ਇਥੋਪੀਆ ਦੇ ਟ੍ਰਿਗਰੀ ਖੇਤਰ ਵਿੱਚ ਹਥਿਆਰਬੰਦ ਲੜਾਈ -ਦਰਜਨਾਂ ਆਸਟ੍ਰੇਲੀਆਈ ਫਸੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੱਕ ਰਿਪੋਰਟ ਮੁਤਾਬਿਕ, ਇਥੋਪੀਆ ਦੇ ਟ੍ਰਿਗਰੀ ਖੇਤਰ ਵਿੱਚ ਹਥਿਆਰਬੰਦ ਫੌਜਾਂ ਅਤੇ ਖੇਤਰ ਵਿਚਲੇ ਲੀਡਰਾਂ (ਟ੍ਰਿਗਰੀ ਪੀਪਲਜ਼ ਲਿਬਰੇਸ਼ਨ ਫਰੰਟ) ਵਿਚਾਲੇ ਜ਼ਬਰਦਸਤ ਲੜਾਈ ਹੋਣ ਕਾਰਨ ਉਥੇ ਸੈਂਕੜੇ ਲੋਕ ਮਾਰੇ ਜਾ ਰਹੇ ਹਨ। ਜ਼ਿਆਦਾਤਰ ਲੋਕ ਉਕਤ ਖੇਤਰ ਨੂੰ ਛੱਡ ਕੇ ਨਾਲ ਦੇ ਸੁਰੱਖਿਅਤ ਥਾਵਾਂ ਅਤੇ ਇੱਥੋਂ ਤੱਕ ਕਿ ਦੂਸਰੇ ਮੁਲਕ ਸੁਡਾਨ ਵਿੱਚ ਵੀ ਜਾ ਛੁਪੇ ਹਨ ਪਰੰਤੂ ਹੋਰਾਂ ਦੇ ਨਾਲ ਨਾਲ 50 ਤੋਂ ਵੀ ਜ਼ਿਆਦਾ ਆਸਟ੍ਰੇਲੀਆਈ ਉਥੇ ਫਸ ਗਏ ਹਨ। ਯੂ.ਐਨ. ਰਫੂਜੀ ਅਜੰਸੀ ਦੀਆਂ ਖ਼ਬਰਾਂ ਮੁਤਾਬਿਕ 40,000 ਤੋਂ ਵੀ ਜ਼ਿਆਦਾ ਲੋਕ ਉਥੋਂ ਭੱਜ ਕੇ ਸੁਡਾਨ ਚਲੇ ਗਏ ਹਨ। ਲੜਾਈ ਕਾਰਨ ਉਥੇ ਹਾਲਾਤ ਇੰਨੇ ਬਦ ਤੋਂ ਬਦਤਰ ਹੋ ਰਹੇ ਹਨ ਕਿ ਕਿਸੇ ਨਾਲ ਮੋਬਾਇਲ ਜਾਂ ਫੋਨ ਉਪਰ ਸੰਪਰਕ ਕਰਨਾ ਵੀ ਦੁਸ਼ਵਾਰ ਹੋਇਆ ਪਿਆ ਹੈ ਕਿਉਂਕਿ ਸਭ ਸਿਗਨਲ ਆਦਿ ਬੰਦ ਕਰ ਦਿੱਤੇ ਗਏ ਹਨ। ਖ਼ਬਰਾਂ ਇਹ ਵ ਹਨ ਕਿ ਪਹਿਲਾਂ ਹੀ ਕੋਵਿਡ-19 ਕਾਰਨ ਆਸਟ੍ਰੇਲੀਆਈ ਲੋਕ ਉਥੇ ਫਸੇ ਹੋਏ ਸਨ ਕਿਉਂਕਿ ਜਹਾਜ਼ ਰਾਹੀਂ ਸਫ਼ਰ ਬਹੁਤ ਮਹਿੰਗਾ ਹੋਇਆ ਪਿਆ ਹੈ ਅਤੇ ਇੱਕ ਇੱਕ ਟਿਕਟ ਲਈ 16,000 ਡਾਲਰ ਤੱਕ ਦੇਣੇ ਪੈ ਰਹੇ ਹਨ, ਅਤੇ ਹੁਣ ਇਸ ਲੜਾਈ ਨੇ ਲੋਕਾਂ ਨੂੰ ਉਥੇ ਬੁਰੀ ਤਰ੍ਹਾਂ ਨਾਲ ਫਸਾ ਦਿੱਤਾ ਹੈ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਵੀ ਅਸੰਭਵ ਜਾਪ ਰਿਹਾ ਹੈ। ਲੋਕ ਵਾਰ ਵਾਰ ਆਸਟ੍ਰੇਲੀਆਈ ਸਰਕਾਰ ਨੂੰ ਫੋਨ ਕਾਲਾਂ ਕਰ ਕੇ ਅਪੀਲ ਕਰ ਰਹੇ ਹਨ ਕਿ ਉਹ ਤੁਰੰਤ ਇਥੋਪੀਆਈ ਸਰਕਾਰ ਨਾਲ ਗੱਲਬਾਤ ਕਰੇ ਅਤੇ ਉਨ੍ਹਾਂ ਦੇ ਰਿਸ਼ਤੇ-ਨਾਤੇਦਾਰਾਂ ਨੂੰ ਉਥੋਂ ਸਹੀ ਸਲਾਮਤ ਕੱਢਣ ਦਾ ਇੰਤਜ਼ਾਮ ਕਰੇ। ਪਰੰਤੂ ਸਰਕਾਰ ਵੱਲੋਂ ਹਾਲੇ ਤੱਕ ਕੋਈ ਉਚਿਤ ਕਦਮ ਨਹੀਂ ਚੁਕਿਆ ਜਾ ਰਿਹਾ ਅਤੇ ਅਪੀਲ ਲਗਾਤਾਰ ਜਾਰੀ ਹੈ। ਅਨੁਮਾਨ ਲਗਾਇਆ ਇਹ ਵੀ ਜਾ ਰਿਹਾ ਹੈ ਕਿ ਲਿਬਰੇਸ਼ਨ ਫਰੰਟ ਦੇ ਕਰਿੰਦਿਆਂ ਨੇ ਸਰਕਾਰ ਅੱਗੇ ਆਤਮ-ਸਮਰਪਣ ਦੇ 72 ਘੰਟਿਆਂ ਦੇ ਸਮੇਂ ਨੂੰ ਨਾ ਮੰਨਦਿਆਂ ਲੜਾਈ ਜਾਰੀ ਰੱਖੀ ਹੋਈ ਹੈ ਅਤੇ ਇਸ ਵਾਸਤੇ ਸੰਘਰਸ਼ ਹੋਰ ਵੀ ਤੇਜ਼ ਹੋ ਰਿਹਾ ਹੈ।

Install Punjabi Akhbar App

Install
×