
ਬਠਿੰਡਾ -ਪੰਜਾਬੀ ਦੇ ਉਘੇ ਸਾਹਿਤਕਾਰਾ ਸ੍ਰੀਮਤੀ ਤਾਰਨ ਗੁਜਰਾਲ ਅਤੇ ਪ੍ਰਿਸੀਪਲ ਤਰਸੇਮ ਬਾਹੀਆ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ੍ਰੀ ਤਾਰਨ ਗੁਜਰਾਲ ਲੇਖਿਕਾ ਹੀ ਨਹੀਂ ਸੀ, ਉਹ ਹੋਰ ਵੀ ਅਨੇਕਾਂ ਗੁਣਾਂ ਤੇ ਕਲਾਵਾਂ ਦਾ ਮੁਜੱਸਮਾ ਸਨ। ਉਹਨਾਂ ਕਹਾਣੀਆਂ, ਬਾਲ ਸਾਹਿਤ, ਕਵਿਤਾ ਤੇ ਗੀਤ ਲਿਖੇ ਅਤੇ ਗਾਏ। ਉਹ ਪੁਰਸੋਜ਼ ਆਵਾਜ਼ ਤੇ ਤਰੱਨਮ ਦਾ ਖੂਬਸੂਰਤ ਸੁਮੇਲ ਸਨ। ਸ੍ਰੀਮਤੀ ਤਾਰਨ ਦਾ ਕਾਲਮ ਸੰਸਾਰ ਵਿਸ਼ਾਲ ਹੈ, ‘ਜੁਗਨੂੰਆਂ ਦਾ ਕਬਿਰਸਤਾਨ, ਇਬਨੇ ਮਰੀਅਮ, ਉਰਵਾਰ ਪਾਰ, ਰੱਤ ਦਾ ਕੁੰਗੂ, ਕਪਰਾ ਮਹਿਲ ਅਤੇ ਅਟਾਰੀ ਬਾਜ਼ਾਰ ਉਹਨਾਂ ਦੀਆਂ ਬਹੁਤ ਜੀਵੰਤ ਕਹਾਣੀਆਂ ਵਾਲੀਆਂ ਕਿਤਾਬਾਂ ਹਨ।
ਪ੍ਰਿ: ਤਰਸੇਮ ਬਾਹੀਆਂ ਉੱਘੇ ਸਿੱਖਿਆ ਸ਼ਾਸਤਰੀ ਤੇ ਖਾੜਕੂ ਟਰੇਡ ਯੂਨੀਅਨਿਸਟ ਹੀ ਨਹੀਂ ਬਲਕਿ ਹਰ ਤਰ੍ਹਾਂ ਦੀ ਲੁੱਟ ਘਸੁੱਟ ਤੋਂ ਰਹਿਤ ਨਵੇਂ ਸਮਾਜ ਦੀ ਸਿਰਜਣਾ ਦੇ ਧਾਰਨੀ ਸਨ। ਕਰੀਬ 28 ਸਾਲ ਦਾ ਅਧਿਆਪਨ ਕਾਰਜ ਕੀਤਾ, ਪ੍ਰਿਸੀਪਲ ਦੇ ਅਹੁਦੇ ਤੇ ਰਹੇ ਅਤੇ ਸੇਵਾਮੁਕਤੀ ਤੋਂ ਬਾਅਦ ਉਹ ਲਿੰਕਨ ਕਾਲਜ ਆਫ ਲਾਅ ਐਂਡ ਲਿੰਕਨ ਕਾਲਜ ਆਫ਼ ਐਜੂਕੇਸ਼ਨ ਸਰਹਿੰਦ ਦੇ ਡਾਇਰੈਕਟਰ ਰਹੇ। ‘ਸੀਨੇ ਖਿੱਚ ਜਿਹਨਾਂ ਨੇ ਖਾਧੀ’ ਤੇ ‘ਅਧਿਆਪਕ ਲਹਿਰ ਦੀਆਂ ਯਾਦਾਂ’ ਉਹਨਾਂ ਦੀਆਂ ਲਿਖੀਆਂ ਦੋ ਮਸਹੂਰ ਕਿਤਾਬਾਂ ਹਨ।
ਦੋਵੇਂ ਸਾਹਿਤਕਾਰਾਂ ਦੇ ਅਕਾਲ ਚਲਾਣੇ ਨਾਲ ਸਾਹਿਤਕ ਸੰਸਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਸਭਾ ਦੇ ਸਰਪ੍ਰਸਤ ਡਾ: ਅਜੀਤਪਾਲ ਸਿੰਘ, ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਸੀਨੀਅਰ ਮੀਤ ਪਧਾਨ ਸੁਖਦਰਸਨ ਗਰਗ, ਜਨਰਲ ਸਕੱਤਰ ਭੁਪਿੰਦਰ ਸੰਧੂ, ਸਕੱਤਰ ਡਾ: ਜਸਪਾਲਜੀਤ, ਸਲਾਹਕਾਰ ਜਗਮੇਲ ਸਿੰਘ ਜਠੌਲ, ਅਮਰਜੀਤ ਸਿੰਘ ਪੇਂਟਰ, ਮੁੱਖ ਸਲਾਕਾਰ ਡਾ: ਸਤਨਾਮ ਸਿੰਘ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਵਿੱਤ ਸਕੱਤਰ ਦਵੀ ਸਿੱਧੂ ਆਦਿ ਸਾਮਲ ਸਨ।