ਵਿਗਿਆਨੀਆਂ ਮੁਤਾਬਿਕ, ਅੱਜ ਤੋਂ 50,000 ਸਾਲ ਪਹਿਲਾਂ ਧਰਤੀ ਉਪਰ ਜਦੋਂ ‘ਪੱਥਰ ਯੁੱਗ’ ਸੀ ਤਾਂ ਅੰਤਰਿਕਸ਼ ਵਿੱਚ ਘੁੰਮ ਰਿਹਾ ਇੱਕ ਗਰੀਨ ਕੋਮੈਟ ਜਾਂ ਹਰੇ ਰੰਗ ਦਾ ਧਰੂਤਾਰਾ (C/2022 E3 (ZTF)), ਧਰਤੀ ਤੇ ਉਸ ਸਮੇਂ ਰਹਿਣ ਵਾਲਿਆਂ ਨੂੰ ਦਿਖਾਈ ਦਿੱਤਾ ਸੀ। ਕਿਉਂਕਿ ਇਹ ਧਰੂਤਾਰਾ ਅੰਤਰਿਕਸ਼ ਦਾ ਚੱਕਰ 50,000 ਸਾਲਾਂ ਵਿੱਚ ਪੂਰਾ ਕਰਦਾ ਹੈ ਤਾਂ ਆਉਣ ਵਾਲੀ 2 ਫਰਵਰੀ ਨੂੰ ਇਹ ਮੁੜ ਤੋਂ ਸਾਡੀ ਇਸ ਧਰਤੀ ਦੇ ਆਕਾਸ਼ ਵਿੱਚ ਦਿਖਾਈ ਦੇਵੇਗਾ। ਅਤੇ ਫੇਰ ਸਾਡੀ ਧਰਤੀ ਦੇ 42 ਮਿਲੀਅਨ ਕਿਲੋਮੀਟਰ ਤੋਂ ਹੁੰਦਿਆਂ ਹੋਇਆਂ, ਅਗਲੇ 50,000 ਸਾਲਾਂ ਤੱਕ ਆਪਣੇ ਅਗਲੇ ਸਫ਼ਰ ਤੇ ਨਿਕਲ ਜਾਵੇਗਾ।
ਵੈਸੇ ਇਸ ਧਰੂਤਾਰੇ ਦੇ ਸਾਡੀ ਧਰਤੀ ਦੇ ਉਤਰੀ ਖੇਤਰ (Northern Hemisphere) ਵਿੱਚ ਦਿਖਾਈ ਦੇਣ ਦੇ ਆਸਾਰ ਹਨ ਪਰੰਤੂ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵੀ ਇਸ ਦੀ ਝਲਕ ਦਿਖਾਈ ਦੇਵੇਗੀ ਜੋ ਕਿ ਸੁਬਹ ਸਵੇਰੇ ਦੂਰਬੀਨ ਜਾਂ ਟੈਲੀਸਕੋਪ ਰਾਹੀਂ ਦੇਖੀ ਜਾ ਸਕਦੀ ਹੈ। ਰਾਤ ਦੇ ਸਮੇਂ ਇਸ ਦੀ ਝਲਕ ਸਾਡੀ ਇਕੱਲੀ ਅੱਖ ਰਾਹੀਂ ਵੀ ਦੇਖੀ ਜਾ ਸਕਦੀ ਹੈ।