ਫਿਰਕਾਪ੍ਰਸਤੀ ਨੂੰ ਭਾਂਜ ਦੇ ਕੇ, ਖੱਬੀਆਂ ਧਿਰਾਂ ਦੀ ਤਾਕਤ ਵਧਾ ਕੇ ਕੇਂਦਰ ‘ਚ

  • ਧਰਮ ਨਿਰਪੱਖ ਸਰਕਾਰ ਕਾਇਮ ਕੀਤੀ ਜਾਵੇਗੀ- ਕਾ: ਸੇਖੋਂ
  • ਨਾ ਮੋਦੀ ਸਰਕਾਰ ਨੇ ਵਾਅਦੇ ਪੂਰੇ ਕੀਤੇ ਨਾ ਕੈਪਟਨ ਸਰਕਾਰ ਨੇ- ਸੂਬਾ ਸਕੱਤਰ

Com. Sukhwinder Singh Sekhon

ਬਠਿੰਡਾ/14 ਮਾਰਚ/ – ਦੇਸ਼ ਭਰ ‘ਚ ਫੈਲੀ ਫਿਰਕਾਪ੍ਰਸਤੀ ਨੂੰ ਭਾਂਜ ਦੇਣ, ਸੰਸਦ ਵਿੱਚ ਖੱਬੀਆਂ ਪਾਰਟੀਆਂ ਦੀ ਤਾਕਤ ਵਧਾਉਣ ਅਤੇ ਕੇਂਦਰ ਵਿੱਚ ਧਰਮ ਨਿਰਪੱਖ ਸਰਕਾਰ ਕਾਇਮ ਕਰਨ ਲਈ ਸੀ ਪੀ ਆਈ ਐੱਮ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਨਿੱਤਰੀ ਹੈ ਅਤੇ ਇਸ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਕਰਕੇ ਦੇਸ਼ ਦੀ ਜਨਤਾ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ। ਇਹ ਐਲਾਨ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸੇਖੋਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੌਰਾਨ ਫਿਰਕਾਪ੍ਰਸਤੀ ਵਿੱਚ ਚੋਖਾ ਵਾਧਾ ਹੋਇਆ ਹੈ, ਆਰ ਐੱਸ ਐੱਸ ਦਾ ਏਜੰਡਾ ਲਾਗੂ ਕਰਦਿਆਂ ਗਊ ਹੱਤਿਆ ਜਾਂ ਗਊ ਮਾਸ ਦੇ ਨਾਂ ਹੇਠ ਕਤਲ ਕੀਤੇ ਗਏ ਅਤੇ ਮਾਰਕੁੱਟ ਹੁੰਦੀ ਰਹੀ ਹੈ, ਜੋ ਵਿਅਕਤੀਗਤ ਅਧਿਕਾਰਾਂ ਵਿੱਚ ਦਖ਼ਲ ਅੰਦਾਜ਼ੀ ਹੈ ਜਿਸਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਕੇਰਲ ਰਾਜ ਦੇ ਸਾਬਰਮਤੀ ਮੰਦਰ ਵਿੱਚ ਔਰਤਾਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਸੀ, ਜਿਸਨੂੰ ਸਰਵਉੱਚ ਅਦਾਲਤ ਨੇ ਹਟਾ ਦਿੱਤਾ। ਪਰ ਭਾਜਪਾ ਨੇ ਇਹ ਪਾਬੰਦੀ ਹਟਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਕਾਂਗਰਸ ਵੀ ਚੁੱਪ ਵੱਟ ਗਈ, ਪਰ ਸੀ ਪੀ ਆਈ ਐੱਮ ਨੇ ਔਰਤਾਂ ਦੇ ਹੱਕ ਵਿੱਚ ਨਿਤਰਦਿਆਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਇਆ। ਔਰਤਾਂ ਵੱਲੋਂ ਲੰਬੀ ਮਨੁੱਖੀ ਕੜੀ ਬਣਾ ਕੇ ਇਸ ਹੱਕ ਦੀ ਰਾਖੀ ਲਈ ਪ੍ਰਦਰਸ਼ਨ ਕੀਤਾ। ਆਖ਼ਰ ਮੰਦਰ ਦੇ ਪੁਜਾਰੀਆਂ ਨੂੰ ਇਹ ਬਿਆਨ ਹਲਫੀਆ ਅਦਾਲਤ ਵਿੱਚ ਪੇਸ਼ ਕਰਨਾ ਪਿਆ ਕਿ ਔਰਤਾਂ ਦੇ ਮੰਦਰ ਵਿੱਚ ਦਾਖ਼ਲੇ ਤੇ ਕੋਈ ਇਤਰਾਜ ਨਹੀਂ ਹੈ।

ਸੁਬਾਈ ਸਕੱਤਰ ਨੇ ਕਿਹਾ ਕਿ ਖੱਬੀਆਂ ਧਿਰਾਂ ਹਮੇਸ਼ਾਂ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੀਆਂ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਤੇ ਲੋਕਾਂ ਦੇ ਹੱਕਾਂ ਦੀ ਪੂਰਤੀ ਦਬਾਅ ਬਣਾਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਦੇਸ ਦੇ ਲੋਕ ਉਹਨਾਂ ਤੇ ਵਿਸਵਾਸ ਕਰਦੇ ਹਨ। ਪਿਛਲੇ ਦਿਨੀ ਬੰਗਾਲ ਵਿੱਚ ਹੋਈ ਸੀ ਪੀ ਆਈ ਐੱਮ ਦੀ ਵਿਸ਼ਾਲ ਰੈਲੀ ਇਸਦਾ ਪਰਤੱਖ ਸਬੂਤ ਹੈ, ਜਿਸ ‘ਚ ਸਾਮਲ ਲੋਕਾਂ ਵਾਰੇ ਵਿਰੋਧੀ ਪਾਰਟੀਆਂ ਵੀ ਦਸ ਲੱਖ ਤੋਂ ਵੱਧ ਗਿਣਤੀ ਦੱਸ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਖੱਬੀਆਂ ਪਾਰਟੀਆਂ ਦੇ ਸੰਸਦੀ ਮੈਂਬਰਾਂ ਦੀ ਗਿਣਤੀ ਵਿੱਚ ਕਈ ਗੁਣਾਂ ਵਾਧਾ ਕਰਕੇ ਸ਼ਕਤੀ ਵਧਾਈ ਜਾਵੇਗੀ, ਤਾਂ ਜੋ ਧਰਮ ਨਿਰਪੱਖ ਸਰਕਾਰ ਕਾਇਮ ਕਰਕੇ ਬਰਾਬਰਤਾ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਮੋਦੀ ਸਰਕਾਰ ਤੇ ਵਰ੍ਹਦਿਆਂ ਉਹਨਾਂ ਕਿਹਾ ਪੰਜ ਸਾਲਾਂ ਵਿੱਚ ਆਪਣੇ ਕੀਤੇ ਵਾਅਦਿਆਂ ਹਰ ਸਾਲ ਲੱਖ ਨੌਜਵਾਨ ਨੂੰ ਰੋਜਗਾਰ ਦੇਣ ਅਤੇ ਕਿਸਾਨੀ ਦੀ ਬਿਹਤਰੀ ਲਈ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਨ ‘ਚ ਫੇਲ੍ਹ ਰਹੀ ਹੈ।

ਸ੍ਰੀ ਨਰਿੰਦਰ ਮੋਦੀ ਨੂੰ ਡਰਪੋਕ ਤੇ ਜਵਾਬਹੀਣ ਕਰਾਰ ਦਿੰਦਿਆਂ ਕਾ: ਸੇਖੋਂ ਨੇ ਇੰਕਸਾਫ਼ ਕੀਤਾ ਕਿ ਆਪਣੇ ਪੰਜ ਸਾਲਾਂ ਦੇ ਰਾਜ ਵਿੱਚ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਿਉਂਕਿ ਉਹ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦੇਣ ਦੇ ਸਮਰੱਥ ਨਹੀਂ ਹਨ। ਇੱਥੇ ਹੀ ਬੱਸ ਨਹੀਂ ਲੋਕ ਸਭਾ ਵਿੱਚ ਵੀ ਆਪਣੇ ਰਾਜ ਦੌਰਾਨ ਸ੍ਰੀ ਮੋਦੀ ਨੇ ਕਦੇ ਮੈਂਬਰਾਂ ਨਾਲ ਸੁਆਲ ਜਵਾਬ ਨਹੀਂ ਕੀਤੇ। ਉਹ ਕੇਵਲ ਭਾਸਣ ਕਰਦੇ ਹਨ, ਸੁਆਲਾਂ ਦੇ ਜੁਆਬ ਹੋਰ ਮੰਤਰੀ ਹੀ ਦਿੰਦੇ ਹਨ ਮੋਦੀ ਨਹੀਂ। ਕਾ: ਸੇਖੋਂ ਨੇ ਕਿਹਾ ਕਿ ਸ੍ਰੀ ਮੋਦੀ ਆਪਣੇ ਨੋਟੀਬੰਦੀ ਦੇ ਪ੍ਰੋਗਰਾਮ ਦੀ ਸਫਲਤਾ ਨੂੰ ਵੀ ਸਾਬਤ ਨਹੀਂ ਕਰ ਸਕੇ, ਉਹ ਨਾ ਵਿਦੇਸਾਂ ਤੋਂ ਕਾਲਾ ਧਨ ਲਿਆ ਸਕੇ ਹਨ ਅਤੇ ਨਾ ਹੀ ਅੱਤਵਾਦੀਆਂ ਨੂੰ ਆਉਂਦੇ ਫੰਡ ਰੋਕ ਸਕੇ ਹਨ। ਉਹਨਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ ਤੇ ਲੋਕ ਵਿਰੋਧੀ ਸਰਕਾਰ ਰਹੀ ਹੈ, ਇਸ ਲਈ ਉਸਨੂੰ ਵੋਟ ਦੀ ਤਾਕਤ ਨਾਲ ਸਤ੍ਹਾ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

ਕਾ: ਸੇਖੋਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਾਲਾ ਧਨ ਲਿਆਉਣ, ਲੱਖਾਂ ਬੇਰੁਜਗਾਰਾਂ ਨੂੰ ਰੋਜਗਾਰ ਦੇਣ ਆਦਿ ਦੇ ਵਾਅਦੇ ਕਰਕੇ ਸਤ੍ਹਾ ਹਾਸਲ ਕੀਤੀ ਸੀ, ਉੱਥੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਰੋਕਣ, ਘਰ ਘਰ ਨੌਕਰੀ ਦੇਣ, ਭ੍ਰਿਸਟਾਚਾਰ ਖਤਮ ਕਰਨ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਆਦਿ ਦੇ ਵਾਅਦਿਆਂ ਨਾਲ ਸੱਤ੍ਹਾ ਹਾਸਲ ਕੀਤੀ, ਪਰ ਨਾ ਮੋਦੀ ਸਰਕਾਰ ਨੇ ਵਾਅਦੇ ਪੂਰੇ ਕੀਤੇ ਅਤੇ ਨਾ ਹੀ ਕੈਪਟਨ ਸਰਕਾਰ ਨੇ ਪੂਰੇ ਕੀਤੇ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਤੇ ਆਗੂਆਂ ਨੂੰ ਪੂਰੇ ਕੀਤੇ ਜਾ ਸਕਣ ਵਾਲੇ ਵਾਅਦੇ ਹੀ ਕਰਨੇ ਚਾਹੀਦੇ ਹਨ। ਉਹਨਾਂ ਚੋਣ ਕਮਿਸਨ ਤੋਂ ਵੀ ਮੰਗ ਕੀਤੀ ਕਿ ਅਜਿਹੀ ਨੀਤੀ ਤਹਿ ਕੀਤੀ ਜਾਣੀ ਚਾਹੀਦੀ ਹੈ ਕਿ ਉਮੀਦਵਾਰ ਅਜਿਹੇ ਵਾਅਦੇ ਨਾ ਕਰਨ ਜੋ ਪੂਰੇ ਨਾ ਕੀਤੇ ਜਾ ਸਕਣ ਅਤੇ ਵਾਅਦੇ ਕਰਨ ਉਪਰੰਤ ਪੂਰੇ ਨਾ ਕੀਤੇ ਜਾ ਸਕਣ ਤੇ ਉਸਦੀ ਚੋਣ ਰੱਦ ਕੀਤੀ ਜਾ ਸਕੇ। ਇਸ ਮੌਕੇ ਸਰਵ ਸ੍ਰੀ ਗੁਰਦੇਵ ਸਿੰਘ ਬਾਂਡੀ ਜਿਲ੍ਹਾ ਸਕੱਤਰ, ਮੇਘ ਨਾਥ, ਰਾਮ ਚੰਦ, ਵਿਸਰਾਮ ਸਿੰਘ, ਇੰਦਰਜੀਤ ਸਿੰਘ, ਹਰਦੇਵ ਸਿੰਘ ਜੰਡਾਂਵਾਲਾ, ਕੁਲਜੀਤਪਾਲ ਸਿੰਘ ਭੁੱਲਰ, ਆਦਿ ਮੌਜੂਦ ਸਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×