ਕੌਂਮੀ ਵਿਵਾਦਾਂ ਚ ਸ਼ੋਸ਼ਲ ਮੀਡੀਏ ਦੀ ਭੂਮਿਕਾ ਅਤੇ ਰਣਜੀਤ ਸਿੰਘ ਦੇ ਮੁੱਦੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਹੁੰਚ

ਜਿਸ ਦਿਨ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਹਿਬਾਨ ਵੱਲੋਂ ਭਾਈ ਰਣਜੀਤ ਸੰਘ ਢੱਡਰੀਆਂ ਖਿਲਾਫ ਫੈਸਲਾ ਸੁਣਾਇਆ ਗਿਆ ਹੈ,ਉਸ ਦਿਨ ਤੋ ਸ਼ੋਸ਼ਲ ਮੀਡੀਏ ਤੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਸ਼ੰਸ਼ਕਾਂ ਦਰਮਿਆਨ ਇੱਕ ਦੂਸਰੇ ਉੱਪਰ ਘਟੀਆ ਇਲਜਾਮ ਵਾਜੀ ਲਾਉਂਦੀਆਂ ਪੋਸਟਾਂ ਵੱਡੀ ਪਧਰ ਤੇ ਦੇਖੀਆਂ ਜਾ ਰਹੀਆਂ ਹਨ।ਇਸ ਤੋ ਪਹਿਲਾਂ ਵੀ ਅਜਿਹਾ ਰੁਝਾਨ ਸ਼ੋਸ਼ਲ ਮੀਡੀਏ ਤੇ ਦੇਖਿਆ ਜਾਂਦਾ ਰਿਹਾ ਹੈ ਤੇ ਇਹੋ ਜਿਹਾ ਵਰਤਾਰਾ ਹੁਣ ਆਮ ਜਿਹੀ ਗੱਲ ਬਣ ਚੁੱਕਾ ਹੈ।ਸ਼ੋਸ਼ਲ ਮੀਡੀਏ ਦੇ ਆਉਣ ਨਾਲ ਬੜਾ ਕੁੱਝ ਬਦਲ ਗਿਆ ਹੈ। ਇਸ ਤੋ ਪਹਿਲਾਂ ਕਿਸੇ ਵੀ ਵਿਵਾਦ ਦੇ ਨਸਰ ਹੋਣ ਦੇ ਦੋ ਹੀ ਜਰੀਏ ਸਨ,ਇੱਕ ਅਖਬਾਰ ਤੇ ਦੂਜਾ ਟੈਲੀਵਿਜ਼ਨ,ਪ੍ਰੰਤੂ ਹੁਣ ਅਜਿਹਾ ਨਹੀ ਹੈ,ਹੁਣ ਕੁੱਝ ਮਿੰਟਾਂ,ਸਕਿੰਟਾਂ ਵਿੱਚ ਹੀ ਬਾਤ ਦਾ ਬਤੰਗੜ ਤੀਲੀ ਤੋਂ ਭਾਬੜ ਬਣਦੇ ਦੇਖੇ ਜਾ ਸਕਦੇ ਹਨ।ਇਹ ਸਾਰਾ ਸ਼ੋਸ਼ਲ ਮੀਡੀਏ ਦੇ ਆਉਣ ਨਾਲ ਸੰਭਵ ਹੋ ਸਕਿਆ ਹੈ। ਹੁਣ ਹਾਲਾਤ ਇਹ ਬਣੇ ਹੋਏ ਹਨ ਕਿ ਜਿਸ ਵਿਅਕਤੀ ਦੇ ਹੱਥ ਵਿੱਚ ਸਮਾਰਟ ਫੋਨ ਹੈ,ਉਹ ਕਿਸੇ ਵੀ ਸਮੇ ਕਿਸੇ ਵੀ ਵਿਸ਼ੇ ਤੇ ਕਿਹੋ ਜਿਹੀ ਵੀ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਪੰਜਾਬੀ ਗਾਇਕ ਬੱਬੂ ਮਾਨ ਅਤੇ ਨਵੇਂ ਉੱਭਰ ਰਹੇ ਗਾਇਕ ਸਿੱਧੂ ਮੂਸੇ ਵਾਲੇ ਦਰਮਿਆਨ ਵੀ ਪਿਛਲੇ ਕਾਫੀ ਸਮੇ ਤੋ ਸ਼ੋਸ਼ਲ ਮੀਡੀਏ ਤੇ ਆਪਸੀ ਵਿਵਾਦ ਚੱਲਦਾ ਆ ਰਿਹਾ ਹੈ। ਇਹਨਾਂ ਪੋਸਟਾਂ ਵਿੱਚ ਵੀ ਸਿੱਧੂ ਮੂਸੇ ਵਾਲੇ ਦੇ ਫੈਨ ਅਤੇ ਬੱਬੂ ਮਾਨ ਦੈ ਫੈਨ ਹਰ ਰੋਜ ਕੁੱਕੜ ਖੇਹ ਉਡਾਉਂਦੇ ਦੇਖੇ ਜਾ ਰਹੇ ਹਨ,ਇਸ ਵਿਵਾਦ ਵਿੱਚ ਬੱਬੂ ਮਾਨ ਕਿਧਰੇ ਵੀ ਖੁਦ ਪੋਸਟਾਂ ਪਾਕੇ ਉਲਝਦਾ ਦਿਖਾਈ ਨਹੀ ਦਿੰਦਾ ਤੇ ਨਾਹੀ ਉਹਦੀ ਅਪਣੀ ਇਸ ਸਬੰਧੀ ਕੋਈ ਬਿਆਨਵਾਜੀ ਹੀ ਦੇਖੀ ਸੁਣੀ ਗਈ ਹੈ,ਪਰ ਇਸ ਦੇ ਉਲਟ ਸਿੱਧੂ ਮੂਸੇ ਵਾਲਾ ਹਰ ਪੰਜ ਸੱਤ ਦਿਨਾਂ ਬਾਅਦ ਸ਼ੋਸ਼ਲ ਮੀਡੀਏ ਤੇ ਲਾਇਵ ਹੋ ਕੇ ਖੁਦ ਵੀ ਅਜਿਹੀਆਂ ਹਾਸੋਹੀਣੀਆਂ ਵੀਡੀਓ ਪਾਉਂਦਾ ਰਹਿੰਦਾ ਹੈ,ਜਿਸ ਨਾਲ ਇੱਕ ਦੂਸਰੇ ਦੇ ਪ੍ਰਸੰਸਕਾਂ ਦਰਮਿਆਨ ਚੱਲ ਰਹੀ ਸ਼ੋਸ਼ਲ ਮੌਡੀਆ ਜੰਗ ਨੂੰ ਹੋਰ ਹਵਾ ਮਿਲਦੀ ਹੈ ਤੇ ਇਸਤਰਾਂ ਕਰਕੇ ਇਸ ਬਗੈਰ ਮਤਲਬ ਦੇ ਵਿਵਾਦ ਨੂੰ ਜਾਣ ਬੁੱਝ ਕੇ ਲੰਮਾ ਖਿੱਚਿਆ ਜਾ ਰਿਹਾ ਹੈ।ਅਜਿਹਾ ਹੀ ਵਰਤਾਰਾ ਪੰਜਾਬ ਚ ਨਿਰ ਸੁਆਰਥ ਕੰਮ ਕਰਦੀਆਂ ਸੰਸਥਾਵਾਂ ਦੇ ਸੰਚਾਲਕਾਂ ਅਤੇ ਉਹਨਾਂ ਨੂੰ ਦਾਨ ਦੇ ਰੂਪ  ਚ ਵੱਡੇ ਪੱਧਰ ਤੇ ਮਾਇਆ ਭੇਜਣ ਵਾਲੇ ਦਾਨੀ ਭਰਾਵਾਂ ਦਰਮਿਆਨ ਵੀ ਦੇਖਿਆ ਗਿਆ ਹੈ।ਇਹ ਸ਼ੋਸਲ ਮੀਡੀਆ ਦੀ ਤਾਕਤ ਹੀ ਸੀ ਜਿਸਨੇ ਪੰਜਾਬ ਦੇ ਬਹੁਤ ਸਾਰੇ ਅਜਿਹੇ ਸਮਾਜ ਸੇਵੀਆਂ ਦੇ ਪੋਤੜੇ ਫਰੋਲ ਦਿੱਤੇ ਹਨ,ਜਿਹੜੇ ਸਮਾਜ ਸੇਵਾ ਦੇ ਨਾਮ ਤੇ ਦਾਨ ਦੇ ਰੂਪ ਚ ਆਈ ਮਾਇਆ ਦਾ ਦੁਰਉਪਯੋਗ ਕਰਦੇ ਸਨ ਤੇ ਸ਼ੋਸ਼ਲ ਮੀਡੀਏ ਕਰਕੇ ਸਚਾਈ ਲੋਕਾਂ ਸਾਹਮਣੇ ਆ ਸਕੀ ਹੈ।

ਜੇਕਰ ਸ਼ੋਸ਼ਲ ਮੀਡੀਏ ਦੇ ਨਫੇ ਨੁਕਸਾਨ ਦਾ ਤੁਲਨਾਤਮਿਕ ਅਧਿਆਨ ਕੀਤਾ ਜਾਵੇ ਤਾਂ ਜਿੱਥੋ ਤੱਕ ਫਾਇਦੇ ਦਾ ਸਬੰਧ ਹੈ,ਉਹ ਇਹ ਹੈ ਕਿ ਅੱਜਕੱਲ ਕੋਈ ਵੀ ਮੁੱਦਾ ਬਹੁਤ ਜਲਦੀ ਜਨਤਕ ਹੋਣ ਕਰਕੇ ਬਹੁਤ ਵਾਰੀ ਸਰਕਾਰਾਂ ਨੂੰ ਵੀ ਲੋਕ ਵਿਰੋਧੀ ਫੈਸਲਿਆਂ ਨੂੰ ਬਦਲਣਾ ਪਿਆ ਹੈ।ਸ਼ੋਸ਼ਲ ਮੀਡੀਏ ਤੇ ਕਿਸੇ ਵੀ ਮੁੱਦੇ ਦਾ ਲੋਕ ਲਹਿਰ ਬਨਣ ਨੂੰ ਬਹੁਤਾ ਸਮਾ ਨਹੀ ਲੱਗਦਾ,ਜਿਸ ਕਰਕੇ ਹਰ ਕੋਈ ਫੂਕ ਫੂਕ ਕੇ ਪੈਰ ਧਰਦਾ ਹੈ,ਪਰ ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਰਾਬਰ ਹੀ ਹੈ,ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਅਜਿਹੇ ਮੁੱਦੇ,ਜਿਹੜੇ ਆਪਸੀ  ਸਾਝਾਂ ਨੂੰ ਤੋੜਨ ਵਾਲੇ ਹੁੰਦੇ ਹਨ,ਉਹਨਾਂ ਨੂੰ ਵੱਧ ਉਛਾਲਿਆ ਜਾਂਦਾ ਹੈ,ਤੇ ਬਹੁਤ ਵਾਰੀ ਅਜਿਹੇ ਮੁੱਦੇ ਝਗੜਿਆਂ ਤੋ ਕਤਲੋਗਾਰਤ ਤੱਕ ਪਹੁੰਚ ਜਾਂਦੇ ਹਨ।ਜਿੱਥੋ ਤੱਕ ਬੱਬੂ ਮਾਨ ,ਸਿੱਧੂ ਮੂਸੇ ਵਾਲਾ ਅਤੇ ਸਮਾਜ ਸੇਵੀਆਂ ਵਾਲੇ ਮਸਲਿਆਂ ਦਾ ਸਬੰਧ ਹੈ,ਉਹ ਦੇ ਵਿੱਚ ਸਚਾਈ ਇਹ ਵੀ ਹੈ ਕਿ ਲੋਕਾਂ ਲਈ ਇਹ ਮੁੱਦੇ ਟਾਇਮ ਪਾਸ ਕਰਨ ਦਾ ਵਧੀਆ ਜਰੀਆ ਬਣੇ ਹੋਏ ਹਨ,ਇਸ ਤੋ ਵੱਧ ਹੋਰ ਕੁੱਝ ਨਹੀ,ਪਰੰਤੂ ਜਦੋ ਸ਼ੋਸ਼ਲ ਮੀਡੀਏ ਤੇ ਕੁੱਝ ਅਜਿਹੇ ਮੁੱਦੇ ਜਨਤਕ ਹੁੰਦੇ ਹਨ,ਜਿਹੜੇ ਬੇਹੱਦ ਹੀ ਸੰਵੇਦਨਸ਼ੀਲ ਹੋਣ ਕਰਕੇ ਬਹੁਤ ਵਾਰੀ ਦੋ ਫਿਰਕਿਆਂ ਜਾਂ ਧੜੇਬੰਦੀਆਂ ਨੂੰ ਹੋਰ ਵਧਾਉਣ ਦਾ ਕਾਰਨ ਬਣ ਜਾਂਦੇ ਹਨ,ਉਹ ਸਮਾਜ ਕੌਂਮ ਲਈ ਬੇਹੱਦ ਘਾਤਕ ਹੁੰਦੇ ਹਨ।

ਇਸ ਤਰਾਂ ਦਾ ਹੀ ਅੱਜਕੱਲ ਇੱਕ ਮੁੱਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਸੰਸਕਾਂ ਦਰਮਿਆਨ ਚੱਲ ਰਿਹਾ ਹੈ।ਇਸ ਮੁੱਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਸ਼ਾਨਾ ਬਣਾ ਰਹੇ ਹਨ।ਉਹਨਾਂ ਵੱਲੋਂ ਅਪਣੀ ਗੱਲ ਬੜੀ ਦਲੀਲ ਨਾਲ ਰੱਖੀ ਜਾ ਰਹੀ ਹੈ,ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਖਿਲਾਫ ਦਿੱਤਾ ਗਿਅ ਫੈਸਲਾ ਤਹਿ ਸੀ,ਜਦੋਕਿ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਦੇ ਮੁੱਦੇ ਤੇ ਜਥੇਦਾਰਾਂ ਦੀ ਹਿੰਮਤ ਨਹੀ ਪਈ ਕਿ ਉਹਦੇ ਖਿਲਾਫ ਕਾਰਵਾਈ ਕਰ ਸਕਦੇ,ਜਦੋਕਿ ਜੋ ਕੁੱਝ ਰਾਮ ਮੰਦਰ ਦੇ ਨੀਂਹ ਪੱਥਰ ਵਾਲੇ ਸਮਾਗਮ ਮੌਕੇ ਇਕਬਾਲ ਸਿੰਘ ਵੱਲੋਂ ਕਿਹਾ ਗਿਆ,ਉਹ ਅੱਜ ਦੇ ਹਾਲਾਤਾਂ ਦੇ ਸੰਦਰਭ ਵਿੱਚ ਬੇਹੱਦ ਹੀ ਮੰਦਭਾਗਾ ਤੇ ਸਿੱਖਾਂ ਦੀ ਵੱਖਰੀ ਪਛਾਣ ਤੇ ਵੱਖਰੀ ਕੌਂਮ ਦੇ ਸੰਕਲਪ ਨੂੰ ਢਾਹ ਲਾਉਣ ਵਾਲਾ ਹੈ,ਫਿਰ ਵੀ ਉਹਦੇ ਨਾਲ ਸਿਰਫ ਅਸਹਿਮਤੀ ਪਰਗਟ ਕਰਕੇ ਹੀ ਬੁੱਤਾ ਸਾਰ ਲਿਆ ਹੈ।ਇਸੇਤਰਾਂ ਉਹਨਾਂ ਨੇ ਕਿਹਾ ਕਿ ਜਦੋ ਮੇਰੇ ਤੇ ਹਮਲਾ ਹੋਇਆ ਤਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਨੂੰ ਨਹੀ ਵਰਜਿਆ ਗਿਆ,ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੇ ਪੀ ਐਸ ਗਿੱਲ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੂੰ ਪੰਥ ਚੋ ਨਹੀ ਛੇਕਿਆ ਗਿਆ ਆਦਿ, ਉਹਨਾਂ ਵੱਲੋਂ ਉਠਾਏ ਗਏ ਸੁਆਲ ਜਥੇਦਾਰਾਂ ਦੀ ਕਾਰਗੁਜਾਰੀ ਨੂੰ ਮੁੜ ਸ਼ੱਕ ਦੇ ਘੇਰੇ ਵਿੱਚ ਖੜਾ ਕਰਦੇ ਹਨ।

ਇਸ ਵਿਵਾਦ ਦੌਰਾਨ ਹੀ ਇੱਕ ਵੀਡੀਓ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਢਾਈ ਦਹਾਕਿਆਂ ਤੋ ਮੈਂਬਰ ਚੱਲੇ ਆ ਰਹੇ ਬਜੁਰਗ ਅਕਾਲੀ ਆਗੂ ਦੀ ਵੀ ਸ਼ੋਸ਼ਲ ਮੀਡੀਏ ਤੇ ਘੁਮ ਰਹੀ ਹੈ,ਜਿਸ ਵਿੱਚ ਉਹਨਾਂ ਗਿਆਨੀ ਹਰਪਰੀਤ ਸਿੰਘ ਦੀ ਕਾਰਗੁਜਾਰੀ ਤੇ ਸੁਆਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਸੀ ਕਿ ਭਾਈ ਢੱਡਰੀਆਂ ਵਾਲਿਆਂ ਤੇ ਕਾਰਵਾਈ ਕਰਨ ਤੋ ਪਹਿਲਾਂ ਉਹਨਾਂ ਸਾਰਿਆਂ ਤੇ ਵੀ ਕਾਰਵਾਈ ਕਰਦੇ,ਜਿਹੜੇ ਸਚਮੁੱਚ ਪੰਥ ਦੇ ਹਿਤਾਂ ਦੇ ਦੁਸ਼ਮਣ ਹਨ,ਜਿੰਨਾਂ ਵਿੱਚ ਚ ਸੁਖਬੀਰ ਸਿੰਘ ਬਾਦਲ,ਬੀਬੀ ਜਗੀਰ ਕੌਰ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਸ਼ਾਮਲ ਹਨ, ਸੋ ਜੇਕਰ ਉਪਰੋਕਤ ਦਲੀਲ ਨੂੰ ਸੁਣਿਆ ਜਾਵੇ ਤਾਂ ਇਹ ਬਿਲਕੁਲ ਜਾਇਜ ਜਾਪਦੀਆਂ ਹਨ। ਇਹ ਸੁਆਲ ਜਥੇਦਾਰਾਂ ਤੋ ਪੁੱਛੇ ਜਾਣੇ  ਵੀ ਬਣਦੇ ਹਨ, ਬਲਕਿ ਹੋਰ ਬਹੁਤ ਸਾਰੇ ਸੁਆਲ ਹਨ,ਜਿੰਨਾਂ ਚ ਸੁਮੇਧ ਸ਼ੈਣੀ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਚਹੇਤੇ ਵਕੀਲ ਸਤਨਾਮ ਸਿੰਘ ਕਲੇਰ ਅਤੇ ਅਰਸ਼ਦੀਪ ਕਲੇਰ,ਦੇ ਮੁੱਦੇ ਤੇ ਚੁੱਪੀ, ਪ੍ਰਧਾਨ ਮੰਤਰੀ ਦਾ ਗੋਬਿੰਦ ਰਮਾਇਣ ਦਾ ਮੁੱਦਾ,ਹੁਣੇ ਹੁਣੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੀ ਸ਼ੁਰੂਆਤ ਮੌਕੇ 33 ਕਰੋੜ ਦੇਵੀ ਦੇਵਤਿਆਂ ਵਾਲੀ ਵਿਵਾਦਿਤ ਕਥਾ ਦਾ ਮੁੱਦਾ ਅਤੇ ਫਿਰ ਸਭ ਤੋ ਮਹੱਤਵਪੂਰਨ ਤੇ ਸਿੱਖ ਕੌਂਮ ਲਈ ਚਿੰਤਾ ਦਾ ਮੁੱਦਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪ, ਜਿੰਨਾਂ ਦੀ ਗਿਣਤੀ 267 ਤੋਂ ਚੱਲ ਕੇ 328 ਤੱਕ ਪੁੱਜ ਚੁੱਕੀ ਹੈ ਤੇ ਸੁਨਣ ਵਿੱਚ ਇਹ ਵੀ ਆਇਆ ਹੈ ਕਿ ਇਹ ਗਿਣਤੀ ਚਾਰ ਸੌ ਤੋਂ ਵੱਧ ਹੈ,ਦੇ ਸਬੰਧ ਵਿੱਚ ਵੀ ਜਥੇਦਾਰ ਦੀ ਪਹੁੰਚ ਸੰਤੁਸਟੀਜਨਕ ਨਹੀ ਰਹੀ।

ਇਸ ਤੋ ਇਲਾਵਾ ਉਹਨਾਂ ਵੱਲੋਂ ਖੁਦ ਰਾਖਸ਼ਾਂ ਦੀ ਮਿੱਝ ਤੋ ਧਰਤੀ ਦੇ ਬਨਣ ਦੀ ਕਥਾ ਵੀ ਅਪਣੇ ਆਪ ਚ ਸ਼ੱਕੀ ਹੈ।ਇਸੇਤਰਾਂ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਗਾਹੇ ਬ ਗਾਹੇ ਇਹੋ ਜਿਹਾ ਪਰਚਾਰ ਕਰਨਾ,ਜਿਸ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸਿੱਖ ਇਤਿਹਾਸ ਪ੍ਰਤੀ ਦੁਬਿਧਾ ਪੈਦਾ ਹੁੰਦੀ ਹੋਵੇ,ਬਾਰ ਬਾਰ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰਨਾਂ, ਇਹਨਾਂ ਤੇ ਇਹ ਦੋਸ਼ ਵੀ ਅਕਸਰ ਲੱਗਦੇ ਹਨ ਕਿ ਭਾਈ ਰਣਜੀਤ ਸਿੰਘ ਅਪਣੇ ਦਿਵਾਨਾਂ ਵਿੱਚ ਗੁਰਬਾਣੀ ਅਤੇ ਸਿੱਖੀ ਇਤਿਹਾਸ ਦੀ ਕਥਾ ਉਦੋਂ ਹੀ ਕਰਦੇ ਹਨ ਜਦੋ ਉਹਨਾਂ ਨੇ ਕੋਈ ਦੁਵਿਧਾ ਖੜੀ ਕਰਨੀ ਹੋਵੇ,ਨਹੀ ਆਮ ਤੌਰ ਤੇ ਤਾਂ ਉਹ ਨਿੱਜੀ ਦੂਸ਼ਣਵਾਜੀ ਵਿੱਚ ਹੀ ਜਿਆਦਾ ਸਮਾ ਖਰਾਬ ਕਰਦੇ ਦੇਖੇ ਸੁਣੇ ਜਾਂਦੇ ਹਨ,ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਜਥੇਦਾਰਾਂ ਵੱਲੋਂ ਉਹਨਾਂ ਖਿਲਾਫ ਲਏ ਗਏ ਫੈਸਲੇ ਤੋ ਬਾਅਦ ਉਹਨਾਂ ਦੀਆਂ ਵੀਡੀਓ ਲਗਾਤਾਰ ਸਾਂਝੀਆਂ ਹੋਣਾ ਵੀ ਕੋਈ ਸਿਆਣਪ ਵਾਲਾ ਕੰਮ ਨਹੀ,ਕਿਉਕਿ ਉਹਨਾਂ ਦੇ ਇਸਤਰਾਂ ਕਰਨ ਨਾਲ ਉਹਨਾਂ ਦੇ ਪ੍ਰਸੰਸਕਾਂ ਨੂੰ ਹੋਰ ਸ਼ਹਿ ਮਿਲਦੀ ਹੈ,ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਰਸੰਸ਼ਕਾਂ ਨਾਲ ਮੇਹਣੋਂ ਮੇਹਣੀਂ ਹੁੰਦੇ ਇਸ ਕਦਰ ਆਪੇ ਤੋਂ ਬਾਹਰ ਹੋ ਜਾਂਦੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਇਤਰਾਜਯੋਗ ਭਾਸ਼ਾ ਦੀ ਵਰਤੋਂ ਕਰ ਜਾਂਦੇ ਹਨ। ਇਸਤਰਾਂ ਦੀਆਂ ਹਰਕਤਾਂ ਤੋ ਇਹ ਵਰਤਾਰਾ ਸਿੱਧੂ ਮੂਸੇ ਵਾਲੇ ਅਤੇ ਬੱਬੂ ਮਾਨ ਵਾਲੇ ਵਰਤਾਰੇ ਨਾਲ ਮੇਲ ਖਾਂਦਾ ਜਾਪਦਾ ਹੈ।

ਜੇਕਰ ਗੱਲ ਕੌਂਮੀ ਸਮੱਸਿਆ ਦੀ ਕੀਤੀ ਜਾਵੇ,ਕੌਂਮ ਚ ਪਾਈਆਂ ਜਾ ਰਹੀਆਂ ਵੰਡੀਆਂ ਦੀ ਕੀਤੀ ਜਾਵੇ,ਤਾਂ ਉਪਰੋਕਤ ਸਮੱਸਿਆਵਾਂ, ਗਲਤੀਆਂ,ਤਰੁਟੀਆਂ ਓਨੀ ਦੇਰ ਦੂਰ ਹੋਣੀਆਂ ਬੇਹੱਦ ਮੁਸ਼ਕਲ ਹੀ ਨਹੀ ਅਸੰਭਵ ਵੀ ਹਨ,ਜਦੋਂ ਤੱਕ ਜਥੇਦਾਰ ਦੀ ਨਿਯੁਕਤੀ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਕਾਬਜ ਲੋਕਾਂ ਵੱਲੋਂ ਇੱਕ ਪਰਿਵਾਰ ਦੇ ਕਹਿਣ ਮੁਤਾਬਿਕ ਹੁੰਦੀ ਰਹੇਗੀ।ਜਿੰਨੀ ਦੇਰ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਪ੍ਰਬੰਧ ਸਹੀ ਹੱਥਾ ਵਿੱਚ ਨਹੀ ਆਉਂਦਾ,ਓਨੀ ਦੇਰ ਇਹ ਭੰਬਲਭੂਸੇ ਬਣੇ ਰਹਿਣਗੇ।ਓਨੀ ਦੇਰ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਦਸਮ ਗ੍ਰੰਥ ਦਾ ਵਿਵਾਦ ਹੋਰ ਵਿਰਾਟ ਰੂਪ ਧਾਰਨ ਕਰਦਾ ਜਾਏਗਾ ਤੇ ਲਗਾਤਾਰ ਚੱਲਦਾ ਰਹੇਗਾ,ਓਨੀ ਦੇਰ ਧੁੰਮੇ ਦੀ ਕਥਾ,ਗਿਆਨੀ ਹਰਪ੍ਰੀਤ ਸਿੰਘ ਦੀ ਕਥਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਕਥਾ ਦਾ ਵਿਵਾਦ ਚੱਲਦਾ ਰਹੇਗਾ।ਸਿੱਖ ਦੁਸ਼ਮਣ ਤਾਕਤਾਂ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਅਪਣੇ ਮਨੋਰਥ ਪੂਰੇ ਕਰਨ ਵਿੱਚ ਕਾਮਯਾਬ ਹੁੰਦੀਆਂ ਰਹਿਣਗੀਆਂ।ਓਨੀ ਦੇਰ ਨੇਕੀ ਨਿਉਜੀਲੈਂਡ ਵਰਗੇ ਏਜੰਸੀਆਂ ਦੇ ਮੁਹਰੇ ਬਣਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਵੱਡੇ ਵੱਡੇ ਪਰਚਾਰਕਾਂ ਨੂੰ ਅਪਣੇ ਸਬਦ ਜਾਲ ਵਿੱਚ ਫਸਾ ਕੇ ਉਹਨਾਂ ਨੂੰ ਸਿੱਖੀ ਦੀਆਂ ਜੜਾਂ ਚ ਤੇਲ ਦੇਣ ਲਈ ਬਰਤਦੇ ਰਹਿਣਗੇ,ਸਿੱਖਾਂ ਤੇ ਦਲਿਤਾਂ ਦੀ ਸਦੀਵੀਂ ਤੇ ਅਨਿੱਖੜਵੀਂ ਸਾਂਝ ਨੂੰ ਖਤਮ ਕਰਨ ਲਈ ਯਤਨ ਹੁੰਦੇ ਰਹਿਣਗੇ,ਜਿਸ ਵਿੱਚ ਉਕਤ ਤਾਕਤਾਂ ਕਾਮਯਾਬ ਵੀ ਰਹਿਣਗੀਆਂ।ਇਸ ਲਈ ਅਜਿਹੇ ਵਰਤਾਰੇ ਨੂੰ ਬਦਲਣ ਲਈ ਆਪਸ ਵਿੱਚ ਸਿਰ ਜੋੜ ਕੇ ਬੈਠਣਾ ਪਵੇਗਾ,ਸਿਰ ਜੋੜ ਕੇ ਬੈਠਣ ਲਈ ਹਾਉਮੈਂ ਦਾ ਤਿਆਗ ਕਰਨਾ ਪਵੇਗਾ ਅਤੇ ਫਿਰ ਗੁਰਦੁਆਰਾ ਪ੍ਰਬੰਧ ਵਿੱਚ ਇਤਿਹਾਸਿਕ ਤਬਦੀਲੀਆਂ ਕਰਨ ਵੱਲ ਚੱਲਣਾ ਹੋਵੇਗਾ।

Install Punjabi Akhbar App

Install
×