ਕਾਂਗਰਸ ਵੱਲੋਂ ਸੂਬਾ ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਧਰਨੇ ਪ੍ਰਦਰਸ਼ਨਾਂ ਦੀ ਅਬੋਹਰ ਤੋਂ ਹੋਈ ਸ਼ੁਰੂਆਤ

cong

ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਵੋਟਾਂ ਲੈਣ ਲਈ ਸੂਬੇ ਦੇ ਸ਼ਹਿਰਾਂ ਵਿਚ ਕਰੀਬ 1408 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਜੋ ਨੀਂਹ ਪੱਥਰ ਧੜਾਧੜ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਰੱਖੇ ਗਏ ਸਨ ਉਹ ਲੋਕਾਂ ਨਾਲ ਧੋਖਾ ਸਾਬਤ ਹੋਏ ਹਨ। ਕਿਉਂਕਿ ਯੂ.ਪੀ.ਏ. ਸਰਕਾਰ ਵੱਲੋਂ ਮਨਜ਼ੂਰ ਕੀਤੇ ਇਹ ਪ੍ਰੋਜੈਕਟ ਅਕਾਲੀਆਂ ਦੇ ਸਿਆਸੀ ਸਾਂਝ ਵਾਲਿਆਂ ਦੀ ਸਰਕਾਰ ਨੇ ਰੱਦ ਕਰ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਸੂਬਾ ਸਰਕਾਰ ਖ਼ਿਲਾਫ਼ ਕਾਂਗਰਸ ਵੱਲੋਂ ਵਿੱਢੀ ਮੁਹਿੰਮ ਦੀ ਸ਼ੁਰੂਆਤ ਤਹਿਤ ਇੱਥੇ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਜਾਖੜ ਨੇ ਉਪ ਮੁੱਖ ਮੰਤਰੀ ਵੱਲੋਂ ਅਬੋਹਰ ‘ਚ ਲਾਏ 73 ਕਰੋੜ ਦੇ ਸੀਵਰੇਜ ਸਿਸਟਮ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵਿਖਾਉਂਦਿਆਂ ਕਿਹਾ ਕਿ ਕੇਂਦਰ ‘ਚ ਐਨ.ਡੀ.ਏ. ਸਰਕਾਰ ਆਉਣ ‘ਤੇ ਪੈਸਿਆਂ ਦੇ ਟਰੱਕ ਲਿਆਉਣ ਵਾਲੀਆਂ ਗੱਲਾਂ ਕਰਨ ਵਾਲਿਆਂ ਲਈ ਇਹ ਬੜੀ ਸ਼ਰਮ ਵਾਲੀ ਗੱਲ ਹੈ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਫਰਵਰੀ 2014 ‘ਚ ਸੂਬੇ ਭਰ ‘ਚ ਕਰੀਬ 50 ਪ੍ਰੋਜੈਕਟ ਦੇ ਨੀਂਹ ਪੱਥਰ ਧੜਾਧੜ ਰੱਖੇ ਗਏ ਸਨ। ਤੇ ਬਾਅਦ ‘ਚ 8 ਸਤੰਬਰ ਨੂੰ ਤੇ ਫਿਰ 16 ਅਕਤੂਬਰ ਨੂੰ ਦਾਅਵੇ ਕੀਤੇ ਕਿ ਸੂਬੇ ਦੇ ਸ਼ਹਿਰਾਂ ਨੂੰ ਵਧੀਆ ਬਣਾ ਦਿਆਂਗੇ ਪਰ ਹਰਿਆਣੇ ਦੇ ਨਤੀਜੇ ਬਾਅਦ ਕੇਂਦਰ ਸਰਕਾਰ ਨੇ ਵੱਡਾ ਝਟਕਾ ਦੇ ਕੇ ਜਿੱਥੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਉੱਥੇ ਅਕਾਲੀ ਦਲ ਨੂੰ ਵੀ ਸਬਕ ਸਿਖਾ ਦਿੱਤਾ ਹੈ। ਸਾਰੇ ਪੰਜਾਬ ‘ਚ ਇਹ ਧਰਨੇ, ਪ੍ਰਦਰਸ਼ਨ ਚੱਲਣਗੇ। ਜਾਖੜ ਨੇ ਕਿਹਾ ਕਿ ਪੰਜਾਬ ਵਿਚ ਵਿੱਤੀ ਸੰਕਟ ਆਇਆ ਪਿਆ ਹੈ। ਜਿਸ ਕਾਰਨ ਤਨਖ਼ਾਹਾਂ ਲਈ ਕਰਮਚਾਰੀ ਤੇ ਕਿਸਾਨ ਮੰਡੀਆਂ ‘ਚ ਅਦਾਇਗੀ ਨਾ ਹੋਣ ਕਾਰਨ ਰੁਲ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ।

(ਸੁਖਜਿੰਦਰ ਸਿੰਘ ਢਿੱਲੋਂ)