ਵਰਤਮਾਨ ਕਲਿਆਣਕਾਰੀ ਰਾਜ ਦੇ ਸੰਕਲਪ ਦਾ ਜਨਮਦਾਤਾ: ਸ੍ਰੀ ਗੁਰੂ ਨਾਨਕ ਦੇਵ ਜੀ

ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ। ਜਦੋਂ ਵੀ ਸਿੱਖ ਸੰਗਤ ਦੇ ਦਿਮਾਗ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖ਼ਿਆਲ ਆਉਂਦਾ ਹੈ ਤਾਂ ਉਹ ਸ਼ਾਂਤ ਚਿੱਤ ਹੋ ਜਾਂਦਾ ਹੈ। ਸਰਬੱਤ ਦਾ ਭਲਾ ਅਰਥਾਤ ਲੋਕਾਈ ਦੀ ਬਰਾਬਰਤਾ ਦਾ ਸੰਕਲਪ ਚਿਤਵਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ, ਜਿਸਨੇ ਸ਼ਾਂਤੀ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਸਰਬੱਤ ਦਾ ਭਲਾ ਲੋਕਾਈ ਦੇ ਕਿਸੇ ਇਕ ਵਰਗ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ। ਕੁੱਝ ਲੋਕ ਇਸ ਨੂੰ ਪੰਥ ਨਾਲ ਜੋੜ ਕੇ ਵੇਖਦੇ ਹਨ। ਸਰਬੱਤ ਦਾ ਭਲਾ ਹੀ ਇਕ ਕਿਸਮ ਨਾਲ ਕਲਿਆਣਕਾਰੀ ਰਾਜ ਹੁੰਦਾ ਹੈ। ਕਲਿਆਣਕਾਰੀ ਰਾਜ ਉਸਨੂੰ ਕਹਿੰਦੇ ਹਨ ਜਿਸ ਵਿਚ ਪਰਜਾ ਨੂੰ ਖਾਣ-ਪੀਣ, ਰਹਿਣ-ਸਹਿਣ, ਲਿਖਣ, ਬੋਲਣ, ਸਮਾਜਿਕ-ਆਰਥਿਕ ਬਰਾਬਰੀ, ਇਨਸਾਫ਼ ਦੇ ਬਰਾਬਰ ਮੌਕੇ ਮਿਲਦੇ ਹੋਣ ਅਤੇ ਜਾਤ-ਪਾਤ ਦਾ ਭੇਦ ਭਾਵ ਨਾ ਹੋਵੇ। ਭਾਵ ਸਾਰੀ ਲੋਕਾਈ ਨੂੰ ਬਰਾਬਰ ਸਹੂਲਤਾਂ ਮਿਲ ਰਹੀਆਂ ਹੋਣ। ਭਾਰਤ ਵਿਚ ਵੀ ਪਰਜਾ 14 ਵੀਂ ਸਦੀ ਤੱਕ ਇਨ੍ਹਾਂ ਸਾਰੀਆਂ ਨਿਆਮਤਾਂ ਤੋਂ ਵਾਂਝੀ ਸੀ। ਭਾਰਤ ਨੂੰ ਭਾਵੇਂ ਅਜੇ ਵਿਕਸਤ ਜਾਂ ਵਿਕਾਸਸ਼ੀਲ ਦੇਸਾਂ ਵਿਚ ਗਿਣਿਆਂ ਜਾਂਦਾ ਹੈ ਪ੍ਰੰਤੂ ਭਾਰਤ ਅਜਿਹਾ ਦੇਸ਼ ਹੈ, ਜਿਸਨੇ ਸੰਸਾਰ ਨੂੰ ਮਨੁੱਖਤਾ ਦੇ ਹਿਤਾਂ ਦੀ ਰਾਖੀ ਕਰਨ ਵਿਚ ਅਗਵਾਈ ਦਿੱਤੀ ਹੈ। ਦੁਨੀਆ ਦੇ ਪਰਜਾਤੰਤਰੀ ਪ੍ਰਣਾਲੀ ਵਾਲੇ ਦੇਸਾਂ ਵਿਚ ਆਪੋ ਆਪਣੇ ਦੇਸ ਨੂੰ ਬਿਹਤਰੀਨ ਕਲਿਆਣਕਾਰੀ ਰਾਜ ਦਰਸਾਉਣ ਦੀ ਦੌੜ ਲੱਗੀ ਹੋਈ ਹੈ। ਸੰਸਾਰ ਵਿਚ ਇਹ ਸਰਵ ਪ੍ਰਮਾਣਿਤ ਹੈ ਕਿ ਉਸ ਦੇਸ ਦੀ ਰਾਜਨੀਤਕ ਪ੍ਰਸ਼ਾਸਨਿਕ ਪ੍ਰਣਾਲੀ ਚੰਗੀ ਹੈ, ਜਿਹੜੀ ਉੱਥੋਂ ਦੇ ਵਸਨੀਕਾਂ ਨੂੰ ਮਨੁੱਖੀ ਅਧਿਕਾਰਾਂ, ਨਿਆਇ, ਬਰਾਬਰਤਾ, ਸਮਾਜਿਕ, ਆਰਥਿਕ, ਰਾਜਨੀਤਕ, ਲਿਖਣ, ਬੋਲਣ ਅਤੇ ਸਭਿਆਚਾਰਕ ਆਜ਼ਾਦੀ ਦਿੰਦੀ ਹੈ। ਆਮ ਤੌਰ ਤੇ ਸਰਸਰੀ ਨਜ਼ਰ ਮਾਰਿਆਂ ਇਹ ਸੁਣਿਆਂ ਜਾਂਦਾ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਹਾਲੈਂਡ, ਸਵਿਟਜ਼ਰਲੈਂਡ, ਜਰਮਨ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਚੱਜਾ ਜੀਵਨ ਜਿਓਣ ਲਈ ਬਿਹਤਰੀਨ ਸਹੂਲਤਾਂ ਦਿੰਦੇ ਹਨ।
ਅਮਰੀਕਾ ਵਾਲੇ ਅਬਰਾਹਿਮ ਲਿੰਕਨ ਨੂੰ ਇਹ ਸਿਹਰਾ ਦਿੰਦੇ ਹਨ ਕਿਉਂਕਿ ਜਦੋਂ 1861 ਵਿਚ ਅਮਰੀਕਾ ਦਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਬਣਿਆਂ ਤਾਂ ਉਸਨੇ ਲੋਕਾਂ ਦੀ ਸਰਕਾਰ, ਲੋਕਾਂ ਲਈ ਸਰਕਾਰ ਅਤੇ ਲੋਕਾਂ ਵੱਲੋਂ ਬਣਾਈ ਸਰਕਾਰ ਦੀ ਪ੍ਰਣਾਲੀ ਨੂੰ ਮਾਣਤਾ ਦਿੱਤੀ। ਉਸਨੇ ਹੀ ਗ਼ੁਲਾਮ ਰੱਖਣ ਦੀ ਪ੍ਰਥਾ ਨੂੰ ਖ਼ਤਮ ਕੀਤਾ। ਇਸ ਤੋਂ ਪਹਿਲਾਂ ਬਹੁਤੇ ਦੇਸ਼ਾਂ ਵਿਚ ਗ਼ਰੀਬ ਲੋਕਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਗ਼ਰੀਬਾਂ ਦੀ ਜ਼ਿੰਦਗੀ ਬਦ ਨਾਲੋਂ ਬਦਤਰ ਬਣੀ ਹੋਈ ਸੀ। ਰਾਜੇ ਮਹਾਰਾਜੇ ਮਨਮਾਨੀਆਂ ਕਰਦੇ ਸਨ। ਮਨੁੱਖ ਹੀ ਮਨੁੱਖਤਾ ਨਾਲ ਅਨਿਆਇ ਕਰ ਰਹੇ ਸਨ। ਅਮਰੀਕਨ ਕਹਿ ਰਹੇ ਹਨ ਕਿ ਅਬਰਾਹਿਮ ਲਿੰਕਨ ਨੇ ਕਲਿਆਣਕਾਰੀ ਰਾਜ ਦਾ ਸੁਪਨਾ ਲਿਆ ਸੀ। ਇਸ ਤੋਂ ਬਾਅਦ ਜਰਮਨ ਨੇ 1870 ਅਤੇ ਸਵਿਟਜ਼ਰਲੈਂਡ ਨੇ 1877 ਵਿਚ ਕਲਿਆਣਕਾਰੀ ਰਾਜ ਦੀ ਗੱਲ ਕੀਤੀ। ਉਸ ਤੋਂ ਬਾਅਦ ਤਾਂ ਹਰ ਦੇਸ਼ ਹੀ ਆਪਣੇ ਆਪ ਨੂੰ ਆਮ ਲੋਕਾਂ ਦੀਆਂ ਭਲਾਈ ਦੀਆਂ ਸਕੀਮਾਂ ਸ਼ੁਰੂ ਕਰਨ ਵਿਚ ਮੋਹਰੀ ਦੱਸਣ ਲੱਗ ਪਿਆ। ਸੰਸਾਰ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦ੍ਹਰਵੀਂ ਸਦੀ ਦੇ ਅਖ਼ੀਰ ਵਿਚ ਹੀ ਕਲਿਆਣਕਾਰੀ ਰਾਜ ਦਾ ਸੰਕਲਪ ਦਿੱਤਾ ਸੀ, ਜਦੋਂ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਾਬਰ ਬਾਣੀ ਲਿਖ ਕੇ ਉਦੋਂ ਦੇ ਰਾਜ ਪ੍ਰਬੰਧ ਨੂੰ ਕਲਿਆਣਕਾਰੀ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ੧੪੬੯ ਵਿਚ ਹੋਇਆ। ਸੁਰਤ ਸੰਭਾਲਣ ਤੋਂ ਥੋੜ੍ਹਾ ਸਮਾ ਬਾਅਦ ਹੀ ਉਨ੍ਹਾਂ ਆਪਣੀਆਂ ਕਲਿਆਣਕਾਰੀ ਰਾਜ ਸਥਾਪਤ ਕਰਨ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਨੂੰ ਬੱਚਾ ਸਮਝ ਕੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਪਾਈ ਗਈ। ਫਿਰ ਗੁਰੂ ਸਾਹਿਬ ਨੇ ਜਦੋਂ ਭੁੱਖੇ ਸਾਧੂਆਂ ਨੂੰ ਲੰਗਰ ਪਰਸ਼ਾਦਾ ਛਕਾ ਕੇ ਸੱਚਾ ਸੌਦਾ ਕਰਕੇ ਸਾਰਿਆ ਨੂੰ ਬਰਾਬਰ ਦੇ ਹੱਕਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਸ ਦੇ ਮਾਤਾ-ਪਿਤਾ ਉਨ੍ਹਾਂ ਨੂੰ ਸਮਝ ਨਾ ਸਕੇ।
ਸਮਾਂ ਬੀਤਦਾ ਗਿਆ ਪ੍ਰੰਤੂ ਬਾਲ ਨਾਨਕ ਦਾ ਮਨ ਉਚਾਟ ਰਹਿਣ ਲੱਗ ਪਿਆ। ਉਹ ਸਾਰੇ ਸਮਾਜ ਵਿਚ ਇਕਸੁਰਤਾ ਚਾਹੁੰਦੇ ਸਨ ਪ੍ਰੰਤੂ ਰਾਜੇ ਮਹਾਰਾਜੇ ਆਪਣੀਆਂ ਮਨਮਾਨੀਆਂ ਕਰਦੇ ਸਨ ਤਾਂ ਬਾਲਪਨ ਹੋਰ ਉਦਾਸ ਹੋਣ ਲੱਗ ਪਿਆ। ਜਦੋਂ ਉਨ੍ਹਾਂ ਵਕਤ ਦੇ ਹਾਕਮਾ ਦੀ ਨੌਕਰੀ ਕਰਦਿਆਂ ਤੇਰਾ ਤੇਰਾ ਕਹਿਕੇ ਰਾਸ਼ਨ ਦੇ ਦਿੱਤਾ ਤਾਂ ਫਿਰ ਵੀ ਮਾਲਕਾਂ ਨੂੰ ਸਮਝ ਨਾ ਆਈ ਕਿ ਬਾਲ ਨਾਨਕ ਕੀ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣਾ ਚਾਹੁੰਦੇ ਸਨ ਜੋ ਕਲਿਆਣਕਾਰੀ ਰਾਜ ਦਾ ਧੁਰਾ ਗਿਣਿਆਂ ਜਾ ਸਕਦਾ ਹੈ। ਗੁਰੂ ਸਾਹਿਬ ਨੇ ਅਜਿਹੀ ਸਥਿਤੀ ਵਿਚ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਜਿਸ ਵਿਚ ਲੋਕਾਈ ਨਾਲ ਹੋ ਰਹੇ ਅਨਿਆਇ ਦਾ ਦਰਦ ਦਾ ਪ੍ਰਗਟਾਵਾ ਹੁੰਦਾ ਸੀ। ਜਦੋਂ ਬਾਬਰ ਨੇ ਲੋਕਾਂ ਨਾਲ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂ ਧੱਕੇ ਨਾਲ ਲੋਕਾਂ ਤੋਂ ਰਕਮਾਂ ਵਸੂਲਣ ਲੱਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਨੇ ਬਾਬਰ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ ਕਿਹਾ-

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ॥
ਪਾਪ ਕੀ ਜੰਝੁ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ॥
ਸਰਮੁ ਧਰਮੁ ਛੁਪਿ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ॥


ਸ੍ਰੀ ਗੁਰੂ ਨਾਨਕ ਦੇਵ ਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਹੈ, ਉਨ੍ਹਾਂ ਬਾਬਰ ਵੱਲੋਂ ਪੂਰੇ ਹਿੰਦੁਸਤਾਨ ਨੂੰ ਡਰਾਉਣ ਬਾਰੇ ਲਿਖਿਆ ਹੈ। ਜੇਕਰ ਕਿਸੇ ਇਕ ਵਰਗ ਦੀ ਗੱਲ ਹੁੰਦੀ ਤਾਂ ਹਿੰਦੁਸਤਾਨ ਸ਼ਬਦ ਨਾ ਲਿਖਦੇ। ਉਹ ਕੌਮੀਅਤ ਦੀ ਗੱਲ ਕਰਦੇ ਹਨ। ਉਸ ਸਮੇਂ ਲੋਕ ਅਨਪੜ੍ਹ ਸਨ, ਗਿਆਨ ਦੀ ਘਾਟ ਸੀ। ਰਾਜੇ ਮਹਾਰਾਜਿਆਂ ਨੂੰ ਹੀ ਅੰਨਦਾਤੇ ਸਮਝਿਆ ਜਾਂਦਾ ਸੀ। ਊਚ ਨੀਚ, ਜ਼ਾਤ ਪਾਤ ਦਾ ਜ਼ੋਰ ਸੀ। ਗ਼ਰੀਬਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਸੀ ਸਗੋਂ ਅਮੀਰ ਲੋਕ ਉਨ੍ਹਾਂ ਤੋਂ ਵਗਾਰ ਕਰਵਾਉਂਦੇ ਸਨ। ਸਮੇਂ ਦੇ ਹੁਕਮਰਾਨ ਹੀ ਧਰਮ ਦੇ ਠੇਕੇਦਾਰ ਬਣੇ ਹੋਏ ਸਨ। ਸਗੋਂ ਧਰਮ ਹੀ ਜ਼ਾਤ ਪਾਤ ਦੇ ਭੇਦ ਭਾਵ ਪੈਦਾ ਕਰ ਰਿਹਾ ਸੀ। ਲੋਕਾਂ ਨੂੰ ਪਿਛਲੇ ਜਨਮਾ ਦੀ ਸਜਾ ਕਰਕੇ ਹੀ ਪੰਡਤ ਪਛੜੀਆਂ ਜ਼ਾਤਾਂ ਵਿਚ ਪੈਦਾ ਹੋਣ ਨੂੰ ਕਹਿ ਰਹੇ ਸੀ। ਨੀਵੀਂਆਂ ਜ਼ਾਤਾਂ ਵਾਲਿਆਂ ਨੂੰ ਉੱਚੀਆਂ ਜਾਤਾਂ ਵਾਲਿਆਂ ਦੀ ਸੇਵਾ ਕਰਨ ਨੂੰ ਕਿਹਾ ਜਾਂਦਾ ਸੀ ਤਾਂ ਜੋ ਉਨ੍ਹਾਂ ਦਾ ਅਗਲਾ ਜਨਮ ਸਫਲ ਹੋ ਸਕੇ। ਜਾਣ ਕੇ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਉਲਝਾ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲਈ ਕਿਹਾ ਜਾਂਦਾ ਸੀ। ਹਮਲਾਵਰਾਂ ਦੇ ਹਮਲਿਆਂ ਕਰਕੇ ਲੋਕਾਂ ਦੇ ਮਨੋਬਲ ਡਿੱਗੇ ਹੋਏ ਸਨ। ਲੋਕ ਰਾਜੇ ਮਹਾਰਾਜਿਆਂ ਨੂੰ ਹੀ ਰੱਬ ਸਮਝਦੇ ਸਨ। ਇਸ ਸਮਾਜਿਕ ਬੁਰਾਈ ਦਾ ਖ਼ਾਤਮਾ ਕਰਨ ਦੇ ਇਰਾਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਕਰਮਕਾਂਡ ਦੇ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਰੱਬ ਇੱਕ ਹੈ ਦਾ ਸੰਦੇਸ਼ ਦਿੱਤਾ। ਵੱਖ-ਵੱਖ ਧਰਮਾਂ ਅਤੇ ਮਜ਼੍ਹਬਾਂ ਵਿਚ ਵੰਡੀ ਹੋਈ ਲੋਕਾਈ ਨੂੰ ਇਕ ਲੜੀ ਵਿਚ ਪਰੋਣ ਦੀ ਕੋਸ਼ਿਸ਼ ਕੀਤੀ। ਲੰਗਰ ਦੀ ਪ੍ਰਥਾ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ। ਜ਼ਾਤ ਪਾਤ ਦੇ ਖ਼ਾਤਮੇ ਲਈ ਨੀਵੀਂ ਜ਼ਾਤ ਦੇ ਮਰਦਾਨੇ ਨੂੰ ਹਰ ਸਮੇਂ ਆਪਣੇ ਨਾਲ ਰੱਖਦੇ ਸਨ ਤਾਂ ਜੋ ਲੋਕਾਂ ਨੂੰ ਅਮਲੀ ਤੌਰ ਤੇ ਦੱਸਿਆ ਜਾਵੇ ਕਿ ਸਾਰੇ ਇਨਸਾਨ ਬਰਾਬਰ ਹਨ। ਇੱਥੋਂ ਤੱਕ ਕਿ ਸੰਸਾਰ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸਤਰੀ ਜ਼ਾਤੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿਵਾਉਣ ਲਈ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਲਿਖਿਆ-

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ॥

ਦੁੱਖ ਇਸ ਗੱਲ ਦਾ ਹੈ ਕਿ ਇਸਤਰੀਆਂ ਨੂੰ ਭਾਵੇਂ ਕੀਰਤਨ ਕਰਨ ਦੀ ਖੁੱਲ੍ਹ ਹੈ ਪ੍ਰੰਤੂ ਦਰਬਾਰ ਸਾਹਿਬ ਵਿਚ ਅਜੇ ਵੀ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਜਗਤ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁੱਧ ਜਿਹੜੇ ਕਾਰਜ ਕਰ ਰਹੇ ਹਨ ਉਨ੍ਹਾਂ ਤੋਂ ਛੁਟਕਾਰਾ ਪਾਇਆ ਜਾਵੇ। ਜ਼ਾਤ ਪਾਤ ਦੇ ਆਧਾਰਤ ਗੁਰੂ ਘਰ ਬਣਾਉਣ ਦੀ ਪਰੰਪਰਾ ਨੂੰ ਵੀ ਖ਼ਤਮ ਕਰਨਾ ਚਾਹੀਦਾ ਹੈ। ਸੰਸਾਰ ਦੇ ਕਈ ਦੇਸ਼ਾਂ ਵਿਚ ਅਜੇ ਤੱਕ ਵੀ ਇਸਤਰੀਆਂ ਨੂੰ ਪੂਰੀ ਆਜ਼ਾਦੀ ਨਹੀਂ ਉਨ੍ਹਾਂ ਉਪਰ ਅਰਬ ਦੇਸ਼ਾਂ ਵਿਚ ਬਹੁਤ ਸਾਰੀਆਂ ਪਾਬੰਦੀਆਂ ਹਨ। ਬੁਰਕਾ ਪਾਉਣ ਦੀ ਪ੍ਰਥਾ ਇਸਤਰੀ ਦੀ ਗ਼ੁਲਾਮੀ ਦਾ ਪ੍ਰਤੀਕ ਹੈ। ਜਦੋਂ ਗ਼ਰੀਬ ਲੋਕਾਂ ਦੇ ਹੱਕਾਂ ਤੇ ਹਮਲੇ ਹੋ ਰਹੇ ਸਨ ਤਾਂ ਗੁਰੂ ਸਾਹਿਬ ਨੇ ਗ਼ਰੀਬਾਂ ਦੇ ਹੱਕ ਮਾਰਨ ਵਾਲਿਆਂ ਨੂੰ ਸਮਝਾਉਣ ਲਈ ਵੰਗਾਰਦਿਆਂ ਉਨ੍ਹਾਂ ਨੇ ਇਹ ਸ਼ਬਦ ਉਚਾਰਿਆ-

ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ..

ਉਸ ਸਮੇਂ ਦੇ ਰਾਜਿਆਂ ਦੀਆਂ ਜ਼ੋਰ ਜ਼ਬਰਦਸਤੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਦੇ ਵਿਰੁੱਧ ਵੀ ਉਨ੍ਹਾਂ ਗੁਰਬਾਣੀ ਵਿਚ ਲਿਖਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਮਹਾਂ ਪੁਰਸ਼ ਹਨ, ਜਿਨ੍ਹਾਂ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦੇ ਕੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸੰਵਾਦ ਦੀ ਪ੍ਰਥਾ ਉਨ੍ਹਾਂ ਸਿੱਧਾਂ ਨਾਲ ਗੋਸ਼ਟੀ ਕਰਕੇ ਸ਼ੁਰੂ ਕੀਤੀ। ਜਿਸ ਦਾ ਅਰਥ ਹੈ ਕਿ ਪਰਜਾਤੰਤਰ ਵਿਚ ਹਰ ਮਸਲੇ ਦਾ ਹੱਲ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ। ਮੱਕੇ ਜਾ ਕੇ ਉਨ੍ਹਾਂ ਮੌਲਵੀਆਂ ਨੂੰ ਦਲੀਲ ਨਾਲ ਸਮਝਾਇਆ ਕਿ ਪ੍ਰਮਾਤਮਾ ਹਰ ਥਾਂ ਹੈ। ਉਨ੍ਹਾਂ ਦੀ ਗੁਰਬਾਣੀ ਅਤੇ ਜੀਵਨ ਦੀਆਂ ਘਟਨਾਵਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਸਭ ਤੋਂ ਪਹਿਲਾਂ ਦੁਨੀਆ ਵਿਚ ਕਲਿਆਣਕਾਰੀ ਰਾਜ ਦਾ ਸਪਨਾ ਲਿਆ ਸੀ, ਜਿਹੜਾ ਬਾਅਦ ਵਿਚ ਜਾ ਕੇ ਸੰਪੂਰਨ ਹੋਇਆ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਗੁਰੂ ਨਾਨਕ ਦੇਵ ਜੀ ਨੂੰ ਤਾਂ ਮੰਨਦੇ ਹਨ। ਮੱਥੇ ਰਗੜਦੇ ਹਨ ਪ੍ਰੰਤੂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਇਸ ਲਈ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਮੁੱਚੇ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣਗੇ ਕਰਮ ਕਾਂਡਾਂ ਵਿਚੋਂ ਬਾਹਰ ਆਉਣਗੇ। ਉਨ੍ਹਾਂ ਉਸ ਸਮੇਂ ਆਪਣੀ ਬਾਣੀ ਵਿਚ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ। ਹਵਾ, ਧਰਤੀ ਤੇ ਪਾਣੀ ਦੀ ਮਹੱਤਤਾ ਦਰਸਾਉਣ ਲਈ ਗੁਰੂ , ਮਾਤਾ ਅਤੇ ਪਿਤਾ ਦਾ ਦਰਜਾ ਦਿੱਤਾ।