ਇੱਕ ਸਲਾਮ ਸਿੱਖਿਆ ਖੇਤਰ ਅੰਦਰ ਨਿੱਤ ਨਵੀਆਂ ਮੰਜ਼ਿਲਾਂ ਸਰ ਕਰਦੇ ਕਰਮਯੋਗੀ ਕੰਪਿਊਟਰ ਅਧਿਆਪਕਾਂ ਨੂੰ …

ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਦਾ ਕਥਨ ਹੈ ਕਿ ”ਇੱਕ ਬੱਚਾ, ਇੱਕ ਅਧਿਆਪਕ, ਇੱਕ ਕਿਤਾਬ ਅਤੇ ਇੱਕ ਪੈੱਨ ਦੁਨੀਆ ਬਦਲ ਸਕਦੇ ਹਨ।” ਕਹਿਣ ਤੋਂ ਭਾਵ ਇਹ ਹੈ ਕਿ ਇਲਮ ਦੀ ਤਾਕਤ ਨਾਲ ਕਿਸੇ ਵੀ ਦੇਸ਼ ਅਤੇ ਸਮਾਜ ਦਾ ਬਹੁਪੱਖੀ ਵਿਕਾਸ ਕੀਤਾ ਜਾ ਸਕਦਾ ਹੈ। ਇਸ ਮਿਸ਼ਨ ਵਿੱਚ ਕੇਂਦਰ ਬਿੰਦੂ ਦੀ ਭੂਮਿਕਾ ਵਿੱਚ ਆਪਣਾ ਰੋਲ ਅਧਿਆਪਕ ਨੇ ਨਿਭਾਉਣਾ ਹੁੰਦਾ ਹੈ। ਸੋ , ਆਓ, ਅੱਜ ਕੁੱਝ ਅਜਿਹੇ ਮਾਣਮੱਤੇ ਕੰਪਿਊਟਰ ਅਧਿਆਪਕਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਆਪਣੇ ਇਸ ਪਾਕ-ਪਵਿੱਤਰ ਕਿਤੇ ਦੀ ਅਹਿਮੀਅਤ ਪਹਿਚਾਣ ਦੇ ਹੋਏ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਉਚੇਚਾ ਯੋਗਦਾਨ ਪਾ ਰਹੇ ਹਨ।
‘ਕੰਪਿਊਟਰ ਸਾਇੰਸ ਪੰਜਾਬ’ ਨਾਮਕ ਯੂ ਟਿਊਬ ਚੈਨਲ ਅਤੇ ‘ਨਿਰਮਾਣ ਕੈਂਪਸ’ ਨਾਂ ਦੀ ਵੈੱਬਸਾਈਟ ਚਲਾਉਣ ਵਾਲਾ ਵਿਕਾਸ ਕਾਂਸਲ: ਇਸ ਲੜੀ ਵਿੱਚ ਪਹਿਲਾ ਨਾਮ ਜੋ ਆਉਂਦਾ ਹੈ, ਉਹ ਹੈ, ਵਿਕਾਸ ਕਾਂਸਲ ਜੀ ਦਾ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸੁਨਾਮ ਊਧਮ ਸਿੰਘ ਵਾਲਾ ਵਿਖੇ ਬੜੀ ਹੀ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਆਪ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਵਿਸ਼ੇ ਦੇ ਆਨਲਾਈਨ ਨੋਟਸ ਤਿਆਰ ਕਰ ਕੇ ਵਿਦਿਆਰਥੀਆ ਨੂੰ ਮੁਹੱਈਆ ਕਰਵਾ ਰਹੇ ਹਨ। ਵਿਕਾਸ ਜੀ ਦੁਆਰਾ ਚਲਾਇਆ ਜਾ ਰਿਹਾ ਯੂ ਟਿਊਬ ਚੈਨਲ ‘ਕੰਪਿਊਟਰ ਸਾਇੰਸ ਪੰਜਾਬ’ ਵੀ ਵਿਦਿਆਰਥੀ ਅਤੇ ਅਧਿਆਪਕ ਵਰਗ ਵਿੱਚ ਕਾਫ਼ੀ ਲੋਕਪ੍ਰਿਆ ਹੋ ਰਿਹਾ ਹੈ। ਵਿਕਾਸ ਕਾਂਸਲ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਿਲੇਬਸ ਕਮੇਟੀ ਅਤੇ ਉਡਾਣ ਪ੍ਰੋਜੈਕਟ ਨਾਲ ਵੀ ਜੁੜੇ ਹੋਏ ਹਨ। ਆਪ ਦੀ ਸੇਵਾਵਾਂ ਕਾਰਨ ਆਪ ਜੀ ਨੂੰ ਵਿਭਾਗ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨਿਆ ਜਾ ਚੁੱਕਾ ਹੈ। ਵਿਕਾਸ ਜੀ ਦੁਆਰਾ ਤਿਆਰ ਕੀਤੀ ਗਈ ਵੈੱਬਸਾਈਟ cspunjab.nirmancampus.co.in ਜਿਸ ਉੱਪਰ ਵਿਦਿਆਰਥੀ ਵਰਗ ਨੂੰ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਵਡਮੁੱਲੀ ਜਾਣਕਾਰੀ ਮਿਲ ਸਕਦੀ ਹੈ, ਨੂੰ ਵੀ ਵਿਜ਼ਟ ਕੀਤਾ ਜਾ ਸਕਦਾ ਹੈ। ਯੂ.ਜੀ.ਸੀ ਵੱਲੋਂ ਨੈੱਟ ਪਾਸ ਅਤੇ ਵਰਤਮਾਨ ਸਮੇਂ ਕੰਪਿਊਟਰ ਵਿਸ਼ੇ ਉੱਪਰ ਪੀ.ਐੱਚ.ਡੀ ਕਰ ਰਹੇ, ਵਿਕਾਸ ਕਾਂਸਲ ਅਗਾਂਹ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਐਪ ਡਿਜ਼ਾਈਨ ਕਰਨ ਬਾਰੇ ਵੀ ਯਤਨਸ਼ੀਲ ਹਨ।
ਨੈਸ਼ਨਲ ਆਈ.ਸੀ.ਟੀ ਅਵਾਰਡ ਜੇਤੂ ਬਰਿੰਦਰ ਸਿੰਘ: ਜੇਕਰ ਗੱਲ ਕਰੀਏ, ਸ਼੍ਰੀ ਬਰਿੰਦਰ ਸਿੰਘ ਜੀ ਦੀ ਤਾਂ ਉਨ੍ਹਾਂ ਵੱਲੋਂ ਸਿੱਖਿਆ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਮਾਣਮੱਤੀਆ ਸੇਵਾਵਾਂ ਕਾਰਨ, ਬੀਤੇ ਵਰ੍ਹੇ, ਉਨ੍ਹਾਂ ਨੂੰ ਨੈਸ਼ਨਲ ਆਈ.ਸੀ.ਟੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਲੰਧਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸਰੋਪੁਰ ਵਿਖੇ ਸੇਵਾ ਨਿਭਾਂ ਰਹੇ ਬਰਿੰਦਰ ਸਿੰਘ, ਵਰਤਮਾਨ ਸਮੇਂ, ਤਾਲਾਬੰਦੀ ਦੌਰਾਨ, ਆਨਲਾਈਨ ਪਲੇਟਫ਼ਾਰਮ ਯੂਮ-ਐਪ ਦੇ ਮਾਧਿਅਮ ਰਾਹੀ ਪੰਜਾਬ ਦੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਅਧਿਆਪਕ ਵਰਗ ਦੇ ਰੂ-ਬ-ਰੂ ਕਰਵਾ ਰਹੇ ਹਨ। ਬਰਿੰਦਰ ਸਿੰਘ ਜੀ ਦੀ ਜ਼ਿੰਦਗੀ ਦਾ ਅਸਲ ਮਕਸਦ ਵਿਦਿਆਰਥੀਆ ਨੂੰ ਸਿੱਖਿਆ ਦੇ ਨਾਲ ਨਾਲ ਨੈਤਿਕ-ਕਦਰਾਂ ਕੀਮਤਾਂ ਵਿੱਚ ਪਰਪੱਕ ਕਰਨ ਤੋਂ ਹੈ। ਇਸ ਤੋਂ ਪਹਿਲਾ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਪੁਰ ਵਿਖੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬਰਿੰਦਰ ਜੀ ਨੇ ਹਰਗੋਬਿੰਦਪੁਰ ઠਸਕੂਲ ਵਿਖੇ ਡਿਜੀਟਲ ਰੂਪ ਵਿੱਚ ਖਿਡਾਰਣ ਦੀ ਟ੍ਰੈਨਿੰਗ ਦਾ ਖ਼ਾਸ ਪ੍ਰਬੰਧ ਕੀਤਾ, ਜਿਸ ਦੇ ਫਲਸਰੂਪ ਇਸ ਸਕੂਲ ਦੀਆਂ ਵਿਦਿਆਰਥਣਾਂ ਦੀ ਖੇਡਣ ਤਕਨੀਕ ਵਿੱਚ ਚੋਖਾ ਸੁਧਾਰ ਵੇਖਣ ਨੂੰ ਮਿਲਿਆ ਅਤੇ ਉਹ ਰਾਜ ਪੱਧਰੀ ਅਤੇ ਰਾਸ਼ਟਰ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੀਆ।
ਸਰਕਾਰੀ ਸਕੂਲ ਅੰਦਰ ਪਹਿਲਾ ਕੰਪਿਊਟਰ ਪਾਰਕ ਬਣਾਉਣ ਵਾਲਾ ਅੰਮ੍ਰਿਤਪਾਲ ਸਿੰਘ: ਪੰਜਾਬ ਦਾ ਮਾਨਚੈਸਟਰ ਕਹੇ ਜਾਂਦੇ, ਜ਼ਿਲ੍ਹੇ ਲੁਧਿਆਣੇ ਦੇ ਪ੍ਰਸਿੱਧ ਸਥਾਨ ਛਪਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਕੰਪਿਊਟਰ ਅਧਿਆਪਕ ઠਵਜੋਂ ઠਤਾਇਨਾਤ ਸ. ਅੰਮ੍ਰਿਤਪਾਲ ਸਿੰਘ ਉਰਫ਼ ਪਾਲੀ ਖ਼ਾਦਿਮ (ਸਾਹਿਤਕ ਨਾਮ) ਅਜਿਹੇ ਪਹਿਲੇ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਹਨ, ਜਿਨ੍ਹਾਂ ਨੇ ਆਪਣੇ ਸਕੂਲ ਵਿੱਚ ਕੰਪਿਊਟਰ ਪਾਰਕ ਦਾ ਨਿਰਮਾਣ ਕੀਤਾ। ਕੰਪਿਊਟਰ ਵਿਸ਼ੇ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਪਾਲੀ ਖ਼ਾਦਿਮ ਦਾ ਸਾਹਿਤ ਦੇ ਖੇਤਰ ਵਿੱਚ ਵੀ ਇੱਕ ਵੱਖਰਾ ਮੁਕਾਮ ਹੈ। ਪੰਜਾਬ ਦੇ ਲੋਕ ਸਾਜਾਂ ਉੱਪਰ ਇਸ ਅਧਿਆਪਕ ਦੀ ਪਕੜ ਬਾਕਮਾਲ ਹੈ, ਅੰਮ੍ਰਿਤਪਾਲ ਜੀ ਦੇ ਕਈ ਵਿਦਿਆਰਥੀ ਪ੍ਰਸਿੱਧ ਲੋਕ ਗਾਇਕ ਵਜੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਅੰਮ੍ਰਿਤਪਾਲ ਜੀ ਦੀ ਗ਼ਜ਼ਲਾਂ ਦੀ ਇੱਕ ਪੁਸਤਕ ”ਸਵੈ ਦੀ ਤਸਦੀਕ” ਛਪ ਚੱਕੀ ਹੈ। ਪੰਜਾਬੀ ਰੰਗ-ਮੰਚ ਨਾਲ ਵੀ ਜੁੜੇ ਹੋਣ ਕਾਰਨ, ਉਹ, ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਕਈ ਪ੍ਰੋਗਰਾਮਾਂ ਵਿਚ ਵੀ ਆਪਣੀ ਕਲਾ ਦਾ ਲੋਹਾ ਮਨਾ ਚੁੱਕੇ ਹਨ। ਅਗਾਂਹ ਵੀ, ਉਹ ਆਪਣੇ ਸਾਹਿਤਕ ਖੇਤਰ ਵਿੱਚ ਨਵੀਆਂ ਪੈੜਾ ਸਿਰਜਣ ਲਈ ਕਾਰਜਸ਼ੀਲ ਹਨ। ਪਾਲੀ ਖ਼ਾਦਿਮ ਦੀਆਂ ਇਨ੍ਹਾਂ ਬਹੁਪੱਖੀ ਸੇਵਾਵਾਂ ਕਾਰਨ ਉਨ੍ਹਾਂ ਨੂੰ ਵਿਭਾਗ ਅਤੇ ਹੋਰ ਸੰਸਥਾਵਾ ਵੱਲੋਂ ਸਨਮਾਨਿਆ ਜਾ ਚੁੱਕਾ ਹੈ। ਯੂਟਿਊਬ ਚੈਨਲ ‘ਪਾਲੀ ਖ਼ਾਦਿਮ’ ਉੱਪਰ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਆਪਣੇ ਦੁਆਰਾ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਸ਼ੇਅਰ ਕੀਤੇ ਜਾਂਦੇ ਹਨ।
‘ਸਰਬੰਸ’ ਸਾਫ਼ਟਵੇਅਰ ਬਣਾਉਣ ਵਾਲਾ ਹਰਜੀਤ ਸਿੰਘ : ਸਰਦਾਰ ਹਰਜੀਤ ਸਿੰਘ ਜੋ ਕਿ ਸਰਕਾਰੀ ਹਾਈ ਸਕੂਲ ਰੋਹਜੜੀ, ਜ਼ਿਲ੍ਹਾ ਜਲੰਧਰ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਇਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ ਜੋ ਵਿਦਿਆਰਥੀਆ ਨੂੰ ਆਪਣੀ ਮਾਤ ਭਾਸ਼ਾ ਵਿੱਚ ਕੰਪਿਊਟਰ ਪ੍ਰੋਗਰਾਮਿੰਗ ਸਿੱਖਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਹਰਜੀਤ ਸਿੰਘ ਵੱਲੋਂ ਤਿਆਰ ਕੀਤੇ ਇਸ ਸਾਫ਼ਟਵੇਅਰ ਨੂੰ ‘ਸਰਬੰਸ’ ਨਾਮ ਦਿੱਤਾ ਗਿਆ ਹੈ । ਇਸ ਸਾਫ਼ਟਵੇਅਰ ਨੂੰ ਬਣਾਉਣ ਪਿੱਛੇ ਮੁੱਖ ਉਦੇਸ਼ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆ ਨੂੰ ਕੰਪਿਊਟਰ ਪ੍ਰੋਗਰਾਮਿੰਗ ਦੀ ਕੋਡਿੰਗ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣਾ ਹੈ। ‘ਸਰਬੰਸ’ ਵਿੱਚ ਵਿਦਿਆਰਥੀ ਗਰਾਫ਼ਿਕਸ ਅਤੇ ਪੇਂਟ ਟੂਲਜ਼ ਵਿੱਚ ਕੰਮ ਕਰ ਕੇ ਪ੍ਰੋਗਰਾਮਿੰਗ ਦੇ ਬੁਨਿਆਦੀ ਸਿਧਾਂਤਾਂ ਨੂੰ ਅਸਾਨੀ ਨਾਲ ਸਿੱਖ ਸਕਦੇ ਹਨ। ਇਸ ਸੰਸਕਰਨ ਵਿੱਚ ਆਪਰੇਟਰਜ਼, ਵੇਰੀਏਬਲਜ਼, ઠਲੂਪਸ, ઠਫੰਕਸ਼ਨ, ਰਿਕਰਸ਼ਨ ਆਦਿ ਕਮਾਂਡਜ਼ ਸ਼ਾਮਲ ਹਨ। ਸਭ ਤੋ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਇਹ ਸਾਫ਼ਟਵੇਅਰ http://sarbans.com/ ਵੈੱਬਸਾਈਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਵਰਤਮਾਨ ਸਮੇਂ ਹਰਜੀਤ ਸਿੰਘ ਜੀ ਸਿੱਖਿਆ ਖੇਤਰ ਨਾਲ ਸਬੰਧਿਤ ਕਿਸੇ ਖ਼ਾਸ ਪ੍ਰੋਜੈਕਟ ਉੱਪਰ ਕੰਮ ਕਰ ਰਹੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜਲਦ ਹੀ ਇਸ ਵਿੱਚ ਕਾਮਯਾਬੀ ਹਾਸਿਲ ਕਰ ਕੇ ਸਾਡੇ ਸਾਹਮਣੇ ਆਉਣਗੇ।ਹਰਜੀਤ ਸਿੰਘ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਅੰਦਰ ਇਖ਼ਲਾਕੀ ਗੁਣ ਧਾਰਨ ਕਰਨ ਲਈ ਤਤਪਰ ਰਹਿੰਦੇ ਹੋਏ, ਉਨ੍ਹਾਂ ਨਾਲ ਕੰਪਿਊਟਰ ਖੇਤਰ ਨਾਲ ਸਬੰਧਿਤ ਅਗਾਂਹ ਵਧੂ ਤਕਨੀਕਾਂ ਦੀ ਸਾਂਝ ਪਾਉਂਦੇ ਰਹਿੰਦੇ ਹਨ।
ਦੋਆਬਾ ਰੇਡੀਉ ਉੱਪਰ ਕੰਪਿਊਟਰ ਵਿਸ਼ੇ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਪਰਵਿੰਦਰ ਸਿੰਘ: ਹੁਣ ਗੱਲ ਕਰਦੇ ਹਾਂ, ਸ਼੍ਰੀ ਪਰਵਿੰਦਰ ਸਿੰਘ ਦੀ ਜੋ ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰ ਮੰਡੇਰ ਵਿੱਚ ਬਤੌਰ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ।ਪਰਵਿੰਦਰ ਸਿੰਘ ਦੇ ਕਾਰਜਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੁਆਰਾ ਸਮੇਂ-ਸਮੇਂ ਉੱਤੇ ਵਿਦਿਆਰਥੀਆ ਲਈ ਆਨਲਾਈਨ ਨੋਟਸ ਤਿਆਰ ਕੀਤੇ ਜਾਂਦੇ ਹਨ, ਇਸ ਹੀ ਸੰਦਰਭ ਵਿੱਚ, ਅੱਜਕੱਲ੍ਹ ਉਹ ਕੰਪਿਊਟਰ ਵਿਸ਼ੇ ਦੇ 10ਵੀ ਜਮਾਤ ਦੇ ਈ.ਕੰਟੈਂਟ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਹ ਤਾਲਾਬੰਦੀ ਦੇ ਦੌਰਾਨ ‘ਦੁਆਬਾ ਰੇਡੀਉ’ ਦੇ ‘ਸੁਣੋ ਸੁਣਾਵਾਂ ਪਾਠ ਪੜਾਵਾ’ ਪ੍ਰੋਗਰਾਮ ਅਧੀਨ ਕੰਪਿਊਟਰ ਵਿਸ਼ੇ ਮਾਹਿਰ ਵਜੋਂ ਆਪਣੀ ਹਾਜ਼ਰੀ ਬਾਖ਼ੂਬੀ ਲਗਾ ਰਹੇ ਹਨ। ਹੋਰ ਉਪਲਬਧੀਆਂ ਵਿੱਚ ਬਤੌਰ ਕੈਰੀਅਰ ਕੌਂਸਲਰ ਵੀ ਵਿਦਿਆਰਥੀਆ ਨੂੰ ਉੱਚ ਵਿਦਿਆ ਪ੍ਰਾਪਤੀ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਪਰਵਿੰਦਰ ਸਿੰਘ ਆਪਣੇ ਯੂਟਿਊਬ ਚੈਨਲ ‘ਲਰਨਰਜ਼ ਜੀਐਚਐਸ ਰਾਮਪੁਰ ਮੰਡੇਰ’ ਰਾਹੀ ਵਿਦਿਆਰਥੀ ਵਰਗ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਵਿਭਾਗ ਵੱਲੋਂ ਜਾਰੀ ਸਵੱਛ ਕੰਪਿਊਟਰ ਲੈਬ ਪ੍ਰਤੀਯੋਗਤਾ ਤਹਿਤ ਉਨ੍ਹਾਂ ਦੇ ਸਕੂਲ ਦੀ ਲੈਬ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਜ਼ਿਲ੍ਹਾ ਪੱਧਰ ਉੱਪਰ ਪਹਿਲੇ ਸਥਾਨ ਤੇ ਰਹੀ। ਉਨ੍ਹਾਂ ਦੇ ਇਨ੍ਹਾਂ ਕਾਰਜਾਂ ਕਾਰਨ ਸਰਕਾਰ, ਵਿਭਾਗ ਅਤੇ ਹੋਰ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮੌਜੂਦਾ ਸਮੇਂ ਜਿੱਥੇ ਤਾਲਾਬੰਦੀ ਦੇ ਦੌਰਾਨ ਸਿੱਖਿਆ ਸੰਸਥਾਵਾ ਬੰਦ ਹਨ ।ਇਸ ਮੌਕੇ ਵਿਦਿਆਰਥੀ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਸਕੂਲ ਸਿਖਿਆ ਵਿਭਾਗ ਨੇ ਕਈ ਅਹਿਮ ਕਦਮ ਉਠਾਏ। ਇਨ੍ਹਾਂ ਵਿੱਚ ਮੁੱਖ ਕਦਮ ਸੀ, ਵਿਦਿਆਰਥੀਆ ਦਾ ਆਨਲਾਈਨ ਨਤੀਜਾ ਘੋਸ਼ਿਤ ਕਰਨਾ ਅਤੇ ਵਿਦਿਆਰਥੀਆ ਦਾ ਸਕੂਲ ਵਿੱਚ ਆਨਲਾਈਨ ਦਾਖਲਾ ਕਰਵਾਉਣ ਦਾ ਵਿਕਲਪ ਮੁਹੱਈਆ ਕਰਵਾਉਣਾ, ਅਜਿਹੇ ਵਿੱਚ ਕਈ ਅਜਿਹੇ ਕੰਪਿਊਟਰ ਅਧਿਆਪਕ ਸਾਹਮਣੇ ਆਏ ਜਿਨ੍ਹਾਂ ਨੇ ਆਪਣੇ-ਆਪਣੇ ਸਕੂਲ ਦੇ ਆਨਲਾਈਨ ਗੂਗਲ ਫਾਰਮਜ਼, ਵੈੱਬਸਾਈਟ ਜਾਂ ਐਪਸ ਦਾ ਨਿਰਮਾਣ ਕੀਤਾ ਤਾਂ ਜੋ ਵਿਦਿਆਰਥੀਆ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ।ਵੈਸੇ ਕਈ ਅਧਿਆਪਕਾਂ ਨੇ ਤਾਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਹੀ ਆਪਣੀਆਂ ਸਕੂਲ ਵੈੱਬਸਾਈਟ ਬਣਾ ਰੱਖੀਆਂ ਸਨ।
ਈ-ਸਿੱਖਿਆ ਐਪ ਦਾ ਨਿਰਮਾਣ ਕਰਨ ਵਾਲਾ ਮਲਕੀਤ ਸਿੰਘ: ਅਜਿਹੇ ਹੀ ਕੰਪਿਊਟਰ ਅਧਿਆਪਕ ਹਨ ਸ਼੍ਰੀ ਮਲਕੀਤ ਸਿੰਘ ਜਿੰਨਾ ਨੇ ਆਪਣੇ ਸਕੂਲ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ (ਜ਼ਿਲ੍ਹਾ ਮਾਨਸਾ) ਦੀ ਵੈੱਬਸਾਈਟ ਤਿਆਰ ਕੀਤੀ ਹੋਈ ਹੈ। ਉਨ੍ਹਾਂ ਨੇ ਆਪਣੀ ਵੈੱਬਸਾਈਟ (gssdatewas.in) ਵਿਦਿਆਰਥੀ ਅਤੇ ਅਧਿਆਪਕ ਵਰਗ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਡਿਜ਼ਾਈਨ ਕੀਤੀ ਅਤੇ ਤੁਹਾਨੂੰ ਇਸ ਵੈੱਬਸਾਈਟ ਨੂੰ ਵਿਜ਼ਟ ਕਰਕੇ ਖ਼ੁਦ ਹੀ ਇਸ ਪੱਖ ਦਾ ਨਮੂਨਾ ਮਿਲ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ‘ਈ-ਸਿੱਖਿਆ’ ਨਾਮ ਦੀ ਬਿਹਤਰੀਨ ਐਪ ਵੀ ਡਿਜ਼ਾਈਨ ਕੀਤੀ ਹੈ ਜਿਸ ਵਿੱਚ ਵੀ ਸਕੂਲ ਨਾਲ ਸਬੰਧਿਤ ਵਿੱਦਿਅਕ ਗਤੀਵਿਧੀਆਂ ਸ਼ੇਅਰ ਕੀਤੀਆਂ ਗਈਆਂ ਹਨ। ਸਵੱਛ ਕੰਪਿਊਟਰ ਲੈਬ ਵਿੱਚ ਵੀ ਇਹ ਸਕੂਲ ਜੇਤੂ ਰਹਿ ਚੁੱਕਾ ਹੈ।
ਸਰਹੱਦੀ ਖੇਤਰ ਦੇ ਸਕੂਲ ਦੀ ਵੈੱਬਸਾਈਟ ਡਿਜ਼ਾਈਨ ਕਰਤਾ ਅਮਿੱਤ ਧਾਮੀਜ਼ਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ (ਜ਼ਿਲ੍ਹਾ ਫ਼ਾਜ਼ਿਲਕਾ) ઠਪੱਛਮੀ ਦੇ ਸ਼੍ਰੀ ਅਮਿੱਤ ਧਾਮੀਜਾ ਦੁਆਰਾ ਵੀ ਬਹੁਤ ਹੀ ਖ਼ੂਬਸੂਰਤ ਵੈੱਬਸਾਈਟ (gmsssjalalabadboys.com) ઠਡਿਵਲੈਪ ਕੀਤੀ ਗਈ ਹੈ। ਹੋਰ ਗਤੀਵਿਧੀਆ ਵਿੱਚ ਉਹ ਬਤੌਰ ਮਾਸਟਰ ਟ੍ਰੈਨਰ ਦੀ ਸੇਵਾਵਾਂ ਵੀ ਪ੍ਰਦਾਨ ਕਰ ਰਹੇ ਹਨ। ਇਸ ਸਕੂਲ ਦੀ ਲੈਬ ਨੂੰ ਵੀ ਪੰਜਾਬ ਆਈ.ਸੀ.ਟੀ ਦੇ ਫੇਸ ਬੁੱਕ ਪੇਜ ਉੱਪਰ ਵਿਖਾਇਆ ਗਿਆ ਹੈ।
ਕੁਇਜ਼ ਪ੍ਰਤੀਯੋਗਤਾ ਅਤੇ ਸਕੂਲ ਦੇ ਵੈੱਬ-ਪੋਰਟਲ ਦਾ ਡਿਵੈਲਪਰ ਰਾਕੇਸ਼ ਕੁਮਾਰ: ਇਸ ਤਰ੍ਹਾਂ ਹੀ ਰਾਕੇਸ਼ ਕੁਮਾਰ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਮਗੜ੍ਹ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਨੇ ਵੀ ਆਪਣੀ ਸਕੂਲ ਦੀ ਵੈੱਬਸਾਈਟ ਦਾ ਨਿਰਮਾਣ ਕੀਤਾ ਹੈ।ਜਿਸ ਦਾ ਕੀ ਵੈੱਬ ਐਡਰੈੱਸ: gsssballamgarh.com ਹੈ। ਆਪ ਜੀ ਵੱਲੋਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਤਿਆਰ ਕੀਤੇ ਕੁਇਜ਼ ਪ੍ਰਤੀਯੋਗਤਾ ਦਾ ਵਿਦਿਆਰਥੀਆਂ ਨੇ ਵਿਸ਼ੇਸ਼ ਲਾਭ ਉਠਾਇਆ। ਇਸ ਤੋਂ ਪਹਿਲਾ ਰਾਕੇਸ਼ ਜੀ ਆਈ.ਸੀ.ਟੀ ਮੁਕਤਸਰ ਅਤੇ ਡੀਈਓ ਮੁਕਤਸਰ ਨਾਮਕ ਵੈੱਬਸਾਈਟਾਂ ਦਾ ਵੀ ਨਿਰਮਾਣ ਕਰ ਚੁੱਕੇ ਹਨ।
ਯੂ-ਟਿਊਬ ਚੈਨਲ ਅਤੇ ਸਕੂਲ ਵੈੱਬਸਾਈਟ ਬਣਾਉਣ ਵਾਲਾ ਵਿਸ਼ਾਲ ਵੱਤਸ: ਇਸ ਪ੍ਰਕਾਰ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ (ਜ਼ਿਲ੍ਹਾ ਫ਼ਾਜ਼ਿਲਕਾ) ਵਿਖੇ ਕੰਪਿਊਟਰ ਅਧਿਆਪਕ ਵਜੋਂ ਤਾਇਨਾਤ ਸ਼੍ਰੀ ਵਿਸ਼ਾਲ ਵਤਸ ਜੀ ਦੁਆਰਾ ਆਪਣੇ ਸਕੂਲ ਦੀ ਵੈੱਬਸਾਈਟ ਅਤੇ ਯੂ ਟਿਊਬ ਚੈਨਲ ਬਣਾ ਕੇ ਸਿੱਖਿਆ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। gssskarnikhera.com ਉੱਪਰ ਵਿਜ਼ਟ ਕਰਕੇ ਸਕੂਲ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।
ਬਠਿੰਡੇ ਦੇ ਮੋੜ ਮੰਡੀ ਸਕੂਲ ਦੀ ਇਕ ਮਿਆਰੀ ਵੈੱਬਸਾਈਟ ਚਲਾਉਣ ਵਾਲਾ ਪੰਕਜ ਕੁਮਾਰ: ਅਗਾਂਹ ਗੱਲ ਕਰੀਏ ਤਾਂ ਸ਼੍ਰੀ ਪੰਕਜ ਕੁਮਾਰ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਪਣੀਆ ਸੇਵਾਵਾਂ ਨਿਭਾਂ ਰਹੇ ਹਨ, ਨੇ ggsssmaur.com ਨਾਮਕ ਵੈੱਬਸਾਈਟ ਤਿਆਰ ਕੀਤੀ ਹੈ। ਇਸ ਵੈੱਬਸਾਈਟ ਦੀ ਦਿੱਖ ਬੜੀ ਹੀ ਪ੍ਰਭਾਵਸ਼ਾਲੀ ਅਤੇ ਸਮਗਰੀ ਬਹੁਤ ਹੀ ਸੁਚਾਰੂ ਰੂਪ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।
ਸਕੂਲ ਗਤੀਵਿਧੀਆਂ ਨੂੰ ਆਨਲਾਈਨ ਵੈੱਬਸਾਈਟ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨ ਵਾਲਾ ਇੰਦਰਜੀਤ ਸਿੰਘ: ਸ਼੍ਰੀ ਇੰਦਰਜੀਤ ਸਿੰਘ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਰਿਫ਼ ਕੇ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਕੰਪਿਊਟਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਨੇ ਵੀ ਆਪਣੀ ਸਕੂਲ ਦੀ ਵੈੱਬਸਾਈਟ ਬੜੀ ਹੀ ਮਿਹਨਤ ਨਾਲ ਤਿਆਰ ਕੀਤੀ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਨਮੂਨਾ ਵੈੱਬਸਾਈਟ ਨੂੰ (gsssarifke.com) ਵਿਜ਼ਟ ਕਰਨ ਆਪ-ਮੁਹਾਰੇ ਹੀ ઠਲੱਗ ਜਾਂਦਾ ਹੈ।
‘ਕਮਲ ਇਨਫੋਟੈਕ’ ਨਾਮਕ ਯੂ ਟਿਊਬ ਚੈਨਲ ਚਲਾਉਣ ਵਾਲਾ ਕਮਲ ਕਿਸ਼ੋਰ: ਇਨ੍ਹਾਂ ਸਭ ਦੇ ਨਾਲ-ਨਾਲ ਕਈ ਕੰਪਿਊਟਰ ਅਧਿਆਪਕ ਗਿਆਨ ਦਾ ਸਾਗਰ ਕਹਿ ਜਾਣ ਵਾਲੇ ਸ਼ੋਸਲ ਮੀਡੀਆ ਪਲੇਟਫ਼ਾਰਮ ਯੂ-ਟਿਊਬ ਉੱਪਰ ਹੀ ਆਪਣੀ ਯੋਗ ਹਾਜ਼ਰੀ ਲਗਾ ਰਹੇ ਹਨ, ਜਿੰਨਾ ਵਿੱਚ ਸ਼੍ਰੀ ਕਮਲ ਕੁਮਾਰ (ਸਰਕਾਰੀ ਹਾਈ ਸਕੂਲ ਮੈਲੀ, ਜ਼ਿਲ੍ਹਾ ਹੁਸ਼ਿਆਰਪੁਰ) ਜੋ ਕਿ ਆਪਣੇ ਯੂ-ਟਿਊਬ ਚੈਨਲ ‘ਕਮਲ ਇਨਫੋਟੈਕ’ ਰਾਹੀ ਵਿਦਿਆਰਥੀਆਂ ਨਾਲ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਵੀਡੀਉਜ਼ ઠਸਮੇਂ-ਸਮੇਂ ਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਸਕੂਲ ਦਾ ਯੂ ਟਿਊਬ ਚੈਨਲ ਬਣਾ ਕੇ ਸਕੂਲ ਦੀ ਗਤੀਵਿਧੀਆ ਨੂੰ ਆਨਲਾਈਨ ਕਰਨ ਵਾਲਾ ਸੰਦੀਪ ਯਾਦਵ: ਸੰਦੀਪ ਯਾਦਵ, ਜਿਹੜੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲਾਲਾ (ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ) ਵਿਖੇ ਸੇਵਾ ਨਿਭਾ ਰਹੇ ਹਨ, ਉਹ ਵੀ ਆਪਣੇ ਸਕੂਲ ਦੇ ਯੂ ਟਿਊਬ ਚੈਨਲ ਰਾਹੀ ਸਿੱਖਿਆ ਖੇਤਰ ਨਾਲ ਸਬੰਧਿਤ ਸਕੂਲ ਦੀਆਂ ਗਤੀਵਿਧੀਆ ਬੜੇ ਹੀ ਪ੍ਰਭਾਵਸ਼ਾਲੀ ਰੂਪ ਵਿੱਚ ਅੱਪਲੋਡ ਕਰਦੇ ਰਹਿੰਦੇ ਹਨ।
ਸੂਬਾ ਪ੍ਰਧਾਨ ਸ. ਗੁਰਵਿੰਦਰ ਸਿੰਘ ਤਰਨਤਾਰਨ, ਕੰਪਿਊਟਰ ਅਧਿਆਪਕ ਯੂਨੀਅਨ, ਪੰਜਾਬ ਜੀ ਦਾ ਸੁਨੇਹਾ:
ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇਕ ਅਜਿਹੇ ਕੇਡਰ ઠਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ, ਜਿਸ ਕੇਡਰ ਦੇ ਅਧਿਆਪਕ ਸਿੱਖਿਆ ਵਿਭਾਗ ਅੰਦਰ ਆਪਣੀ ਬਹੁਪੱਖੀ ਭੂਮਿਕਾ ਬੜੀ ਹੀ ਲਗਨ ਅਤੇ ਸਮਰਪਣ ਭਾਵਨਾ ਨਾਲ ਨਿਭਾ ਰਹੇ ਹਨ। ਸਿੱਖਿਆ ਖੇਤਰ ਵਿੱਚ ਸੂਚਨਾ ਤਕਨਾਲੋਜੀ ਦੇ ਨਵੀਨਤਮ ਸਾਧਨਾ ਰਾਹੀ ਵਿਦਿਆਰਥੀ ਵਰਗ ਤੱਕ ਆਪਣੀ ਪਹੁੰਚ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹਨ। ਸਰਕਾਰੀ ਸਕੂਲਾਂ ਦੀਆਂ ਵੈੱਬਸਾਈਟ ਅਤੇ ਐਪ ਜਾਂ ਹੋਰ ਆਨਲਾਈਨ ਐਪਲੀਕੇਸ਼ਨਜ਼ ਡਿਜ਼ਾਈਨ ਕਰਨਾ ਜਿੱਥੇ ਇਨ੍ਹਾਂ ਅਧਿਆਪਕਾਂ ਦੀ ਕਾਰਜਕੁਸ਼ਲਤਾ ਸਿੱਧ ਕਰਦਾ ਹੈ ਓਥੇ ਹੀ ਇਸ ਨਾਲ ਸਮਾਜ ਵਿੱਚ ਸਕੂਲ ਸਿੱਖਿਆ ਵਿਭਾਗ ਦੀ ਵੀ ਇਕ ਅਗਾਂਹਵਧੂ ਤਸਵੀਰ ਪੇਸ਼ ਹੋਈ ਹੈ। ਇਸ ਲੜੀ ਵਿੱਚ ਅਗਾਂਹ ਵੀ ਹੋਰ ਕਰਮਯੋਗੀ ਕੰਪਿਊਟਰ ਜ਼ਰੂਰ ਸ਼ਾਮਿਲ ਕੀਤੇ ਜਾਣਗੇ, ਅਜਿਹੀ ਮੇਰੀ ਉਮੀਦ ਹੈ ਕਿਉਂਕਿ ਇਨ੍ਹਾਂ ਮਾਣਮੱਤੇ ਅਧਿਆਪਕਾਂ ਤੋਂ ਇਲਾਵਾ ਹੋਰ ਵੀ ਕਈ ਅਨਮੋਲ ਹੀਰੇ ਸਿੱਖਿਆ ਖੇਤਰ ਵਿੱਚ ਆਪਣੀਆਂ ਬੇਮਿਸਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸਰਕਾਰ ਅਤੇ ਵਿਭਾਗ ਨੂੰ ਵੀ ਪਹਿਲ ਦੇ ਅਧਾਰ ਓਪਰ ਕੰਪਿਊਟਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਨਿਪਟਾਰਾ ਕਰਦੇ ਹੋਏ ਉਨ੍ਹਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਹਨ ਤਾਂ ਕਿ ਉਹ ਹੋਰ ਸਵੈਮਾਣ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ। ਸੂਬਾ ਪ੍ਰਧਾਨ ਸ. ਗੁਰਵਿੰਦਰ ਸਿੰਘ ਤਰਨਤਾਰਨ, ਕੰਪਿਊਟਰ ਅਧਿਆਪਕ ਯੂਨੀਅਨ, ਪੰਜਾਬ।
ਅੱਜ ਦੇ ਸਮੇਂ ਕੰਪਿਊਟਰ ਸਿੱਖਿਆ ਦੋਹਰੇ ਰੂਪ ਵਿਚ ਵਿਦਿਆਰਥੀਆਂ ਦੇ ਸਨਮੁੱਖ ਹੋ ਰਹੀ ਹੈ। ਪਹਿਲਾ ਤਾਂ ਇੱਕ ਵਿਸ਼ੇ ਦੇ ਰੂਪ ਵਿਚ ਤੇ ਦੂਜਾ ਇੱਕ ਮਾਧਿਅਮ ਵਜੋਂ ਜਿਸ ਦੀ ਵਰਤੋਂ ਕਰਕੇ ਵਿਦਿਆਰਥੀ ਦੂਜੇ ਵਿਸ਼ਿਆਂ ਨੂੰ ਹੋਰ ਵੀ ਸਰਲ ਰੂਪ ਵਿੱਚ ਸਿੱਖઠਸਕਦੇ ਹਨ। ਆਸ ਕੀਤੀ ਜਾ ਸਕਦੀ ਹੈ ਕਿ ਮੇਰੇ ਇਹ ਅਧਿਆਪਕ ਸਾਥੀ ਅਗਾਂਹ ਵੀ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਨਵੀਆਂ ਮੰਜ਼ਿਲਾਂ ਸਰ ਕਰਦੇ ਜਾਣਗੇ..ਆਮੀਨ!

(ਜਗਜੀਤ ਸਿੰਘ ਗਣੇਸ਼ਪੁਰ)
ਕੰਪਿਊਟਰ ਅਧਿਆਪਕ,
+91 9465576022

Install Punjabi Akhbar App

Install
×