ਆਸਟ੍ਰੇਲੀਆ ਵਿੱਚ ਜੁਲਾਈ ਤੱਕ ਹੋਵੇਗਾ ਕਰੋਨਾ ਉਪਰ ਕਾਬੂ -ਇੱਕ ਸਟਡੀ

(ਐਸ.ਬੀ.ਐਸ.) ਯੂਨੀਵਰਸਿਟੀ ਆਫ ਸਿਡਨੀ ਵਿੱਚ ਖੋਜਕਾਰੀਆਂ ਦੀ ਇੱਕ ਟੀਮ ਨੇ ਆਸਟੇਲੀਆ ਵਿਚਲੀ ਜਨਸੰਖਿਆ, ਜਨਤਕ ਰਹਿਣ ਸਹਿਣ ਅਤੇ ਹੋਰ ਉਦਹਰਣਾਂ ਦੇ ਮੱਦੇ ਨਜ਼ਰ ਇੱਕ ਮਾਡਲ ਤਿਆਰ ਕੀਤਾ ਜਿਸ ਰਾਹੀਂ ਇਹ ਦਰਸਾਇਆ ਗਿਆ ਕਿ ਜੇ ਤਕਰੀਬਨ 80% ਜਨਤਾ ਆਪਸ ਵਿੱਚ ਮਿੱਥੀ ਗਈ ਦੂਰੀ ਬਣਾ ਕੇ ਰੱਖੇ ਅਤੇ ਪੂਰੇ ਡਸਿਪਲਿਨ ਵਿੱਚ ਕੰਮ ਕਰੇ ਤਾਂ ਵੀ ਤਕਰੀਬਨ 13 ਹਫ਼ਤੇ ਲੱਗ ਜਾਣਗੇ ਆਸਟ੍ਰੇਲੀਆ ਦੀ ਰਫ਼ਤਾਰ ਨੂੰ ਮੁੜ ਤੋਂ ਪੱਟੜੀ ਉਪਰ ਲਿਆਉਣ ਲਈ। ਪਰੋਫੈਸਲ ਮਿਖਾਇਲ ਪਰੋਕੋਪੈਨਕੋ ਦੀ ਅਗਵਾਈ ਵਿੱਚ ਇਸ ਮਾਡਲ ਰਾਹੀਂ ਸਪਸ਼ਟ ਕੀਤਾ ਗਿਆ ਕਿ ਉਦਾਹਰਣਾਂ ਦੇ ਤੌਰ ਤੇ ਲਿਆ ਗਿਆ ਡਾਟਾ ਭਰੋਸੇਯੋਗ ਸੂਤਰਾਂ ਅਤੇ ਉਚ ਕੋਟੀ ਦੀਆਂ ਧਾਰਨਾਵਾਂ ਦੇ ਆਧਾਰ ਤੇ ਲਿਆ ਗਿਆ ਹੈ। ਇਸ 80% ਦੇ ਆਂਕੜੇ ਤੋਂ ਭਾਵ ਇਦਾਂ ਹੈ ਕਿ ਮੰਨ ਲਵੋ ਇੱਕ ਘਰ ਦੇ ਪੰਜ ਮੈਂਬਰ ਹਨ ਅਤੇ ਹਰ ਰੋਜ਼ ਸਿਰਫ ਇੱਕ ਮੈਂਬਰ ਹੀ ਬਾਹਰ ਜਾਂਦਾ ਹੈ ਅਤੇ ਜ਼ਰੂਰੀ ਕੰਮ ਕਾਜ ਨਿਪਟਾਉਂਦਾ ਹੈ ਅਤੇ ਬਾਕੀ ਦੇ ਚਾਰ ਮੈਂਬਰ ਘਰ ਵਿੱਚ ਹੀ ਰਹਿੰਦੇ ਹਨ। ਫੇਰ ਅਗਲੇ ਦਿਨ ਦੂਸਰਾ ਮੈਂਬਰ ਅਤੇ ਫੇਰ ਤੀਸਰਾ, ਚੌਥਾ ਅਤੇ ਪੰਜਵਾਂ….. ਇਸੇ ਤਰਾ੍ਹਂ ਪਹਿਲੇ ਵਾਲੇ ਦੀ ਵਾਰੀ ਪੰਜ ਦਿਨਾਂ ਬਾਅਦ ਹੀ ਆਵੇਗੀ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬਹੁਤ ਜ਼ਰੂਰੀ ਹੋਣ ਤੇ ਹੀ ਘਰਾਂ ਵਿੱਚੋਂ ਨਿਕਲੋ -ਨਹੀਂ ਤਾਂ ਆਪਣੇ ਘਰਾਂ ਵਿੱਚ ਹੀ ਰਹੋ। ਇਸ ਮਾਡਲਿੰਗ ਦੇ ਤਹਿਤ ਇਹ ਵੀ ਦਰਸਾਇਆ ਗਿਆ ਹੈ ਕਿ ਜੇ ਉਪਰੋਕਤ ਆਂਕੜਾ 70% ਤੇ ਹੀ ਰਹਿ ਜਾਂਦਾ ਹੈ ਤਾਂ ਇਹ ਕਿਸੇ ਕੰਮ ਨਹੀਂ ਆਵੇਗਾ ਅਤੇ ਵਾਇਰਸ ਦੀ ਤਾਕਤ ਵੱਧਦੀ ਜਾਵੇਗੀ ਅਤੇ ਇਸਦੇ ਨਾਲ ਹੀ ਇਸਦਾ ਮਾਰੂ ਅਸਰ ਵੀ।