ਕਰਜ਼ਾ ਕਿਸਤਾਂ ਵਿਆਜ ਮੁਕਤ ਕਰਕੇ ਛੇ ਮਹੀਨੇ ਅੱਗੇ ਪਾਈਆਂ ਜਾਣ
(ਬਠਿੰਡਾ) -ਪੰਜਾਬ ਦਾ ਕਿਸਾਨ ਜਿੱਥੇ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਸਰਕਾਰ ਦੀਆਂ ਵਧੀਕੀਆਂ ਸਦਕਾ ਹੋਰ ਨਿਘਾਰ ਵੱਲ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਦੂਹਰੀ ਮਾਰ ਤੋਂ ਬਚਾਅ ਕੇ ਪੰਜਾਬ ਦੀ ਕਿਸਾਨੀ ਸੁਧਾਰਨ ਵੱਲ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਕਾ: ਸੇਖੋਂ ਨੇ ਕਿਹਾ ਕਿ ਅਗੇਤੀ ਗਰਮੀ ਪੈਣ ਸਦਕਾ ਪੰਜਾਬ ਵਿੱਚ ਕਣਕ ਦਾ ਝਾੜ ਘਟ ਗਿਆ ਹੈ, ਜਿਸ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਸੱਟ ਮਾਰੀ ਹੈ। ਮਹਿੰਗੇ ਭਾਅ ਠੇਕੇ ਤੇ ਜ਼ਮੀਨਾਂ ਲੈ ਕੇ ਖਾਦਾਂ ਦਵਾਈਆਂ ਆਦਿ ਦੀ ਵਰਤੋਂ ਨਾਲ ਪਾਲੀ ਕਣਕ ਦਾ ਝਾੜ ਘਟਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਭਾਰੀ ਕਮੀ ਆਈ ਹੈ। ਇਸੇ ਤਰ੍ਹਾਂ ਸਾਉਣੀ ਦੀ ਫ਼ਸਲ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਜਰੂਰਤ ਹੈ, ਪਰ ਰਾਜ ਸਰਕਾਰ ਨੇ ਕਿ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੇ ਉਲਟ ਸਗੋਂ ਡੀ ਏ ਪੀ ਖਾਦ ਦੀ ਪੰਜਾਹ ਕਿਲੋ ਬੋਰੀ ਦੀ ਕੀਮਤ ਡੇਢ ਸੌ ਰੁਪਏ ਵਧਾ ਦਿੱਤੀ ਹੈ। ਇਸ ਤਰ੍ਹਾਂ 12 ਸੌ ਰੁਪਏ ਵਾਲਾ ਡੀ ਏ ਪੀ ਖਾਦ ਦਾ ਗੱਟਾ ਹੁਣ 1350 ਰੁਪਏ ਦਾ ਮਿਲੇਗਾ। ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਹੰਢਾ ਰਿਹਾ ਪੰਜਾਬ ਦਾ ਕਿਸਾਨ ਚਿੰਤਾ ਵਿੱਚ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਪਿਛਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਸਮੇਂ ਆਰਥਿਕ ਤੰਗੀ ਸਦਕਾ ਹਜ਼ਾਰਾਂ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ ਅਤੇ ਹੁਣ ਵੀ ਕਰਜ਼ੇ ਦੀ ਮਾਰ ਨਾ ਝੱਲ ਸਕਣ ਸਦਕਾ ਖੁਦਕਸ਼ੀਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਸਮੇਂ ਇਸ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਮੇਤ ਨੇਤਾਵਾਂ ਨੇ ਪੰਜਾਬ ਦੀ ਕਿਸਾਨੀ ਵੱਲ ਵਿਸ਼ੇਸ਼ ਧਿਆਨ ਦੇਣ ਦਾ ਵਿਸਵਾਸ਼ ਦਿਵਾਇਆ ਸੀ। ਲੋਕਾਂ ਨੇ ਭਰੋਸਾ ਕਰਦਿਆਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਸਥਾਪਤ ਕੀਤੀ।
ਕਾ: ਸੇਖੋਂ ਨੇ ਕਿਹਾ ਕਿ ਕਣਕ ਦਾ ਝਾੜ ਘਟਣ ਕਾਰਨ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੁਆਵਜਾ ਦੇਣ ਦਾ ਵਾਅਦਾ ਤਾਂ ਕੀਤਾ ਹੈ, ਪਰ ਇਹ ਵਾਅਦਾ ਅਜੇ ਤੱਕ ਬਿਆਨਾਂ ਤੱਕ ਹੀ ਸੀਮਤ ਹੈ। ਉਹਨਾਂ ਕਿਹਾ ਕਿ ਜੇਕਰ ਰਾਜ ਸਰਕਾਰ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਇਹ ਮੁਆਵਜਾ ਬਿਨਾਂ ਕਿਸੇ ਦੇਰੀ ਤੇ ਤਕਸੀਮ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਕਿਸਾਨਾਂ ਦੀ ਆਰਥਿਕ ਤੰਗੀ ਨੂੰ ਮੁੱਖ ਰਖਦਿਆਂ ਕਿਸਾਨੀ ਕਰਜ਼ੇ ਤੇ ਵਿਆਜ਼ ਵਿੱਚ ਮੁਕੰਮਲ ਛੋਟ ਦੇ ਕੇ ਕਿਸਤਾਂ ਛੇ ਮਹੀਨੇ ਲਈ ਅੱਗੇ ਪਾਉਣੀਆਂ ਚਾਹੀਦੀਆਂ ਹਨ।
ਸੂਬਾ ਸਕੱਤਰ ਨੇ ਡੀ ਏ ਪੀ ਖਾਦ ਦੀ ਕੀਮਤ ਵਿੱਚ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਧੱਕੇਸ਼ਾਹੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਕਿਸਾਨਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਵੀਂ ਹੋਂਦ ਵਿੱਚ ਆਈ ਸਰਕਾਰ ਜਿਸਨੇ ਕਿਸਾਨੀ ਦੇ ਸੁਧਾਰ ਦੇ ਦਾਅਵੇ ਵਾਅਦੇ ਕੀਤੇ ਸਨ, ਉਸਨੇ ਖਾਦ ਦੀ ਕੀਮਤ ਵਧਾ ਕੇ ਰਾਹਤ ਦੇਣ ਦੇ ਉਲਟ ਕਿਸਾਨਾਂ ਦੇ ਜਖ਼ਮਾਂ ਤੇ ਲੂਣ ਛਿੜਕਿਆ ਹੈ। ਕਿਸਾਨੀ ਤੇ ਕਿਸਾਨ ਨੂੰ ਜਿਉਂਦਾ ਰੱਖਣ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਤੁਰੰਤ ਰਾਹਤ ਦੇਣੀ ਚਾਹੀਦੀ ਹੈ।