ਕਰੋਨਾ ਵਾਇਰਸ ਖ਼ਾਤਮੇ ਦੇ ਮੌਜੂਦਾ ਦਾਅਵੇ ਅਜੇ ਖੋਖਲ਼ੇ ਕਿਉਂ?

ਸਮੁੱਚਾ ਵਿਸ਼ਵ ਇਸ ਸਮੇਂ ਕਰੋਨਾ ਮਹਾਂਮਾਰੀ ਦੀ ਗੰਭੀਰ ਮਾਰ ਹੇਠ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ ਅਤੇ ਅੱਜ ਵਿਸ਼ਵ-ਵਿਆਪੀ ਮਹਾਂਮਾਰੀ ਬਣઠਦੁਨੀਆ ਦੇ ਬਹੁਤੇ ਦੇਸਾਂ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਵਸਨੀਕਾਂ ਦੀ ਸਿਹਤਯਾਬੀ ਲਈ ਫ਼ਿਕਰਮੰਦ ਹਨ। ਚੀਨ ਦੇਸ਼ ਤੋਂ ਬਾਅਦ ਇਟਲੀ, ਈਰਾਨ, ਸਪੇਨ, ਦੱਖਣੀ ਕੋਰੀਆ, ਫਰਾਂਸ, ਜਰਮਨੀ, ਇੰਗਲੈਂਡ, ਕਤਰ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਸਮੁੱਚੇ ਯੂਰਪ ਤੋਂ ਬਾਅਦ ਹੁਣ ਭਾਰਤ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਪਰ, ਇਸ ਮਹਾਂਮਾਰੀ ਦੇ ਚੱਲਦਿਆਂઠ
ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਬਹੁਤ ਸਵਾਲ ਉੱਠ ਰਹੇ ਹਨ। ਕਈ ਥਾਵਾਂ ‘ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗਰਮ ਮੌਸਮ ਦੀ ਮਦਦ, ਸੂਰਜ ਦੀ ਰੌਸ਼ਨੀ, ਗਰਮ ਪਾਣੀ ਪੀਣ ਅਤੇ ਨਹਾਉਣ ਨਾਲ, ਗਊ-ਮੂਤਰ ਪੀਣ ਨਾਲ, ਗੋਬਰ ਦੇ ਲੇਪ ਨਾਲ, ਪਿਆਜ਼ ਅਤੇ ਲਸਣ ਖਾਣ ਨਾਲ ਅਤੇ ਆਈਸਕ੍ਰੀਮ, ਚਿਕਨ, ਅੰਡੇ ਨਾ ਖਾਣ ਨਾਲ ਕਰੋਨਾ ਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਲੰਘੇ ਕੁੱਝ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਇਹਨਾਂ ਉਪਰੋਕਤ ਦਾਅਵਿਆਂ ਦਾ ਜ਼ੋਰ ਚੱਲ ਰਿਹਾ ਹੈ। ਇਹਨਾਂ ਦਾਅਵਿਆਂ ਨੂੰ ਯਕੀਨੀ ਬਣਾਉਣ ਲਈ ਯੂਨਿਸੈਫ਼ ਦੇ ਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪਰ, ਯੂਨਿਸੈਫ਼ ਦੇ ਲਈ ਕੰਮ ਕਰਨ ਵਾਲੀ ਸ਼ਾਰਲੇਟ ਗੋਨਿਰਜ਼ਕ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠ ਕਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਰੋਨਾ ਵਾਇਰਸ ਪੀੜਤ ਮਨੁੱਖ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ 3,000 ਨਾਲੋਂ ਜ਼ਿਆਦਾ ਕਣ ਉਸਦੇ ਥੁੱਕ ਜ਼ਰੀਏ ਸਰੀਰ ਤੋਂ ਬਾਹਰ ਨਿਕਲਦੇ ਹਨ ਤੇ ਹਵਾ ਵਿਚ ਫੈਲ ਜਾਂਦੇ ਹਨ। ਇਨ੍ਹਾਂ ਕਣਾਂ ਕਰਕੇ ਕਰੋਨਾ ਵਾਇਰਸ ਫੈਲਦਾ ਹੈ। ਪੀੜਤ ਵਿਅਕਤੀ ਦੇ ਨੇੜੇ ਜਾਣ ਨਾਲ ਹਵਾ ਦੇ ਜ਼ਰੀਏ ਇਹ ਕਣ ਸਰੀਰ ਵਿਚ ਦਾਖਲ ਹੋ ਸਕਦੇ ਹਨ। ਕਦੇ-ਕਦੇ ਇਹ ਕਣ ਕੱਪੜਿਆਂ, ਦਰਵਾਜ਼ੇ ਦੇ ਹੈਂਡਲ ਜਾਂ ਹੋਰ ਸਮਾਨ ਉੱਤੇ ਵੀ ਗਿਰ ਸਕਦੇ ਹਨ। ਇਸ ਥਾਂ ‘ਤੇ ਹੱਥ ਲਾਉਣ ਨਾਲ ਕਿਸੇ ਵੀ ਹੋਰ ਵਿਅਕਤੀ ਦੇ ਅੱਖ, ਨੱਕ ਤੇ ਮੂੰਹ ਛੂਹਣ ਨਾਲ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਮੁਤਾਬਿਕ ਕਣਾਂ ਵਿਚ ਵਾਇਰਸ 3 – 4 ਘੰਟੇ ਤੱਕ ਜਿੰਦਾ ਰਹਿ ਸਕਦੇ ਹਨ ਤੇ ਹਵਾ ਵਿਚ ਤੈਰ ਸਕਦੇ ਹਨ। ਪਰ ਇਹ ਕਣ ਬਾਹਰੀ ਸਤਾਵਾਂ ਦਰਵਾਜ਼ੇ ਦੇ ਹੈਂਡਲ, ਲਿਫ਼ਟ ਦੇ ਬਟਨ ਆਦਿ ਦੇ ਪਰਤ ‘ਤੇ ਹੋਣ ਤਾਂ ਇਹ ਦੋ ਦਿਨਾਂ ਤੱਕ ਐਕਟਿਵ ਰਹਿ ਸਕਦੇ ਹਨ।
ਜੇਕਰ ਕਣ ਸਟੀਲ ਦੇ ਪਰਤ ਉੱਤੇ ਡਿੱਗਿਆ ਹੋਵੇ, ਤਾਂ 2 ਤੋਂ 3 ਦਿਨ ਜਿਉਂਦੇ ਰਹਿ ਸਕਦੇ ਹਨ ਅਤੇ ਕਈ ਹਾਲਤਾਂ ‘ਚ ਪੂਰਾ ਹਫ਼ਤਾ ਵੀ ਜਿਉਂਦੇ ਰਹਿ ਸਕਦੇ ਹਨ। ਹਾਂ, ਕੱਪੜਿਆਂ ਆਦਿઠ ਉੱਤੇ ਕਰੋਨਾ ਵਾਇਰਸ ਬਹੁਤੀ ਦੇਰ ਜਿੰਦਾ ਨਹੀਂ ਰਹਿ ਸਕਦਾ।
ਸਿਰਫ਼ ਕਿਸੇ ਦੂਸ਼ਿਤ ਪਰਤ ਨੂੰ ਛੂਹ ਕੇ ਤੁਹਾਨੂੰ ਇਹ ਲਾਗ ਨਹੀਂ ਲੱਗ ਸਕਦੀ। ਜਦੋਂ ਤੱਕ ਇਹ ਤੁਹਾਡੇ ਨੱਕ, ਅੱਖ, ਕੰਨ ਦੇ ਜ਼ਰੀਏ ਸਰੀਰ ਵਿਚ ਨਹੀਂ ਜਾਂਦਾ, ਉਸ ਵੇਲੇ ਤੱਕ ਤੁਸੀਂ ਤੰਦਰੁਸਤ ਰਹੋਗੇ। ਇਸ ਲਈ ਬਿਨਾਂ ਹੱਥ ਧੋਏ ਭੋਜਨ ਖਾਣਾ ਬਿਮਾਰੀ ਨੂੰ ਸੱਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੁੱਝ ਵਾਇਰਸ ਵਧਦੇ ਤਾਪਮਾਨ ਨਾਲ ਨਸ਼ਟ ਹੁੰਦੇ ਹਨ ਪਰ ਕਰੋਨਾ ਵਾਇਰਸ 60 ਤੋਂ 70 ਡਿਗਰੀ ਸੈਲਸੀਅਸ ਦੇ ਤਾਪਮਾਨ ਤੱਕ ਵੀ ਨਸ਼ਟ ਨਹੀਂ ਹੋ ਸਕਦਾ। ਇੰਨਾ ਤਾਪ ਨਾਂ ਤਾਂ ਧਰਤੀ ਉੱਤੇ ਅਤੇ ਨਾ ਹੀ ਕਿਸੇ ਮਨੁੱਖੀ ਸਰੀਰ ‘ਚ ਮਿਲੇਗਾ। ਬਰਤਾਨਵੀ ਡਾਕਟਰ ਸਾਰਾ ਜਾਰਵਿਸ ਦੇ ਕਹਿਣ ਮੁਤਾਬਿਕ ਸਾਰਸ ਮਹਾਂਮਾਰੀ 2002 ਦੇ ਨਵੰਬਰ ਮਹੀਨੇ ਵਿਚ ਸ਼ੁਰੂ ਹੋਈ ਸੀ ਅਤੇ ਅਗਲੇ ਸਾਲ ਇਹ ਜੁਲਾਈ ਦੇ ਮਹੀਨੇ ਵਿਚ ਖ਼ਤਮ ਵੀ ਹੋ ਗਈ ਸੀ। ਪਰ ਇਹ ਤਾਪਮਾਨ ਵਧਣ ਕਰਕੇ ਹੋਇਆ ਜਾਂ ਕਿਸੇ ਹੋਰ ਕਾਰਨ, ਇਹ ਦੱਸਣਾ ਔਖਾ ਹੈ। ਅਸੀਂ ਜਾਣਦੇ ਹਾਂ ਕਿ ਫਲੂ ਦੇ ਵਾਇਰਸ ਗਰਮੀਆਂ ਵਿਚ ਸਰੀਰ ਦੇ ਬਾਹਰ ਨਹੀਂ ਰਹਿ ਸਕਦੇ ਪਰ ਸਾਨੂੰ ਕਰੋਨਾ ਵਾਇਰਸ ਉੱਤੇ ਗਰਮੀ ਦੇ ਅਸਰ ਦਾ ਅਜੇ ਵੀ ਪੁਖ਼ਤਾ ਗਿਆਨ ਨਹੀਂ ਹੈ। ਡਾ. ਪਰੇਸ਼ ਦੇਸ਼ਪਾਂਡੇ ਅਨੁਸਾਰ ਜੇਕਰ ਕੋਈ ਗਰਮੀ ਵਿਚ ਛਿੱਕਿਆ ਤਾਂ ਥੁੱਕ ਦੇ ਕਣ ਪਰਤ ਉੱਤੇ ਡਿਗ ਕੇ ਜਲਦੀ ਸੁੱਕ ਜਾਣਗੇ। ਇਸ ਨਾਲ ਕਰੋਨਾ ਵਾਇਰਸ ਫੈਲਣ ਦਾ ਖ਼ਤਰਾ ਘੱਟ ਜਾਵੇਗਾ। ਅੱਜ ਕਰੋਨਾ ਵਾਇਰਸ ਗ੍ਰੀਨਲੈਂਡ ਵਰਗੇ ਠੰਢੇ, ਦੁਬਈ ਵਰਗੇ ਗਰਮ, ਮੁੰਬਈ ਵਰਗੇ ਨਮੀ ਤੇ ਦਿੱਲੀ ਵਰਗੇ ਸੁੱਕੇ ਸ਼ਹਿਰ ‘ਚ ਨਿਰੰਤਰ ਵੱਧ ਰਿਹਾ ਹੈ। ਇਸ ਲਈ ਵਧਦੇ/ਘਟਦੇ ਤਾਪਮਾਨਾਂ ਦੇ ਭਰੋਸੇ ਲੰਬੀਆਂ ਤਾਣ ਨਾ ਬੈਠੋ। ਕਿਉਂਕਿ, ਇੱਕ ਵਾਰ ਜੇ ਇਹ ਵਾਇਰਸ ਮਨੁੱਖ ਦੇ ਸਰੀਰ ਵਿਚ ਘੁੱਸ ਜਾਂਦਾ ਹੈ ਤਾਂ ਉਸ ਨੂੰ ਮਾਰਨ ਦਾ ਤਰੀਕਾ ਅਜੇ ਤੱਕ ਨਹੀਂ ਬਣਿਆ। ਵਿਸ਼ਵ ਸਿਹਤ ਸੰਗਠਨ ਸਮੇਤ ਹਜ਼ਾਰਾਂ ਡਾਕਟਰ ਇਸ ਵਾਇਰਸ ਨੂੰ ਮਾਰਨ ਦੀ ਦਵਾਈ ਦੀ ਭਾਲ ‘ਚ ਹਨ ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। ਇਸ ਕਰਕੇ ਹੀ ਸਰਕਾਰਾਂ ਵਾਇਰਸ ਤੋਂ ਬਚਣ ਲਈ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਆਵਾਜਾਈ ਉੱਤੇ ਰੋਕ ਲਗਾਈ ਜਾ ਰਹੀ ਹੈ ਤੇ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਰਹਿਣ ਪ੍ਰੇਰਿਆ ਜਾ ਰਿਹਾ ਹੈ। ਮਸਲਨ, ਇਸ ਮਹਾਂਮਾਰੀ ਨਾਲ ਸਾਡੇ ਸਰੀਰ ਦੀ ਰੋਗ ਪ੍ਰਤਿਰੋਧਕ ਪ੍ਰਣਾਲੀ ਨੂੰ ਹੀ ਲੜਨਾ ਪਵੇਗਾ। ਦੱਸਦੇ ਚੱਲੀਏ ਕਿ ਕੱਪੜਿਆਂ ਨੂੰ ਧੋ ਕੇ ਇਸ ਵਾਇਰਸ ਨੂੰ ਸਾਫ਼ ਕੀਤਾ ਜਾ ਸਕਦਾ ਹੈ ਪਰ ਸਰੀਰ ਨੂੰ ਸਿਰਫ਼ ਬਾਹਰੋਂ ਧੋ ਕੇ ਇਹ ਮੰਨਣਾ ਕਿ ਇਸ ਵਾਇਰਸ ਤੋਂ ਛੁਟਕਾਰਾ ਮਿਲ ਗਿਆ, ਬੱਜਰ ਗ਼ਲਤੀ ਹੋਵੇਗੀ। ਜਲਦ ਤੋਂ ਜਲਦ ਸਮੁੱਚੇ ਵਿਸ਼ਵ ‘ਚ ਇਸ ਦੀ ਚੇਨ ਨੂੰ ਤੋੜਦੇ ਹੋਏ ਰੋਗੀ ਅਤੇ ਸਿਹਤਮੰਦ ਸਰੀਰਾਂ ਨੂੰ ਅਲੱਗ ਕਰਨਾ ਪਵੇਗਾ।

Install Punjabi Akhbar App

Install
×