ਕੌਂਸਲੇਟ ਜਨਰਲ ਅਰਚਨਾ ਸਿੰਘ ਦਾ ਸਨਮਾਨ ਅਤੇ ਗ਼ਜ਼ਲ ਸੰਗ੍ਰਹਿ “ਘੁੰਗਰੂ” ਲੋਕ ਅਰਪਣ

image_6483441

ਆਸਟ੍ਰੇਲੀਆ ਦੀ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਹਾਲ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਵੱਸਦੇ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਘੁੰਗਰੂ” ਲੋਕ ਅਰਪਣ ਕੀਤਾ ਗਿਆ। ਆਸਟ੍ਰੇਲੀਆ ਵਿੱਚ ਸਾਹਿਤਕ ਖੇਤਰ ਵਿੱਚ ਨਵੀਆਂ ਪੈੜ੍ਹਾਂ ਪਾਉਣ ਲਈ ਵਚਨਬੱਧ ਇਸ ਹਰਿਆਵਲ ਦਸਤੇ ਵੱਲੋਂ ਹਰ ਮਹੀਨੇ ਕਵੀ ਦਰਬਾਰ ਦਾ ਆਯੋਜਨ ਪਿਛਲੇ ਤਿੰਨ ਸਾਲ ਤੋਂ ਬੇਰੋਕ ਜਾਰੀ ਹੈ। ਸਮਾਗਮ ਦੀ ਪ੍ਰਧਾਨਗੀ ਬ੍ਰਿਸਬੇਨ ਦੀ ਆਨਰੇਰੀ ਬ੍ਰਿਸਬੇਨ ਤੋਂ ਕੌਂਸਲੇਟ ਜਰਨਲ ਸ੍ਰੀਮਤੀ ਅਰਚਨਾ ਸਿੰਘ ਵੱਲੋਂ ਕੀਤੀ ਗਈ, ਉਨ੍ਹਾਂ ਦੇ ਨਾਲ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ ਅਤੇ ਪੰਜਾਬੀ ਲੇਖਿਕਾ ਗੁਰਮੀਤ ਕੌਰ ਸੰਧਾ ਸ਼ੁਸੋਭਿਤ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗਾਇਕ ਮਲਕੀਤ ਰੋਪੜ ਨੇ ਪ੍ਰੋ ਗੁਰਭਜਨ ਗਿੱਲ ਦਾ ਗੀਤ “ਲੋਰੀ” ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਲਿਆ। ਇਸ ਉਪਰੰਤ ਲਗਾਤਾਰ ਦੋ ਘੰਟੇ ਚੱਲੇ ਕਵਿਤਾ ਪਾਠ ਵਿੱਚ ਭਾਗ ਲੈਂਦਿਆਂ ਤੇਜਿੰਦਰ ਭੰਗੂ, ਸ਼ਾਇਰਾ ਹਰਜੀਤ ਸੰਧੂ, ਗੀਤਕਾਰ ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ, ਜਸਵੰਤ ਵਾਗਲਾ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਰਵਿੰਦਰ ਨਾਗਰਾ, ਮਨਜੀਤ ਬੋਪਾਰਾਏ, ਹਰਮਨਦੀਪ ਗਿੱਲ ਆਦਿ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਪਾਠਕਾਂ ਨੂੰ ਮੰਤਰ-ਮੁਗਧ ਬਣਾਈ ਰੱਖਿਆ। ਮਨਜੀਤ ਬੋਪਾਰਾਏ ਨੇ ਸੰਖੇਪ ਵਿੱਚ ਬੋਲਦਿਆਂ ਇੰਡੋਜ਼ ਦੀਆਂ ਪ੍ਰਾਪਤੀਆਂ ਅਤੇ ਵਿਸ਼ਵ ਦੀਆਂ ਸਾਹਿਤਕ ਸੰਸਥਾਵਾਂ ਨਾਲ ਅੰਤਰ-ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਸਭਾ ਦੇ ਅਗਲੇ ਪ੍ਰਕਾਸ਼ਣ ਕਾਰਜਾਂ ਬਾਰੇ ਦੱਸਿਆ ਗਿਆ। ਆਨਰੇਰੀ ਕੌਂਸਲੇਟ ਜਨਰਲ ਸ੍ਰੀਮਤੀ ਅਰਚਨਾ ਸਿੰਘ ਨੇ ਸਾਹਿਤ ਦੇ ਮਹੱਤਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਅੱਜ ਇਸ ਸਾਹਿਤਕ ਮਾਹੌਲ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਮਹਿਸੂਸ ਹੋ ਰਹੀ ਹੈ। ਇਸ ਮੌਕੇ ਸ੍ਰੀਮਤੀ ਅਰਚਨਾ ਸਿੰਘ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਈਚਾਰੇ ਨੂੰ ਦਿੱਤੇ ਸਹਿਯੋਗ ਅਤੇ ਪ੍ਰਬੰਧਕੀ ਕਾਰਜਾਂ ਲਈ ਵਿਸ਼ਸਟ ਸੇਵਾਵਾਂ ਐਵਾਰਡ ਪ੍ਰਦਾਨ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਨਿਭਾਈ ਗਈ।

Install Punjabi Akhbar App

Install
×