ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੋਕਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ

ਦਿੱਲੀ ਵਿਖੇ ਹੋਈਆਂ ਝੜਪਾਂ ਦੇਸ਼ ਦੇ ਵਿਗੜਦੇ ਹਾਲਾਤਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ-ਕਾ: ਸੇਖੋਂ

ਬਠਿੰਡਾ/ 25 ਫਰਵਰੀ/ — ਦੇਸ਼ ਦੇ ਲੋਕਾਂ ਤੇ ਧੱਕੇ ਨਾਲ ਠੋਸੇ ਜਾ ਰਹੇ ਸੀ ਏ ਏ, ਐੱਨ ਆਰ ਸੀ, ਐਨ ਪੀ ਆਰ ਵਰਗੇ ਕਾਲੇ ਕਾਨੂੰਨਾਂ ਵਿਰੁੱਧ ਰੋਸ਼ ਪ੍ਰਦਰਸਨ ਕਰਨ ਵਾਲੇ ਲੋਕਾਂ ਨਾਲ ਸੱਤਾਧਾਰੀ ਭਾਜਪਾ ਦੀ ਸ਼ਹਿ ਤੇ ਕਾਨੂੰਨਾਂ ਦੇ ਸਮਰਥਕਾਂ ਵੱਲੋਂ ਕੀਤੀਆਂ ਝੜਪਾਂ, ਜਿਹਨਾਂ ਵਿੱਚ ਚਾਰ ਮੌਤਾਂ ਹੋਈਆਂ, ਤੋਂ ਦੇਸ ਵਾਸੀਆਂ ਦਾ ਇਹ ਸ਼ੱਕ ਸੱਚ ਵਿੱਚ ਬਦਲਦਾ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਦੇਸ ਨੂੰ ਵੰਡਣ ਦੇ ਰਾਹ ਤੁਰ ਪਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਭਾਜਪਾ ਵੱਲੋਂ ਆਰ ਐੱਸ ਐੱਸ ਦੇ ਵੰਡੀਆਂ ਪਾਉਣ ਵਾਲੇ ਏਜੰਡੇ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ ਕਰਨ।
ਕਾ: ਸੇਖੋਂ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਤੇ ਕੌਮੀ ਜਨਸੰਖਿਆ ਰਜਿਸਟਰ ਵਰਗੇ ਕਾਲੇ ਕਾਨੂੰਨਾਂ ਵਿਰੁੱਧ ਮਹੀਨਿਆਂ ਤੋਂ ਆਮ ਲੋਕ ਪ੍ਰਦਰਸਨ ਕਰ ਰਹੇ ਹਨ, ਪਰ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਸਾਂਤਮਈ ਪ੍ਰਦਰਸਨ ਕਰ ਰਹੇ ਲੋਕਾਂ ਨੂੰ ਸੱਤ੍ਹਧਾਰੀਆਂ ਵੱਲੋਂ ਡਰਾਵੇ ਧਮਕੀਆਂ ਨਾਲ ਦਬਾਅ ਦੇਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪਰ ਪ੍ਰਦਰਸਨਕਾਰੀ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ ਕਰਨ ਤੇ ਜੋਰ ਦੇ ਰਹੇ ਹਨ। ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਦੀਪਕ ਗੁਪਤਾ ਦੇ ਬਿਆਨ ਕਿ ਲੋਕਤੰਤਰ ਉਦੋਂ ਹੀ ਸਫ਼ਲ ਮੰਨਿਆਂ ਜਾਂਦਾ ਹੈ ਜਦੋਂ ਨਾਗਰਿਕਾਂ ਦੇ ਹੱਕਾਂ ਦੀ ਰੱਖਿਆ ਹੁ੍ਰੰਦੀ ਹੈ, ਸਰਕਾਰਾਂ ਦਾ ਵਿਰੋਧ ਕਰਨਾ ਦੇਸ਼ ਵਿਰੋਧੀ ਗਤੀਵਿਧੀ ਨਹੀਂ ਹੈ, ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਰਦਰਸਨ ਰੋਕ ਕੇ ਲੋਕਾਂ ਦੇ ਬੁਨਿਆਦੀ ਹੱਕ ਨੂੰ ਖੋਹਣ ਲਈ ਯਤਨਸ਼ੀਲ ਹੈ।
ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉੱਤਰੀ ਪੂਰਬੀ ਹਿੱਸੇ, ਜਾਫਰਾਬਾਦ, ਮੌਜਪੁਰ ਆਦਿ ਇਲਾਕਿਆਂ ਵਿੱਚ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਤੇ ਸਮਰਥਨ ਕਰਨ ਵਾਲਿਆਂ ਦਰਮਿਆਨ ਹੋਈਆਂ ਝੜਪਾਂ ਵਿੱਚ ਥਾਨਾ ਗੋਕਲਪੁਰੀ ਦੇ ਹੌਲਦਾਰ ਰਤਨ ਲਾਲ ਅਤੇ ਤਿੰਨ ਹੋਰ ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਡੀ ਸੀ ਪੀ ਅਮਿਤ ਸਰਮਾਂ ਸਮੇਤ ਦਰਜਨ ਦੇ ਕਰੀਬ ਕਰਮਚਾਰੀ ਅਤੇ ਪੰਜਾਹ ਦੇ ਲੱਗਭੱਗ ਮਰਦ ਔਰਤਾਂ ਜਖਮੀਂ ਹੋ ਚੁੱਕੇ ਹਨ, ਝੜਪਾਂ ਦੌਰਾਨ ਜੰਮ ਕੇ ਇੱਟਾਂ ਰੋੜੇ ਚੱਲੇ, ਵਾਹਨਾਂ ਦੁਕਾਨਾਂ ਘਰਾਂ ਨੂੰ ਅੱਗਾਂ ਲੱਗੀਆਂ, ਮੈਟਰੋ ਰੇਲਵੇ ਸਟੇਸਨ ਬੰਦ ਕਰਨੇ ਪਏ, ਸੈਂਕੜੇ ਮਰਦਾਂ ਔਰਤਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ, ਪਰ ਕੇਂਦਰ ਦਾ ਗ੍ਰਹਿ ਸਕੱਤਰ ਸ੍ਰੀ ਅਜੈ ਭੱਲਾ ਕਹਿ ਰਿਹਾ ਹੈ ਕਿ ਰਾਜਧਾਨੀ ਵਿੱਚ ਹਾਲਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਗ੍ਰਹਿ ਸਕੱਤਰ ਦੇ ਇਸ ਬਿਆਨ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਕੀ ਚਾਹੁੰਦੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਵਿਰੋਧੀ ਧਿਰਾਂ ਅਤੇ ਬੁੱਧੀਜੀਵੀ ਲੋਕਾਂ ਵੱਲੋਂ ਇਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਧੱਕੇ ਵਾਲੀਆਂ ਕਾਰਵਾਈਆਂ ਸਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਇਹ ਸ਼ੱਕ ਜਾਹਰ ਕੀਤਾ ਜਾਂਦਾ ਰਿਹਾ ਹੈ, ਕਿ ਇਹ ਕਾਨੂੰਨ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ ਹਨ ਜਿਸ ਨਾਲ ਦੇਸ਼ ਦੇ ਹਾਲਾਤ ਵਿਗੜ ਸਕਦੇ ਹਨ, ਪਰ ਕੇਂਦਰ ਸਰਕਾਰ ਡੰਡੇ ਦੇ ਜੋਰ ਨਾਲ ਲਾਗੂ ਕਰਨ ਲਈ ਬਜਿੱਦ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀਂ ਹੋਈਆਂ ਝੜਪਾਂ ਅਤੀ ਦੁਖਦਾਈ ਹਨ ਜੋ ਵਿਗੜਦੇ ਹਾਲਾਤਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਕਾ: ਸੇਖੋਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ ਦੀ ਏਕਤਾ ਤੇ ਅਖੰਡਤਾ ਰੱਖਿਆ ਲਈ ਆਰ ਐੱਸ ਐੱਸ ਦਾ ਏਜੰਡਾ ਥੋਪਣ ਵਿਰੁੱਧ ਇੱਕਮੁੱਠ ਹੋ ਕੇ ਸੰਘਰਸ ਕਰਨ।

Install Punjabi Akhbar App

Install
×