
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਅੰਦਰ ਭਾਵੇਂ ਨਿਊ ਸਾਊਥ ਵੇਲਜ਼ ਰਾਜ ਮੁੜ ਤੋਂ ਕਰੋਨਾ ਦੀ ਚਪੇਟ ਵਿੱਚ ਆ ਗਿਆ ਹੈ ਪਰੰਤੂ ਦੂਸਰੇ ਰਾਜਾਂ ਵਿੱਚ ਅਹਿਤਿਆਦਨ ਅਜਿਹੇ ਕਦਮ ਚੁੱਕੇ ਗਏ ਹਨ ਕਿ ਇਸ ਭਿਆਨਕ ਬਿਮਾਰੀ ਨੂੰ ਹੋਰ ਰਾਜਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ। ਵਿਕਟੋਰੀਆ ਅੰਦਰ ਲਗਾਤਾਰ 60ਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆ। ਕੁਈਨਜ਼ਲੈਂਡ ਅੰਦਰ ਲਗਾਤਾਰ 104 ਦਿਨਾਂ ਤੋਂ ਹੀ ਕੋਵਿਡ-19 ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਕੱਲ੍ਹ ਸੋਮਵਾਰ ਤੱਕ 5 ਨਵੇਂ ਮਾਮਲੇ ਹੋਟਲ ਕੁਆਰਨਟੀਨ ਦੇ ਹੀ ਹਨ ਅਤੇ ਮੌਜੂਦਾ ਸਮੇਂ ਵਿੱਚ ਰਾਜ ਅੰਦਰ ਕੁੱਲ 13 ਮਾਮਲੇ ਕਰੋਨਾ ਦੇ ਚਲੰਤ ਹਨ। ਦੱਖਣੀ ਆਸਟ੍ਰੇਲੀਆ ਵਿੱਚ ਕੱਲ੍ਹ -ਸੋਮਵਾਰ ਨੂੰ ਇੱਕ ਹੋਟਲ ਕੁਆਰਨਟੀਨ ਦਾ ਮਾਮਲਾ ਦਰਜ ਹੋਇਆ ਹੈ ਜਦੋਂ ਕਿ ਪੱਛਮੀ ਆਸਟ੍ਰੇਲੀਆ ਅੰਦਰ ਤਿੰਨ ਅਜਿਹੇ ਹੀ ਹੋਟਲ ਕੁਆਰਨਟੀਨ ਦੇ ਮਾਮਲੇ ਦਰਜ ਹੋਏ ਹਨ। ਦੇਸ਼ ਅੰਦਰ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਸੰਖਿਆ 909 ਤੇ ਪਹੁੰਚੀ ਹੈ ਕਿਉਂਕਿ ਹਾਲ ਵਿੱਚ ਹੀ ਇੱਕ 70ਵਿਆਂ ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ ਜੋ ਕਿ ਬੀਤੇ ਮਾਰਚ ਦੇ ਮਹੀਨੇ ਵਿੱਚ ਕਰੋਨਾ ਤੋਂ ਪੀੜਿਤ ਹੋਇਆ ਸੀ ਅਤੇ ਹੁਣ ਅਚਾਨਕ ਸਾਹ ਦੀ ਤਕਲੀਫ਼ ਕਾਰਨ ਉਸਦੀ ਮੌਤ ਹੋ ਗਈ ਹੈ।