ਹੁਣ ਸਦਰਨ ਹਾਈਲੈਂਡਜ਼ ਕਲਸਟਰ ਵਿੱਚ ਵੀ ਵਾਧਾ -ਇੱਕ ਨਵਾਂ ਕਰੋਨਾ ਦਾ ਮਾਮਲਾ ਹੋਇਆ ਦਰਜ

(ਦ ਏਜ ਮੁਤਾਬਿਕ) ਅੱਜ ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਮੋਸ ਵੇਲ ਦੇ ਇੱਕ ਪਰਵਾਰਿਕ ਮਾਮਲੇ ਨਾਲ ਹੀ ਸਬੰਧਤ ਹੈ ਅਤੇ ਇਸ ਦੇ ਸਰੋਤਾਂ ਦੀ ਪੜਤਾਲ ਹਾਲੇ ਤੱਕ ਚਲ ਰਹੀ ਹੈ। ਬੀਤੇ ਦਿਨ ਸਦਰਨ ਹਾਈਲੈਂਡਜ਼ ਵਾਲੇ ਕਲਸਟਰ ਵਿੱਚ ਵੀ ਚਾਰ ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲੇ ਪਾਏ ਗਏ ਸਨ ਜਿਸ ਕਾਰਨ ਦੋ ਸਕੂਲਾਂ ਨੂੰ ਸਾਫ ਸਫਾਈ ਅਤੇ ਸੈਨੇਟਾਈਜ਼ੇਸ਼ਨ ਲਈ ਬੰਦ ਕਰ ਦਿੱਤਾ ਗਿਆ ਸੀ। ਸਿਹਤ ਅਧਿਕਾਰੀਆਂ ਨੇ ਜਨਤਕ ਤੌਰ ਤੇ ਸੂਚਨਾਵਾਂ ਜਾਰੀ ਕੀਤੀਆਂ ਹਨ ਕਿ ਮੌਸ ਵੇਲ ਖੇਤਰ ਅੰਦਰ ਰਹਿਣ ਵਾਲੇ ਲੋਕ ਜਾਂ ਇੱਥੇ ਸ਼ਿਰਕਤ ਕਰਨ ਵਾਲੇ, ਆਪਣੇ ਅੰਦਰ ਕਿਸੇ ਕਿਸਮ ਦਾ ਕੋਈ ਕਰੋਨਾ ਦੇ ਲੱਛਣਾਂ ਵਰਗੇ ਲੱਛਣ ਮਹਿਸੂਸ ਕਰਨ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਆਪਣੇ ਕਰੋਨਾ ਟੈਸਟ ਵਾਸਤੇ ਸਥਾਨਕ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ। 16 ਇਲਵਾਰਾ ਹਾਈਵੇਅ ਉਪਰ ਮੋਸ ਵੇਲ ਸ਼ੋਅਗਰਾਉਂਡ ਵਿਖੇ ‘ਵਾਕ ਇਨ ਕਲਿਨਿਕ’ ਵੀ ਖੋਲ੍ਹਿਆ ਗਿਆ ਹੈ ਜੋ ਕਿ ਐਤਵਾਰ ਤੱਕ ਜਾਰੀ ਰਹੇਗਾ ਅਤੇ ਇਸ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੈ ਜਿੱਥੇ ਕਿ ਆਪਣਾ ਟੈਸਟ ਕਰਵਾਇਆ ਜਾ ਸਕਦਾ ਹੈ। ਰਾਜ ਅੰਦਰ ਹੋਟਲ ਕੁਅਰਨਟੀਨ ਨਾਲ ਸਬੰਧਤ ਵੀ ਚਾਰ ਮਾਮਲੇ ਆਏ ਹਨ ਅਤੇ ਹੁਣ ਨਿਊ ਸਾਊਥ ਵੇਲਜ਼ ਅੰਦਰ ਕੁੱਲ ਕਰੋਨਾ ਦੇ ਮਾਮਲਿਆਂ ਦੀ ਗਿਣਤੀ 4270 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 14,697 ਕਰੋਨਾ ਟੈਸਟ ਕੀਤੇ ਗਏ ਹਨ। ਅਧਿਕਾਰੀਆਂ ਵੱਲੋਂ ਲੋਕਾਂ ਪ੍ਰਤੀ ਧੰਨਵਾਦ ਜਤਾਇਆ ਜਾ ਰਿਹਾ ਹੈ ਜੋ ਕਿ ਸਰਕਾਰ ਦੀ ਮਦਦ ਵਿੱਚ ਸਾਹਮਣੇ ਆ ਕੇ ਆਪਣਾ ਕਰੋਨਾ ਟੈਸਟ ਕਰਵਾ ਰਹੇ ਹਨ ਅਤੇ ਇਸ ਦੇ ਨਾਲ ਹੀ ਆਪਣੀ ਅਤੇ ਸਮਾਜ ਦੀ ਸਿਹਤ ਪ੍ਰਤੀ ਉਦਾਰਤਾ ਅਤੇ ਸਹੀ ਅਰਥਾਂ ਵਿੱਚ ਆਪਣੇ ਫ਼ਰਜ਼ ਦੀ ਮਿਸਾਲ ਪੇਸ਼ ਰਹੇ ਹਨ।

Install Punjabi Akhbar App

Install
×