
(ਦ ਏਜ ਮੁਤਾਬਿਕ) ਵੇਸਟ ਵਾਟਰ ਅਤੇ ਸੀਵੇਜ ਵਿੱਚ ਕਰੋਨਾ ਦੇ ਜੀਵਾਣੂਆਂ ਨੂੰ ਚੈਕ ਕਰ ਰਹੀ ਸਿਹਤ ਅਧਿਕਾਰੀਆਂ ਦੀ ਟੀਮ ਦੇ ਮੁਖੀ ਡਾ. ਜੋਰੇਨ ਵੇਮਰ ਨੇ ਮੈਲਬੋਰਨ ਤੋਂ 204 ਕਿ. ਮੀਟਰ ਦੀ ਦੂਰੀ ਉਪਰ ਉਤਰ-ਪੱਛਮ ਵਿੱਚ ਸਥਿਤ ‘ਅਰਾਰਾਤ’ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਆਪਣਾ ਕੋਵਿਡ-19 ਟੈਸਟ ਕਰਵਾਉਣ ਕਿਉਂਕਿ ਸਿਹਤ ਅਧਿਕਾੀਰਆਂ ਨੂੰ ਇੱਥੋਂ ਦੇ ਸੀਵੇਜ ਦੀ ਟੈਸਟਿੰਗ ਅੰਦਰ ਕਰੋਨਾ ਦੇ ਜੀਵਾਣੂ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜੀਵਾਣੂ ਕਿਸੇ ਪਹਿਲਾਂ ਤੋਂ ਹੀ ਸਥਾਪਿਤ ਵਿਅਕਤੀ ਦੇ ਅੰਦਰੋਂ ਆਇਆ ਵੀ ਹੋ ਸਕਦਾ ਹੈ ਅਤੇ ਜਾਂ ਫੇਰ ਕਿਸੇ ਨਵੇਂ ਮਾਮਲੇ ਦੀ ਆਮਦ ਵੀ ਹੋ ਸਕਦੀ ਹੈ ਇਸ ਲਈ ਸਭ ਨੂੰ ਅਪੀਲ ਹੈ ਕਿ ਉਹ ਤੁਰੰਤ ਆਪਣਾ ਟੈਸਟ ਕਰਵਾਉਣ। ਉਨ੍ਹਾਂ ਦੱਸਿਆ ਕਿ SARS-CoV-2 ਜੀਵਾਣੂ ਜਿਹੜਾ ਕਿ ਕਰੋਨਾ ਵਾਇਰਸ ਦਾ ਜਨਮਦਾਤਾ ਮੰਨਿਆ ਜਾਂਦਾ ਹੈ, ਸਥਾਨਕ ਇਲਾਕਿਆਂ, ਕੋਲੈਕ, ਗਿਸਬੋਰਨ, ਕਿਲਮੌਰੇ ਅਤੇ ਸ਼ੈਪਰਟਨ ਦੇ ਵੇਸਟ ਪਾਣੀ ਅਤੇ ਸੀਵੇਜ ਅੰਦਰੋਂ ਮਿਲਿਆ ਹੈ। ਇਨ੍ਹਾਂ ਇਲਾਕਿਆਂ ਦੇ ਨਾਲ ਨਾਲ -ਬਾਚੂਜ਼ ਮਾਰਸ਼, ਬਰੇਨਜ਼ਡੇਲ, ਕੌਜ਼, ਗਿਸਬੋਰਨ, ਹੈਮਿਲਟਨ, ਹੋਰਸ਼ਾਮ, ਕਿਲਮੋਰੇ, ਮੈਲਟੋਨ, ਪੋਰਟਲੈਂਡ ਅਤੇ ਵਾਰਨਾਮਬੂਲ ਜਿਹੇ ਖੇਤਰਾਂ ਵਿੱਚ ਵੀ ਅਜਿਹੇ ਸੀਵੇਜ ਟੈਸਟਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅੱਜ 23 ਅਕਤੂਬਰ ਤੋਂ 25 ਅਕਤੂਬਰ ਤੱਕ ਗਿਲਡਰਸਟੋਨ ਸਟਰੀਟ (ਅਰਾਰਾਤ) ਖੇਤਰ ਵਿੱਚ ਪੂਰਬੀ ਗ੍ਰੈਂਪੇਨਜ਼ ਸਿਹਤ ਸੇਵਾਵਾਂ ਦੁਆਰਾ ਟੈਸਟਿੰਗ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਹ ਸਵੇਰੇ 9:30 ਤੋਂ ਸ਼ਾਮ ਦੇ 5 ਵਜੇ ਤੱਕ ਖੁਲੀਆਂ ਰਹਿਣਗੀਆਂ। ਜ਼ਿਆਦਾ ਜਾਣਕਾਰੀ https://www.dhhs.vic.gov.au/where-get-tested-covid-19 ਉਪਰ ਵਿਜ਼ਿਟ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।