ਸਰਕਾਰੀ ਡਾਕਟਰ ਨੇ 30 ਹਜਾਰ ਰੁਪਏ ਲੈ ਕੇ ਨਿੱਜੀ ਹਸਪਤਾਲ ‘ਚ ਕਰਵਾਈ ਡਿਲਿਵਰੀ

ਪੀੜਤ ਪੱਖ ਨੇ ਸਿਵਲ ਸਰਜਨ ਸਮੇਤ ਉੱਚ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ!

ਫਰੀਦਕੋਟ:- ਸਿਵਲ ਹਸਪਤਾਲ ਫਰੀਦਕੋਟ ਦੀ ਇਕ ਔਰਤ ਡਾਕਟਰ ‘ਤੇ ਪੀੜਤ ਵਿਆਹੁਤਾ ਦੇ ਪਰਿਵਾਰ ਤੋਂ 30 ਹਜਾਰ ਰੁਪਏ ਲੈ ਕੇ ਨਿੱਜੀ ਹਸਪਤਾਲ ‘ਚ ਡਿਲਿਵਰੀ ਕਰਨ ਦਾ ਦੋਸ਼ ਲੱਗਾ ਹੈ। ਪੀੜਤ ਵਿਆਹੁਤਾ ਦੇ ਪਤੀ ਬਲਜਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗੋਲੇਵਾਲਾ ਨੇ ਵੀਡੀਉ ਅਤੇ ਆਡੀਉ ਰਿਕਾਰਡਿੰਗ ਅਤੇ ਹੋਰ ਸਬੂਤਾਂ ਸਮੇਤ ਲਿਖਤੀ ਸ਼ਿਕਾਇਤਾਂ ਰਾਹੀਂ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ, ਵਿਜੀਲੈਂਸ ਵਿਭਾਗ, ਸਿਹਤ ਵਿਭਾਗ ਅਤੇ ਸਿਵਲ ਸਰਜਨ ਫਰੀਦਕੋਟ ਤੋਂ ਇਨਸਾਫ ਦੀ ਮੰਗ ਕੀਤੀ ਹੈ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਸਮੇਤ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਵੀ ਆਪਣੇ ਤੌਰ ‘ਤੇ ਸਿਵਲ ਸਰਜਨ ਨੂੰ ਮਿਲ ਕੇ ਸਵਾਲ ਖੜਾ ਕੀਤਾ ਹੈ ਕਿ ਆਮ ਲੋਕਾਂ ਦੇ ਇਲਾਜ ਲਈ ਲੱਖ-ਲੱਖ ਰੁਪਏ ਤਨਖਾਹ ਲੈਣ ਵਾਲੇ ਸਰਕਾਰੀ ਡਾਕਟਰ ਕੀ ਮਰੀਜ਼ਾਂ ਨੂੰ ਲੁੱਟਣ ਦਾ ਅਧਿਕਾਰ ਰੱਖਦੇ ਹਨ? ਸ਼ਿਕਾਇਤਕਰਤਾ ਮੁਤਾਬਿਕ ਉਸਦੀ ਪਤਨੀ ਦੀ ਡਿਲਿਵਰੀ 21 ਅਕਤੂਬਰ ਨੂੰ ਹੋਈ, ਜਿਸ ਦਾ ਇਲਾਜ ਸਿਵਲ ਹਸਪਤਾਲ ਫਰੀਦਕੋਟ ‘ਚ ਚੱਲ ਰਿਹਾ ਸੀ ਜਦ ਡਿਲਿਵਰੀ ਦਾ ਸਮਾਂ ਨੇੜੇ ਆਇਆ ਤਾਂ ਉਕਤ ਔਰਤ ਡਾਕਟਰ ਨੇ ਇਕ ਨਿੱਜੀ ਹਸਪਤਾਲ ‘ਚ ਅਪ੍ਰੇਸ਼ਨ ਥੀਏਟਰ ਕਿਰਾਏ ‘ਤੇ ਲੈਣ ਦੀ ਗੱਲ ਕਰਦਿਆਂ, ਉੱਥੇ ਬਿਹਤਰ ਸੁਵਿਧਾਵਾਂ ਦਾ ਹਵਾਲਾ ਦੇ ਕੇ ਦਾਖਲ ਹੋਣ ਲਈ ਆਖਿਆ। ਡਿਲਿਵਰੀ ਦੇ ਸਬੰਧ ‘ਚ ਔਰਤ ਡਾਕਟਰ ਵਲੋਂ ਪਹਿਲਾਂ ਨਾਰਮਲ ਕੇਸ ਹੋਣ ਤੇ ਫਿਰ 30 ਹਜਾਰ ਰੁਪਏ ਦੀ ਮੰਗ ਕੀਤੀ ਗਈ, ਜੋ ਉਨਾਂ 15-15 ਹਜਾਰ ਰੁਪਏ ਦੋ ਵਾਰ ‘ਚ ਦੇ ਦਿੱਤੇ। ਸ਼ਿਕਾਇਤਕਰਤਾ ਮੁਤਾਬਿਕ ਜਦੋਂ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲ ‘ਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਉਸਦੀ ਪਤਨੀ ਦੀ ਡਿਲਿਵਰੀ ਲਈ ਉਕਤ ਡਾਕਟਰ ਨੇ ਨਿੱਜੀ ਹਸਪਤਾਲ ਰਾਹੀਂ 30 ਹਜਾਰ ਰੁਪਏ ਕਿਸ ਗੱਲ ਦੇ ਵਸੂਲੇ? ਇਸ ਮਾਮਲੇ ‘ਚ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਨੇ ਆਖਿਆ ਕਿ ਉਕਤ ਮਾਮਲੇ ਦੀ ਜਾਂਚ ਲਈ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਜਾਵੇਗਾ, ਜੇਕਰ ਟੀਮ ਦੀ ਰਿਪੋਰਟ ‘ਚ ਸ਼ਿਕਾਇਤ ਸਹੀ ਪਾਈ ਗਈ ਤਾਂ ਨਿਯਮਾ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

Install Punjabi Akhbar App

Install
×