ਆਕਲੈਂਡ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਵੰਬਰ ਮਹੀਨੇ ਤੋਂ ਚਲਾਏ ਕ੍ਰਿਕਟ ਸੀਜ਼ਨ ਦੇ ਅੰਤਿਮ ਮੁਕਾਬਲੇ ਕੱਲ੍ਹ ਈਡਨ ਰੌਸਕਿਲ ਖੇਡ ਮੈਦਾਨ ਦੇ ਵਿਚ ਅੰਤਿਮ ਮੁਕਾਬਲੇ ਨਾਲ ਸਮਾਪਿਤ ਹੋਏ। ਇਨ੍ਹਾਂ ਮੈਚਾਂ ਦੇ ਵਿਚ ਕੁੱਲ 8 ਟੀਮਾਂ ਭਾਗ ਲੈ ਰਹੀਆਂ ਸਨ ਜਿਨ੍ਹਾਂ ਦੇ ਵਿਚ ਇਕ ਟੀਮ ਪੰਜਾਬੀ ਮੁੰਡਿਆਂ ਦੀ ‘ਯੰਗ ਸਪੋਰਟਸ ਕ੍ਰਿਕਟ ਟੀਮ’ ਵਜੋਂ ਆਕਲੈਂਡ ਯੂਨੀਵਰਸਿਟੀ ਦੇ ਬੈਨਰ ਹੇਠ ਖੇਡ ਰਹੀ ਸੀ। ਇਸ ਟੀਮ ਦੇ ਵਿਚ ਇਕ ਗੋਰਾ ਮੁੰਡਾ ਵੀ ਖੇਡਦਾ ਹੈ। ਕੱਲ੍ਹ ਟੀ-20 ਦਾ ਅੰਤਿਮ ਮੁਕਾਬਲਾ ‘ਈਡਲ ਰੌਸਕਿਲ ਬਲੈਕ ਰਾਈਡਰਜ਼’ ਅਤੇ ‘ਯੰਗ ਸਪੋਰਟਸ ਕ੍ਰਿਕਟ ਟੀਮ’ ਦਰਮਿਆਨ ਹੋਇਆ। ‘ਯੰਗ ਸਪੋਰਟਸ ਕ੍ਰਿਕਟ ਟੀਮ’ ਨੇ ਉਨ੍ਹਾਂ ਸਾਹਮਣੇ 10 ਵਿਕਟਾਂ ਗਵਾ ਕੇ 144 ਦੌੜਾਂ ਦਾ ਟੀਚਾ ਰੱਖਿਆ ਪਰ ਵਿਰੋਧੀ ਟੀਮ ਸਿਰਫ 104 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ। ਇਸ ਤਰ੍ਹਾਂ ਪੰਜਾਬੀ ਮੁੰਡਿਆਂ ਦੀ ਟੀਮ 40 ਦੌੜਾਂ ਦੇ ਫਰਕ ਨਾਲ ਅੰਤਿਮ ਮੁਕਾਬਲੇ ਵਿਚ ਜੇਤੂ ਰਹੀ। ਹੁਣ 9 ਅਪ੍ਰੈਲ ਨੂੰ ਇਸ ਟੀਮ ਨੂੰ ਟ੍ਰਾਫੀ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਟੀਮ ਦੇ ਆਰਗੇਨਾਈਜ਼ਰ ਅਤੇ ਖਿਡਾਰੀ ਗਗਨ ਸ਼ੇਰਗਿੱਲ ਸਿੱਕਰੀ ਨੇ ਪੂਰੇ ਸੀਜ਼ਨ ਦੌਰਾਨ ਸਾਰੇ ਖਿਡਾਰੀਆਂ ਨਾਲ ਤਾਲਮੇਲ ਬਿਠਾ ਕੇ ਖੇਡ ਭਾਵਨਾ ਬਣਾਈ ਰੱਖੀ। ਇਸ ਤੋਂ ਇਲਾਵਾ ਟੀਮ ਦੇ ਕੈਪਟਨ ਜੇ.ਡੀ. ਸੰਧੂ ਅਤੇ ਵਾਈਸ ਕੈਪਟਨ ਸਨੇਹ ਬਰਾੜ ਨੇ ਪੂਰੇ ਮੈਚਾਂ ਦੌਰਾਨ ਬੜੀ ਵਧੀਆ ਰਣਨੀਤੀ ਬਣਾਈ ਅਤੇ 16 ਮੈਚਾਂ ਵਿਚੋਂ 13 ਮੈਚਾਂ ਉਤੇ ਆਪਣੀ ਜਿੱਤ ਦਰਜ ਕਰਵਾਉਂਦਿਆਂ ਟ੍ਰਾਫੀ ਆਪਣੇ ਨਾਂਅ ਕੀਤੀ।