ਕੋਰੇ ਥਟ -2020 ਨਿਊ ਸਾਊਥ ਵੇਲਜ਼ ਯੰਗ ਆਸਟ੍ਰੇਲੀਅਨ, ਨੇ ਦਿਵਾਏ ਬੱਚਿਆਂ ਨੂੰ ਇੰਟਰਨੈਟ ਦੇ ਕਨੈਕਸ਼ਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰੈਡਫਰਨ ਯੂਥ ਕਨੈਕਟ ਦੇ ਬਾਨੀ ਅਤੇ ਕਰਤਾ ਧਰਤਾ ਕੋਰੇ ਥਟ -ਜਿਸਨੂੰ ਕਿ 2020 ਦਾ ਨਿਊ ਸਾਊਥ ਵੇਲਜ਼ ਯੰਗ ਆਸਟ੍ਰੇਲੀਅਨ ਦੇ ਖ਼ਿਤਾਬ ਨਾਲ ਵੀ ਨਵਾਜਿਆ ਗਿਆ ਹੈ, ਨੇ ਸਿਡਨੀ ਵਿੱਚ ਰਹਿੰਦੇ ਕਮਿਊਨਿਟੀ ਸੈਂਟਰ ਦੇ ਬੱਚਿਆਂ ਨੂੰ ਵਧੀਆ ਇੰਟਰਨੈਟ ਕਨੈਕਸ਼ਨ ਦਿਵਾ ਕੇ ਉਨ੍ਹਾਂ ਨੂੰ ਸਾਈਂਸ ਅਤੇ ਤਕਨਾਲੋਜੀ ਨਾਲ ਜੋੜਿਆ। ਰੈਡਫਰਨ ਵਿੱਚ ਸਥਿਤ, ਉਕਤ ਕਮਿਊਨਿਟੀ ਸੈਂਟਰ ਹਾਲਾਂ ਕਿ ਸਿਡਨੀ ਦੇ ਬਿਲਕੁਲ ਵਿੱਚਕਾਰ ਸਥਿਤ ਹੈ ਪਰੰਤੂ ਉਸਨੂੰ ਵਧੀਆ ਅਤੇ ਸਸਤਾ ਇੰਟਰਨੈਟ ਉਪਲਭਧ ਨਹੀਂ ਸੀ। ਕੋਰੇ ਥੈਟ ਨੇ ਆਪਣੀ ਸੰਸਥਾ ਰਾਹੀਂ ਇੱਕ ਮਿਸ਼ਨ ਵਿੱਢਿਆ ਹੋਇਆ ਹੈ ਕਿ ਉਹ ਬੱਚਿਆਂ ਨੂੰ ਆਧੁਨਿਕ ਸਾਈਂਸ ਅਤੇ ਤਕਨਾਲੋਜੀ ਨਾਲ ਜੋੜੇਗਾ ਅਤੇ ਇਸੇ ਦੇ ਤਹਿਤ ਉਸਨੇ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦੀ ਠਾਣ ਲਈ। ਉਸਨੇ ਨਵੇਂ ਕੰਪਿਊਟਰ, ਮੋਬਾਇਲ ਫੋਨ, ਕਿਤਾਬਾਂ, ਅਤੇ ਹੋਰ ਸਮੱਗਰੀ ਵਾਸਤੇ ‘ਗੋ ਫੰਡ ਮੀ’ ਦਾ ਸਹਾਰਾ ਲਿਆ ਅਤੇ ਇਸ ਸੈਂਟਰ ਦੇ ਬੱਚਿਆਂ ਨੂੰ ਕੁੱਝ ਦਿਨਾਂ ਵਿੱਚ ਹੀ ਸਾਰਾ ਕੁੱਝ ਮੁਹੱਈਆ ਕਰਵਾ ਦਿੱਤਾ। ਉਸਦਾ ਅਦਾਰਾ ਰੈਡਫਰਨ ਯੂਥ ਕਨੈਕਟ (RYC) ਅਜਿਹੇ ਹੀ ਸਮਾਜ ਸੇਵਾ ਅਤੇ ਸਮਾਜ ਸੁਧਾਰ ਦੇ ਕੰਮਾਂ ਵਾਸਤੇ 2015 ਵਿੱਚ ਉਸਾਰਿਆ ਗਿਆ ਸੀ ਅਤੇ ਉਹ ਬਿਨ੍ਹਾਂ ਕਿਸੇ ਨਿਜੀ ਲਾਭ ਦੇ ਉਕਤ ਅਦਾਰੇ ਨੂੰ ਚਲਾ ਰਿਹਾ ਹੈ ਅਤੇ ਬੱਚਿਆਂ ਅਤੇ ਭਾਈਚਾਰਕ ਸੇਵਾਵਾਂ ਨਿਭਾ ਰਿਹਾ ਹੈ। ਇਸ ਅਦਾਰੇ ਨੂੰ ਆਂਟੀ ਮਾਰਗਰੇਟ ਹੌਮੋਨੋ ਅਤੇ ਸੋਲੋਮਨ ਵੀ ਕੋਰੇ ਥਟ ਨਾਲ ਮਿਲ ਕੇ ਚਲਾਉਂਦੇ ਹਨ ਅਤੇ ਜ਼ਿਆਦਾਤਰ ਫੰਡ ਉਹ ਆਪਣੇ ਪੱਧਰ ਉਪਰ ਆਪ ਹੀ ਮੁਹੱਈਆ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਕਾਰਨ ਜਦੋਂ ਸਾਰਾ ਮਾਹੌਲ ਹੀ ਆਨਲਾਈਨ ਪੜ੍ਹਾਈ ਲਿਖਾਈ ਦਾ ਬਣ ਗਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਘੱਟੋ ਘੱਟ 57,000 ਵਿਦਿਆਰਥੀ ਬੱਚੇ ਅਜਿਹੇ ਹਨ ਜਿਨ੍ਹਾਂ ਵਿੱਚ ਪੰਜ ਵਿਚੋਂ ਮਹਿਜ਼ ਇੱਕ ਕੋਲ ਹੀ ਕੰਪਿਊਟਰ ਅਤੇ ਵਧੀਆ ਇੰਟਰਨੈਟ ਦਾ ਜ਼ਰੀਆ ਹੈ ਅਤੇ ਹੁਣ ਇਹ ਲਾਜ਼ਮੀ ਵੀ ਹੋ ਗਿਆ ਸੀ ਕਿ ਹਰ ਬੱਚੇ ਕੋਲ ਆਪਣਾ ਕੰਪਿਊਟਰ ਅਤੇ ਇੰਟਰਨੈਟ ਹੋਵੇ ਤਾਂ ਜੋ ਉਹ ਆਪਣੀ ਪੜ੍ਹਾਈ ਲਿਖਾਆ ਆਨਲਾਈਨ ਵਧੀਆ ਤਰੀਕੇ ਨਾਲ ਕਰ ਸਕੇ। ਕਿਉਂਕਿ ਰਿਮੋਟ ਲਰਨਿੰਗ ਦਾ ਦੌਰ ਸ਼ੁਰੂ ਹੋ ਚੁਕਿਆ ਸੀ ਅਤੇ ਇਸ ਵਾਸਤੇ ਸਮਾਜ ਅੰਦਰ ਬਹੁਤ ਲੋਕ ਅਜਿਹੇ ਸਨ ਜੋ ਕਿ ਅਜਿਹੀਆਂ ਸਹੂਲਤਾਂ ਤੋਂ ਸੱਖਣੇ ਸਨ ਤਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦੀ ਠਾਣ ਲਈ ਅਤੇ ਉਕਤ ਕਮਿਊਨਿਟੀ ਸੈਂਟਰ ਨੂੰ ਕੰਪਿਊਟਰ, ਇੰਟਰਨੈਟ ਕਨੈਕਸ਼ਨ, ਮੋਬਾਇਲ ਫੋਨ ਆਦਿ ਦਾ ਇੰਤਜ਼ਾਮ ਕਰਵਾ ਕੇ ਦਿੱਤਾ।

Install Punjabi Akhbar App

Install
×