ਸ੍ਰੀ ਮੋਦੀ ਸੰਕਟ ਦੀ ਘੜੀ ਵਿੱਚ ਵੀ ਲੋਕਾਂ ਨਾਲੋਂ ਨਜਦੀਕੀਆਂ ਦੇ ਮੁਨਾਫ਼ੇ ਲਈ ਵਧੇਰੇ ਫਿਰਕਮੰਦ- ਕਾ: ਸੇਖੋਂ

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਾਗਰੂਕਤਾ ਦੀ ਜਰੂਰਤ ਹੈ

( ਕਾਮਰੇਡ ਸੁਖਵਿੰਦਰ ਸਿੰਘ ਸੇਖੋਂ )

ਬਠਿੰਡਾ/ 24 ਮਾਰਚ/ ਕਰੋਨਾਵਾਇਰਸ ਦੇ ਫੈਲਾਅ ਨੇ ਸਮੁੱਚੀ ਦੁਨੀਆਂ ਨੂੰ ਚਿੰਤਾ ਵਿੱਚ ਡਬੋ ਰੱਖਿਆ ਹੈ, ਸੰਸਾਰ ਦਾ ਹਰ ਵਿਅਕਤੀ ਇਸ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਤਿਆਰ ਹੈ, ਪਰ ਭਾਰਤ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਜਿਹੀ ਸੰਕਟ ਦੀ ਘੜੀ ਵਿੱਚ ਵੀ ਲੋਕਾਂ ਦੀ ਜਾਨ ਦੀ ਰਾਖੀ ਨਾਲੋਂ ਆਪਣੇ ਨਜਦੀਕੀਆਂ ਨੂੰ ਮੁਨਾਫ਼ਾ ਦੇਣ ਲਈ ਵਧੇਰੇ ਫਿਕਰਮੰਦ ਦਿਖਾਈ ਦੇ ਰਿਹਾ ਹੈ। ਇਹ ਦੋਸ਼ ਸੀ ਪੀ ਆਈ ਐੱਮ ਪੰਜਾਬ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲਾਇਆ।
ਆਪਣੇ ਇਸ ਨੁਕਤੇ ਨੂੰ ਸਪਸ਼ਟ ਕਰਦਆਂ ਕਾ: ਸੇਖੋਂ ਨੇ ਦੱਸਿਆ ਕਿ ਭਾਰਤ ਦੀ ਕੌਮੀ ਵਾਇਰੋਲੋਜੀ ਸੰਸਥਾ ਦੁਆਰਾ ਤਿਆਰ ਕੀਤੀਆਂ ਦਵਾਈਆਂ ਬਹੁਤ ਕਾਰਗਾਰ ਸਿੱਧ ਹੋਈਆਂ ਹਨ ਅਤੇ ਦੇਸ ਵਾਸੀ ਉਸਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟ ਕਰਦੇ ਹਨ। ਕਰੋਨਾ ਵਾਇਰਸ ਦੇ ਬਚਾਅ ਲਈ ਵੀ ਇਹ ਕੰਪਨੀ ਬਹੁਤ ਸਹਾਈ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਸਿਹਤ ਮੰਤਰਾਲੇ ਨੇ ਅਮਰੀਕਾ ਯੂਰਪੀਅਨ ਸੰਘ ਦੁਆਰਾ ਪ੍ਰਵਾਨਿਤ ਕਿੱਟਾਂ ਨੂੰ ਹੀ ਮਨਜੂਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹ ਕਿੱਟਾਂ ਗੁਜਰਾਤ ਦੀ ਹੀ ਇੱਕ ਕੰਪਨੀ ਨੇ ਤਿਆਰ ਕੀਤੀਆਂ ਹਨ, ਇਸ ਲਈ ਇਹਨਾਂ ਕਿੱਟਾਂ ਨੂੰ ਮਨਜੂਰੀ ਦੇਣ ਵਿੱਚ ਸ੍ਰੀ ਮੋਦੀ ਦਾ ਆਪਣੇ ਨਜਦੀਕੀ ਜੁੰਡੀ ਦੇ ਯਾਰਾਂ ਨੂੰ ਮੁਨਾਫ਼ਾ ਬਖ਼ਸਣ ਦੀ ਸਾਜਿਸ ਦੀ ਬੋਅ ਆਉਂਦੀ ਹੈ। ਉਹਨਾਂ ਮੰਗ ਕੀਤੀ ਕਿ ਮਹਾਂਮਾਰੀ ਨੂੰ ਰੋਕਣ ਲਈ ਕੌਮੀ ਵਾਇਰੋਲੋਜੀ ਸੰਸਥਾ ਵੱਲੋਂ ਤਿਆਰ ਕੀਤੀਆਂ ਕਿੱਟਾਂ ਨੂੰ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਰੋਨਾ ਵਾਇਰਸ ਦੇ ਵਧਣ ਨੂੰ ਰੋਕਣ ਵਾਸਤੇ ਜਨਤਕ ਕਰਫਿਊ ਦਾ ਐਲਾਨ ਕੀਤਾ ਗਿਆ ਤਾਂ ਦੇਸ ਵਾਸੀਆਂ ਨੇ ਇਸਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਤੇ ਗੁੱਸੇ ਗਿਲੇ ਭੁਲਾਉਂਦਿਆਂ ਡਟ ਕੇ ਸਮਰਥਨ ਕੀਤਾ। ਪਰ ਉਹਨਾਂ ਵੱਲੋਂ ਮਰੀਜਾਂ ਦੇ ਇਲਾਜ, ਉਹਨਾਂ ਦੇ ਖਾਣ ਪੀਣ ਜਾਂ ਰੋਜਾਨਾ ਲੋੜਾਂ ਦੀ ਪੂਰਤੀ ਲਈ ਕੋਈ ਆਰਥਿਕ ਮੱਦਦ ਦਾ ਐਲਾਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਚੀਨ ਵਿੱਚ ਫੈਲੀ ਇਸ ਬੀਮਾਰੀ ਨੂੰ ਕੰਟਰੌਲ ਕਰਨ ਲਈ ਉੱਥੋਂ ਦੀ ਸਰਕਾਰ ਨੇ ਨਿੱਤ ਵਰਤੋਂ ਦੀਆਂ ਵਸਤਾਂ ਦੀ ਪੂਰਤੀ ਕਰਦਿਆਂ ਲੋਕਾਂ ਤੋਂ ਸਹਿਯੋਗ ਹਾਸਲ ਕੀਤਾ, ਜਿਸਦੇ ਸਾਰਥਕ ਨਤੀਜੇ ਨਿਕਲੇ। ਉਸੇ ਪੈਟਰਨ ਤੇ ਭਾਰਤ ਸਰਕਾਰ ਨੂੰ ਲੋਕਾਂ ਦੀਆਂ ਨਿੱਤ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਾ: ਸੇਖੋਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਰਫਿਊ ਲਾਇਆ ਹੈ ਤਾਂ ਉਸਨੂੰ ਉਹਨਾਂ ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ, ਜੋ ਰੋਜਾਨਾਂ ਦੀ ਕਮਾਈ ਨਾਲ ਹੀ ਆਪਣਾ ਜੀਵਨ ਨਿਰਵਾਹ ਕਰਦੇ ਹਨ। ਉਹਨਾਂ ਦੱਸਿਆ ਕਿ ਕੇਰਲਾ ਰਾਜ ਦੀ ਸਰਕਾਰ ਨੇ ਇਸ ਭਿਆਨਕ ਵਾਇਰਸ ਨੂੰ ਰੋਕਣ ਲਈ ਜੇ ਸੂਬੇ ਭਰ ਵਿੱਚ ਲਾਕਡਾਊਨ ਕੀਤਾ ਤਾਂ ਉਸਨੇ 20 ਹਜ਼ਾਰ ਕਰੋੜ ਰੁਪਏ ਲੋਕਾਂ ਦੀਆਂ ਲੋੜਾਂ ਤੇ ਪ੍ਰਬੰਧਾਂ ਲਈ ਜਾਰੀ ਕੀਤੇ ਹਨ, ਜਦ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ 20 ਕਰੋੜ ਜਾਰੀ ਕੀਤੇ ਗਏ ਹਨ। ਸੂਬਾ ਸਕੱਤਰ ਨੇ ਇਸ ਰਾਸ਼ੀ ਨੂੰ ਨਗੂਣੀ ਕਰਾਰ ਦਿੰਦਿਆਂ ਕਿਹਾ ਕਿ ਰਾਜ ਦੀ ਸਮੁੱਚੀ ਆਬਾਦੀ ਦੇ ਹਿਸਾਬ ਨਾਲ ਇਹ ਰਾਸ਼ੀ ਵੀਹ ਕੁ ਰੁਪਏ ਪ੍ਰਤੀ ਵਿਅਕਤੀ ਹੀ ਪੈਂਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਲੋੜਵੰਦ ਲੋਕਾਂ ਲਈ ਖਾਣ ਪੀਣ ਤੇ ਨਿੱਤ ਵਰਤੋਂ ਦੀਆਂ ਵਸਤਾਂ ਘਰਾਂ ਵਿੱਚ ਮੁਫ਼ਤ ਸਪਲਾਈ ਕੀਤੀਆਂ ਜਾਣ।
ਸੂਬਾ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਭਾਰੀ ਸੰਕਟ ਦੇ ਹਾਲਾਤਾਂ ਵਿੱਚ ਇੱਕ ਦੂਜੇ ਦਾ ਸਮਰੱਥਾ ਅਨੁਸਾਰ ਸਹਿਯੋਗ ਤੇ ਮੱਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਬੀਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ , ਇਸਦੇ ਉਲਟ ਇਸਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦਿੱਤੇ ਜਾ ਰਹੇ ਸੁਝਾਵਾਂ ਦਾ ਪਾਲਣ ਕੀਤਾ ਜਾਵੇ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰਿਹਾ ਜਾਵੇ। ਉਹਨਾਂ ਦੱਸਿਆ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਦਵਾਈਆਂ ਤਿਆਰ ਹੋ ਚੁੱਕੀਆਂ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਜਾਗਰੂਕਤ ਦੀ ਜਰੂਰਤ ਹੈ।

Install Punjabi Akhbar App

Install
×