹੀਂ ਆ ਸਕਦਾ। ਯਾਨਿ ਕਿ ਕੋਈ ਵੀ ‘ਹੈਡਗੀਅਰ’ ਪਹਿਨਣ ਦੀ ਇਜ਼ਾਜਤ ਨਹੀਂ ਹੈ। ਇਸ ਸਿੱਖ ਨੌਜਵਾਨ ਨੇ ਆਪਣੇ ਧਾਰਮਿਕ ਲਿਬਾਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਕ ਸਿੱਖ ਪੱਗ ਲਾਹ ਕੇ ਇਸ ਤਰ੍ਹਾਂ ਨਹੀਂ ਜਾ ਸਕਦਾ ਪਰ ਉਨ੍ਹਾਂ ਨੇ ਸਪਸ਼ਟ ਕਹਿ ਦਿੱਤਾ ਕਿ ਇਸ ਕਲੱਬ ਦਾ ਰੂਲ ਹੈ, ਜੇਕਰ ਉਨ੍ਹਾਂ ਨੂੰ ਮੰਜ਼ੂਰ ਹੈ ਤਾਂ ਅੰਦਰ ਆ ਸਕਦੇ ਹਨ। ਰੀਅਲ ਇਸਟੇਟ ਦੇ ਬਾਕੀ ਮੈਂਬਰਾਂ ਵੀ ਇਸ ਗੱਲ ਉਤੇ ਤਰਕ ਪੇਸ਼ ਕੀਤੇ ਪਰ ਉਹ ਨਾ ਮੰਨੇ ਅਤੇ ਇਹ ਸਾਰੇ ਬਿਨਾਂ ਲੰਚ ਕੀਤਿਆਂ ਉਥੋਂ ਵਾਪਿਸ ਆ ਗਏ। ਇਸ ਤੋਂ ਬਾਅਦ ਇਸ ਨੌਜਵਾਨ ਨੇ ਹਿਊਮਨ ਰਾਇਟਸ ਕੋਲ ਅਤੇ ਨਿਊਜ਼ੀਲੈਂਡ ਦੇ ਮੀਡੀਆ ਦੇ ਵਿਚ ਇਹ ਗੱਲ ਲਿਆਂਦੀ। ਅੱਜ ਫੇਸ ਬੁੱਕ ਉਤੇ ਨਸ਼ਰ ਹੋਈ ਖਬਰ ਦੇ ਵਿਚ ਬਹੁਤੇ ਲੋਕਾਂ ਦੇ ਕਲੱਬ ਦੇ ਵਿਰੋਧ ਵਿਚ ਕੁਮੈਂਟ ਪੜ੍ਹਨ ਨੂੰ ਮਿਲੇ ਜਦ ਕਿ ਕੁਝ ਨੇ ਆਖਿਆ ਕਿ ਜੇਕਰ ਨਿਊਜ਼ੀਲੈਂਡ ਰਹਿਣਾ ਹੈ ਤਾਂ ਉਸਦੇ ਰੂਲ ਅਨੁਸਾਰ ਹੀ ਰਹਿਣਾ ਪਵੇਗਾ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 2010 ਦੇ ਵਿਚ ਇਸੇ ਕਲੱਬ ਨੇ ਸ. ਕਰਨੈਲ ਸਿੰਘ ਨੂੰ ਦਸਤਾਰ ਪਹਿਨੀ ਹੋਣ ਕਰਕੇ ਇਕ ਸਮਾਗਮ ਦੇ ਵਿਚ ਨਹੀਂ ਸੀ ਜਾਣ ਦਿੱਤਾ। ਉਸ ਕੇਸ ਦੇ ਵਿਚ ਵੀ ਬਹੁਤ ਕੁਝ ਹੁੰਦਾ ਰਿਹਾ ਪਰ ਕਲੱਬ ਨੇ ਆਪਣੇ ਰੂਲ ਨਹੀਂ ਬਦਲੇ। ਰਾਸ਼ਟਰੀ ਅਖਬਾਰ ਵੱਲੋਂ ਇਸ ਮਾਮਲੇ ਵਿਚ ਕਰਵਾਈ ਗਈ ਵੋਟਿੰਗ ਦੇ ਵਿਚ ਹੁਣ ਤੱਕ 58% ਲੋਕਾਂ ਨੇ ਕਲੱਬ ਦੇ ਵਿਰੋਧ ਵਿਚ ਵੋਟ ਦਿਤੀ ਜਦ ਕਿ 40% ਨੇ ਕਲੱਬ ਦੇ ਹੱਕ ਵਿਚ ਵੋਟ ਦਿੱਤੀ। 2% ਨੇ ਇਸ ਮਾਮਲੇ ਵਿਚ ਕਿਸੇ ਪਾਸੇ ਨਾ ਹੋਣ ਬਾਰੇ ਵੋਟ ਦਿੱਤੀ।
ਸ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਨੂੰ ਉਜਾਗਰ ਕਰਨ ਦਾ ਉਨ੍ਹਾਂ ਦਾ ਮੰਤਵ ਇਹ ਹੈ ਕਿ ਇਸ ਦੇਸ਼ ਨੂੰ ਬਹੁ ਸਭਿਆਚਾਰਕ ਲੋਕਾਂ ਨੂੰ ਇਕੋ ਜਿਹੇ ਅਧਿਕਾਰ ਦੇਣ ਵਾਲਾ ਮੁਲਕ ਮੰਨਿਆ ਜਾਂਦਾ ਹੈ ਪਰ ਕੁਝ ਕੁ ਥਾਵਾਂ ਉਤੇ ਅਜਿਹਾ ਹੋ ਜਾਂਦਾ ਹੈ ਜਿੱਥੇ ਨਸਲੀ ਭੇਦ-ਭਾਵ ਦਾ ਪ੍ਰਤੱਖ ਰੂਪ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਹਿਊਮਨ ਰਾਈਟਸ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਰਮ ਦੇ ਵਿਚ ਪੱਗ ਦੀ ਖਾਸ ਮਹਾਨਤਾ ਹੈ ਅਤੇ ਇਸ ਨੂੰ ਜਨਤਕ ਥਾਵਾਂ ਉਤੇ ਲਾਹੁਣਾ ਇਕ ਸਿੱਖ ਲਈ ਮੰਜੂਰ ਨਹੀਂ ਹੈ, ਸੋ ਇਸ ਮਾਮਲੇ ਵਿਚ ਪੈ ਕੇ ਅੱਗੋਂ ਵਾਸਤੇ ਕੁਝ ਹੱਲ ਕੱਢਿਆ ਜਾਵੇ।

Install Punjabi Akhbar App

Install
×