ਨਿਗਮ ਅੰਦਰ ਕਾਂਗਰਸ ਦੀ ਸਫ਼ਾਈ ਮੁਹਿੰਮ -ਮੇਅਰ ਬਠਿੰਡਾ ਰਮਨ ਗੋਇਲ ਸਮੇਤ ਪੰਜ ਕੌਂਸਲਰ ਪਾਰਟੀ ਚੋਂ ਕੱਢੇ

(ਬਠਿੰਡਾ) -ਪੰਜਾਬ ਪ੍ਰਦੇਸ ਕਾਂਗਰਸ ਨੇ ਨਗਰ ਨਿਗਮ ਬਠਿੰਡਾ ਉੱਪਰ ਕਾਬਜ ਆਪਣੀ ਪਾਰਟੀ ਵਿਚਲੇ ਗਰੁੱਪ ‘ਚ ਸਫ਼ਾਈ ਮੁਹਿੰਮ ਸੁਰੂ ਕੀਤੀ ਹੈ। ਜਿਸ ਤਹਿਤ ਨਿਗਮ ਚੋਣਾਂ ਸਮੇਂ ਉਸ ਵਕਤ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਾਰਟੀ ਕੌਂਸਲਰਾਂ ਦੀ ਬਜਾਏ ਮੇਅਰ ਨਿਯੁਕਤ ਕੀਤੀ ਆਪਣੇ ਅਤੀ ਨਜਦੀਕੀ ਦੀ ਪਤਨੀ ਸ੍ਰੀਮਤੀ ਰਮਨ ਗੋਇਲ ਸਮੇਤ ਪੰਜ ਕੌਂਸਲਰਾਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ (ਰਾਜਾ ਵੜਿੰਗ) ਨੇ ਛੇ ਸਾਲਾਂ ਲਈ ਪਾਰਟੀ ਚੋਂ ਕੱਢ ਕੇ ਇਹ ਸੁਰੂਆਤ ਕਰ ਦਿੱਤੀ ਹੈ।
ਪਿਛਲੀ ਕਾਂਗਰਸ ਸਰਕਾਰ ਦੌਰਾਨ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਉਪਰੰਤ ਸਮੇਂ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਨਜਦੀਕੀ ਇੱਕ ਠੇਕੇਦਾਰ ਦੀ ਪਤਨੀ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਸੀ। ਉਸ ਸਮੇਂ ਇਸ ਨਿਯੁਕਤੀ ਤੇ ਬਹੁਤ ਰੌਲਾ ਪਿਆ ਸੀ, ਕਿਉਂਕਿ ਚੁਣੇ ਹੋਏ ਕੌਂਸਲਰਾਂ ਵਿੱਚ ਟਕਸਾਲੀ ਕਾਂਗਰਸੀਆਂ ਦੇ ਹੋਣ ਦੇ ਬਾਵਜੂਦ ਰਮਨ ਗੋਇਲ ਨੂੰ ਮੇਅਰ ਬਣਾਇਆ ਗਿਆ, ਜਦੋਂ ਕਿ ਉਹ ਉਸ ਸਮੇਂ ਕਾਂਗਰਸ ਦੀ ਮੁਢਲੀ ਮੈਂਬਰ ਵੀ ਨਹੀਂ ਸੀ। ਉਸ ਸਮੇਂ ਤੋਂ ਹੀ ਨਿਗਮ ਵਿੱਚ ਭ੍ਰਿਸ਼ਟਾਚਾਰ, ਸ਼ਹਿਰ ਵਿੱਚ ਨਜਾਇਜ ਕਬਜਿਆਂ ਆਦਿ ਦੀ ਕਥਿਤ ਚਰਚਾ ਹੁੰਦੀ ਰਹੀ ਹੈ। ਕਾਂਗਰਸ ਪਾਰਟੀ ਦੇ ਬਹੁਤੇ ਨਗਰ ਕੌਂਸਲਰ ਉਸ ਸਮੇਂ ਤੋਂ ਮੇਅਰ ਬਦਲਣ ਦੀ ਮੰਗ ਕਰਦੇ ਰਹੇ ਹਨ, ਪਰ ਸ੍ਰ: ਬਾਦਲ ਦੀ ਸ੍ਰਪਰਸਤੀ ਕਾਰਨ ਉਹਨਾਂ ਦੀ ਕਿਸੇ ਨੇ ਨਾ ਸੁਣੀ।
ਵਿਧਾਨ ਸਭਾ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਅਤੇ ਹਲਕਾ ਸ਼ਹਿਰੀ ਬਠਿੰਡਾ ਤੋਂ ਸੱਤਾਧਾਰੀ ਪਾਰਟੀ ਦੇ ਸ੍ਰ: ਜਗਰੂਪ ਸਿੰਘ ਗਿੱਲ ਵਿਧਾਇਕ ਬਣ ਗਏ। ਸ੍ਰ: ਗਿੱਲ ਵੱਲੋਂ ਜਮਹੂਰੀਅਤ ਵਿੱਚ ਵਿਸਵਾਸ਼ ਰਖਦੇ ਹੋਣ ਸਦਕਾ ਕਾਂਗਰਸ ਬਹੁਗਿਣਤੀ ਵਾਲੀ ਨਿਗਮ ਵਿੱਚ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ ਗਈ। ਇਸੇ ਦੌਰਾਨ ਸ੍ਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਚਲੇ ਗਏ। ਉਹਨਾਂ ਨੂੰ ਵੱਡੀ ਆਸ ਸੀ ਕਿ ਦਰਜਨਾਂ ਕੌਂਸਲਰ ਉਹਨਾਂ ਦੇ ਇੱਕ ਇਸਾਰੇ ਤੇ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ, ਪਰ ਉਹਨਾਂ ਦੀ ਇਸ ਆਸ ਨੂੰ ਬੂਰ ਨਾ ਪਿਆ। ਨਿਗਮ ਵਿੱਚ ਕਾਂਗਰਸ ਪਾਰਟੀ ਦੇ ਟਕਸਾਲੀ ਕੌਂਸਲਰ ਇੱਕਜੁਟਤਾ ਨਾਲ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਹਨ, ਉਹਨਾਂ ਧੱਕੇ ਨਾਲ ਥੋਪੀ ਗਈ ਮੇਅਰ ਨੂੰ ਕੁਰਸੀ ਤੋਂ ਪਾਸੇ ਕਰਨ ਲਈ ਯਤਨ ਜਾਰੀ ਰੱਖੇ ਹੋਏ ਹਨ।
ਬੀਤੇ ਦਿਨ ਕਾਂਗਰਸ ਦੇ ਸੁਬਾਈ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਾਰਟੀ ਦੇ ਵਫ਼ਾਦਾਰ ਕੌਂਸਲਰਾਂ ਦੀ ਕਦਰ ਕਰਦਿਆਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਖਾਸਮ ਖਾਸ ਸ੍ਰੀਮਤੀ ਰਮਨ ਗੋਇਲ ਮੇਅਰ ਬਠਿੰਡਾ ਅਤੇ ਕੌਂਸਲਰਾਂ ਇੰਦਰਜੀਤ ਸਿੰਘ, ਆਤਮਾ ਸਿੰਘ, ਸੁਖਰਾਜ ਸਿੰਘ ਔਲਖ ਤੇ ਰਜਤ ਰਾਹੀ ਨੂੰ ਛੇ ਸਾਲਾਂ ਲਈ ਪਾਰਟੀ ਚੋਂ ਕੱਢ ਦਿੱਤਾ। ਇਹ ਕਾਰਵਾਈ ਜਿਲ੍ਹਾ ਪ੍ਰਧਾਨ ਸ੍ਰੀ ਰਾਜਨ ਗਰਗ ਦੀ ਸਿਫ਼ਾਰਸ ਤੇ ਪਾਰਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਪੰਜਾਬ ਪ੍ਰਦੇਸ ਕਾਂਗਰਸ ਦੇ ਦਸਤਖਤਾਂ ਹੇਠ ਕੀਤੀ ਗਈ ਹੈ। ਇਸਤੋ ਬਾਅਦ ਹੁਣ ਨਗਰ ਨਿਗਮ ਦੀ ਮੇਅਰ ਬਣੀ ਰਹਿਣ ਲਈ ਰਮਨ ਗੋਇਲ ਨੂੰ ਬਹੁਸੰਮਤੀ ਵਿਖਾਉਣ ਲਈ ਦਬਾਅ ਬਣਾਇਆ ਜਾਵੇਗਾ। ਸ੍ਰੀਮਤੀ ਗੋਇਲ ਬਹੁਸੰਮਤੀ ਵਿਖਾ ਸਕੇਗੀ ਜਾਂ ਨਹੀਂ? ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਪਰ ਪੰਜਾਬ ਕਾਂਗਰਸ ਨੇ ਮਨਪ੍ਰੀਤ ਬਾਦਲ ਦੇ ਨਜਦੀਕੀਆਂ ਨੂੰ ਕੱਢ ਕੇ ਨਿਗਮ ਅੰਦਰਲੀ ਕਾਂਗਰਸ ਪਾਰਟੀ ਵਿੱਚ ਸਫ਼ਾਈ ਮੁਹਿੰਮ ਜਰੂਰ ਸੁਰੂ ਕਰ ਦਿੱਤੀ ਹੈ। ਇਸ ਕਾਰਵਾਈ ਉਪਰੰਤ ਹੁਣ ਨਿਗਮ ਅੰਦਰ ਉਠਦੇ ਰਹੇ ਭ੍ਰਿਸ਼ਟਾਚਾਰ ਜਾਂ ਨਜਾਇਜ ਕਬਜਿਆਂ ਆਦਿ ਬਾਰੇ ਵੀ ਜਾਂਚ ਪੜਤਾਲ ਖੁਲ੍ਹਣ ਦੀ ਉਮੀਦ ਜਤਾਈ ਜਾ ਰਹੀ ਹੈ।