ਕਾਮਨਵੈਲਥ ਬੰਦ ਕਰੇਗਾ ਹੋਰ 3 ਬਰਾਂਚਾਂ, ਕਰਮਚਾਰੀ ਯੂਨੀਅਨ ਵੱਲੋਂ ਵਿਰੋਧ

ਕਾਮਨਵੈਲਥ ਬੈਂਕ ਆਫ਼ ਆਸਟ੍ਰੇਲੀਆ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਗਿਲਡਫੋਰਡ (ਸਿਡਨੀ), ਵਾਨੇਰੂ (ਪਰਥ), ਅਤੇ ਮਾਊਂਟਨ ਗੇਟ (ਮੈਲਬੋਰਨ) ਦੀਆਂ ਤਿੰਨ ਬਰਾਂਚਾਂ ਨੂੰ ਬੰਦ ਕਰਨ ਜਾ ਰਿਹਾ ਹੈ। ਐਫ਼.ਐਸ.ਯੂ. (The Finance Sector Union) ਨੇ ਇਸ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਸੈਂਕੜੇ ਹੀ ਕਰਮਚਾਰੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਸਕਦਾ ਹੈ।
ਕਾਮਨਵੈਲਥ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਕਿਸੇ ਵੀ ਕਰਮਚਾਰੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਦਾ ਰੌਜ਼ਗਾਰ ਵੀ ਨਹੀਂ ਖੁੱਸੇਗਾ। ਇਨ੍ਹਾਂ ਬ੍ਰਾਂਚਾਂ ਦੇ ਕਰਮਚਾਰੀਆਂ ਨੂੰ ਹੋਰ ਥਾਂ ਤੇ ‘ਐਡਜਸਟ’ ਕੀਤਾ ਜਾਵੇਗਾ।
ਹਾਲਾਂਕਿ ਇਸੇ ਸਾਲ ਫਰਵਰੀ ਦੇ ਮਹੀਨੇ ਦੌਰਾਨ ਪੇਸ਼ ਕੀਤੀ ਗਈ ਆਪਣੀ ਰਿਪੋਰਟ ਰਾਹੀਂ ਕਾਮਨਵੈਲਥ ਨੇ ਆਪਣਾ ਮੁਨਾਫ਼ਾ 5.15 ਬਿਲੀਅਨ ਡਾਲਰਾਂ ਦਾ ਦਿਖਾਇਆ ਹੈ ਜੋ ਕਿ ਪਿੱਛਲੇ ਸਾਲ ਤੋਂ 9% ਜ਼ਿਆਦਾ ਹੈ।
ਇਸ ਬਾਬਤ ਸੈਨੇਟ ਵੱਲੋਂ ਇੱਕ ਪੜਤਾਲੀਆ ਕਮਿਸ਼ਨ ਵੀ ਬਿਠਾਇਆ ਗਿਆ ਹੈ ਜੋ ਕਿ ਕਾਮਨਵੈਲਥ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਬ੍ਰਾਂਚਾਂ ਵਾਲੇ ਵਰਤਾਰੇ ਦੀ ਘੋਖ-ਪੜਤਾਲ ਕਰ ਰਿਹਾ ਹੈ। ਇਸ ਦੇ ਚਲਦਿਆਂ, ਸੈਨੇਟ ਨੇ ਤਾਕੀਦ ਕੀਤੀ ਹੈ ਕਿ ਕਾਮਨਵੈਲਥ ਹਾਲ ਦੀ ਘੜੀ ਅਜਿਹਾ ਹੋਰ ਫੈਸਲਾ ਨਾ ਲਵੇ ਅਤੇ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਕਰੇ।
ਕਰਮਚਾਰੀ ਯੂਨੀਅਨ ਨੇ ਕਿਹਾ ਹੈ ਕਿ ਕਾਮਨਵੈਲਥ ਨੇ ਇਸਤੋਂ ਪਹਿਲਾਂ ਹੀ ਸਮੁੱਚੇ ਦੇਸ਼ ਅੰਦਰ, 35 ਦੇ ਕਰੀਬ ਬ੍ਰਾਂਚਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਕਿ ਫਰਵਰੀ ਤੋਂ ਜੂਨ ਤੱਕ ਸਮੇਂ ਵਿੱਚ ਬੰਦ ਕੀਤਾ ਜਾ ਰਿਹਾ ਹੈ।