ਕਾਂਟਾਜ਼ ਦੀ ਫਲਾਈਟ ਤੇ ਚੜ੍ਹਨ ਸਮੇਂ ਕਰੋਨਾਵਾਇਰਸ ਦਾ ਟੀਕਾ ਜ਼ਰੂਰੀ -ਐਲਨ ਜਾਇਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਂਟਾਜ਼ ਦੇ ਸੀ.ਈ.ਓ. ਐਲਨ ਜਾਇਸ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੇਸ਼ ਅੰਦਰ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀ ਅਤੇ ਜਾਂ ਫੇਰ ਉਹ ਲੋਕ ਜੋ ਆਸਟ੍ਰੇਲੀਆ ਤੋਂ ਬਾਹਰ ਜਾ ਰਹੇ ਹੋਣਗੇ, ਕਾਂਟਾਜ਼ ਦੀ ਫਲਾਈਟ ਵਿੱਚ ਚੜ੍ਹਨ ਸਮੇਂ ਉਨ੍ਹਾਂ ਨੂੰ ਪ੍ਰਮਾਣਿਕ ਕਰਨਾ ਪਵੇਗਾ ਕਿ ਉਨ੍ਹਾਂ ਨੇ ਕਰੋਨਾਵਾਇਰਸ ਦਾ ਟੀਕਾ ਲਗਵਾਇਆ ਹੋਇਆ ਹੈ ਅਤੇ ਇਹ ਸਭ ਨਵੀਆਂ ਨਿਯਮਾਂਵਲੀਆਂ ਦੇ ਤਹਿਤ ਕੀਤਾ ਜਾ ਰਿਹਾ ਹੈ। ਕੌਮੀ ਪੱਧਰ ਉਪਰ ਘਰੇਲੂ ਫਲਾਈਟਾਂ ਬਾਰੇ ਉਨ੍ਹਾਂ ਦੱਸਿਆ ਕਿ ਇਹ ਮੌਕੇ ਉਪਰ ਦੇਸ਼ ਅੰਦਰਲੀ ਸਥਿਤੀਆਂ ਨੂੰ ਵਾਚਣ ਤੇ ਮਿੱਥਿਆ ਜਾਵੇਗਾ ਅਤੇ ਇਸ ਦੇ ਨਾਲ ਨਾਲ ਮਾਰਕਿਟ ਦੀ ਸਥਿਤੀ ਵੀ ਨਜ਼ਰ-ਅੰਦਾਜ਼ ਨਹੀਂ ਕੀਤੀ ਜਾ ਸਕਦੀ। ਉਧਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਖੁਲ੍ਹਾ ਐਲਾਨ ਕੀਤਾ ਹੈ ਕਿ ਸਾਰੇ ਹੀ ਆਸਟ੍ਰੇਲੀਆਈਆਂ ਨੂੰ ਕਰੋਨਾ ਦੀ ਵੈਕਸੀਨ ਮੁਫ਼ਤ ਦਿੱਤੀ ਜਾਵੇਗੀ ਅਤੇ ਇਹ ਕਾਰਜ 2021 ਦੇ ਆਰੰਭ ਵਿੱਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਕਸਫਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਜਾ ਰਹੀ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਅਸਰਦਾਰ ਹੋਵੇਗੀ ਤਾਂ ਉਨ੍ਹਾਂ ਦਾ ਟੀਚਾ ਦੇਸ਼ ਅੰਦਰ ਨਾਗਰਿਕਾਂ ਦੇ ਟੀਕਾਕਰਣ ਲਈ 95% ਪਹਿਲਾਂ ਹੀ ਮਿੱਥ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਵੈਕਸੀਨ ਦਾ ਟ੍ਰਾਇਲ ਬ੍ਰਿਟਿਸ਼ ਦੀ ਡਰੱਗ ਕੰਪਨੀ ਐਸਟਰਾਜੈਨੇਕਾ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ।

Install Punjabi Akhbar App

Install
×