ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਪਰਤੱਖ ਹੋਈਆਂ -ਕਾ: ਸੇਖੋਂ

ਕਣਕ ਦੇ ਭਾਅ ‘ਚ ਸਿਰਫ਼2 ਫੀਸਦੀ ਵਾਧਾ 21 ਫ਼ਸਲਾਂ ਖਰੀਦਣ ਦੀ ਗਾਰੰਟੀ ਨਹੀਂ

ਬਠਿੰਡਾ -ਕਾਰਪੋਰੇਟ ਘਰਾਣਿਆਂ ਦੀ ਰਖੇਲ ਬਣ ਚੁੱਕੀ ਕੇਂਦਰ ਦੀ ਮੋਦੀ ਸਰਕਾਰ ਨੇ ਕਣਕ ਦੇ ਭਾਅ ‘ਚ ਕਰੀਬ ਦੋ ਫੀਸਦੀ ਨਿਗੁਣਾ ਵਾਧਾ ਕਰਕੇ ਕਿਸਾਨ ਵਿਰੋਧੀ ਹੋਣ ਦਾ ਪਰਤੱਖ ਸਬੂਤ ਦੇ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਭਾਜਪਾ ਸਰਕਾਰ ਨੂੰ ਚਲਦਾ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
ਕਾ: ਸੇਖੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਹਾੜੀ ਸਾਉਣੀ ਦੀਆਂ 23 ਜਿਨਸਾਂ ਲਈ ਘੱਟੋ ਘੱਟ ਸਮਰਥਨ ਮੁੱਲ ਤਹਿ ਕਰਦੀ ਹੈ। ਕੇਂਦਰ ਦੀ ਕੈਬਨਿਟ ਨੇ ਮੀਟਿੰਗ ਕਰਕੇ ਇਹ ਐੱਮ ਐੱਸ ਪੀ ਲਾਗੂ ਕਰਦਿਆਂ ਹੀ ਕਣਕ ਦੇ ਭਾਅ ਵਿੱਚ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਪਿਛਲੇ ਸਾਲ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਤਹਿ ਕੀਤਾ ਸੀ, ਜਦ ਕਿ ਹੁਣ 2015 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ, ਇਹ ਵਾਧਾ ਕੇਵਲ ਦੋ ਫੀਸਦੀ ਦੇ ਕਰੀਬ ਹੀ ਬਣਦਾ ਹੈ। ਇਸੇ ਤਰ੍ਹਾਂ ਸਰੋਂ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਵਧਾ ਕੇ 5050 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਜੇਕਰ ਇਸ ਸਾਲ ਦੌਰਾਨ ਵਧੇ ਸਰੋਂ ਦੇ ਤੇਲ ਦੇ ਭਾਅ ਅਨੁਸਾਰ ਵੇਖਿਆ ਜਾਵੇ ਤਾਂ ਇਹ ਵਾਧਾ ਮਾਮੂਲੀ ਹੀ ਜਾਪਦਾ ਹੈ।
ਸੂਬਾ ਸਕੱਤਰ ਨੇ ਦੱਸਿਆ ਕਿ ਦੇਸ਼ ਦੇ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਜਿਨਸਾਂ ਦਾ ਰੇਟ ਤਹਿ ਕਰਨ ਲਈ ਸਵਾਮੀ ਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਅਨੁਸਾਰ ਜਿਨਸ ਤੇ ਹੋਣ ਵਾਲੇ ਖ਼ਰਚੇ ਤੇ ਪੰਜਾਹ ਫੀਸਦੀ ਲਾਭ ਜੋੜ ਕੇ ਭਾਅ ਮਿਥਿਆ ਜਾਣਾ ਚਾਹੀਦਾ ਹੈ। ਇਸ ਕਮਿਸਨ ਦੀ ਰਿਪੋਰਟ ਦੇ ਆਧਾਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਪੰਜਾਬ ਨੇ ਕਣਕ ਦਾ 2830 ਰੁਪਏ ਪ੍ਰਤੀ ਕੁਇੰਟਲ ਭਾਅ ਤਹਿ ਕਰਨ ਦੀ ਸਿਫ਼ਾਰਸ ਕੀਤੀ ਸੀ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਹੀ ਫਾਰਮੂਲਾ ਤਿਆਰ ਕਰਕੇ ਕਹਿ ਦਿੱਤਾ ਕਿ ਕਣਕ ਤੇ ਪ੍ਰਤੀ ਕੁਇੰਟਲ 1008 ਰੁਪਏ ਖ਼ਰਚ ਆਉਂਦਾ ਹੈ, ਜੋ ਕਿਸਾਨਾਂ ਨਾਲ ਸਰੇਆਮ ਧੋਖਾ ਤੇ ਫਰੇਬ ਹੈ।
ਕਾ: ਸੇਖੋਂ ਨੇ ਕਿਹਾ ਕਿ ਇਸ ਸਾਲ ਡੀ ਏ ਪੀ ਖਾਦ ਦੇ ਗੱਟੇ ਦਾ ਰੇਟ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤਾ ਜੋ ਡੇਢ ਗੁਣਾਂ ਤੋਂ ਵੀ ਜਿਆਦਾ ਵਾਧਾ ਹੈ, ਪਰ ਜਿਨਸਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵਿੱਚੋਂ ਕਣਕ ਤੇ ਝੋਨਾ ਖਰੀਦਣ ਦੀ ਗਾਰੰਟੀ ਐਲਾਨੀ ਗਈ ਹੈ, ਜਦ ਕਿ ਬਾਕੀ ਦੀਆਂ 21 ਫ਼ਸਲਾਂ ਖਰੀਦਣ ਦੀ ਕੋਈ ਗਾਰੰਟੀ ਨਹੀਂ ਤਹਿ ਕੀਤੀ ਗਈ। ਜੇਕਰ ਖਰੀਦ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਤਾਂ ਘੱਟੋ ਘੱਟ ਸਮਰਥਨ ਮੁੱਲ ਦੀ ਵੀ ਕੋਈ ਤੁਕ ਨਹੀਂ ਰਹਿ ਜਾਂਦੀ। ਖੁਲ੍ਹੀ ਮੰਡੀ ਵਿੱਚ ਇਹ ਜਿਨਸਾਂ ਐੱਮ ਐੱਸ ਪੀ ਤੋਂ ਘੱਟ ਰੇਟ ਤੇ ਹੀ ਖਰੀਦੀਆਂ ਜਾਣਗੀਆਂ।
ਸੁਬਾਈ ਸਕੱਤਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਤੋਂ ਦੇਸ਼ ਦੇ ਆਮ ਨਾਗਰਿਕਾਂ ਦੀ ਆਮਦਨ 20 ਫੀਸਦੀ ਘਟ ਗਈ ਹੈ। ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ, ਬੇਰੁਜਗਾਰੀ ਭਾਰੀ ਗਿਣਤੀ ਵਿੱਚ ਵਧ ਗਈ ਹੈ। ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ, ਕਿਸਾਨਾਂ ਨੂੰ ਜਿਨਸਾਂ ਦਾ ਸਹੀ ਭਾਅ ਨਹੀਂ ਮਿਲ ਰਿਹਾ। ਜਦੋਂ ਕਿ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ‘ਚ ਦੇਸ਼ ਦੇ ਆਰਥਿਕ ਹਾਲਾਤ ਹੋਰ ਮੰਦੇ ਵੱਲ ਵਧਣ ਦਾ ਖਦਸ਼ਾ ਹੈ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨੀ ਲਈ ਮਾਰੂ ਅਤੇ ਕਾਰਪੋਰੇਟ ਘਰਾਣਿਆਂ ਲਈ ਲਾਹੇਵੰਦ ਸਿੱਧ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਦੀ ਮੋਦੀ ਨੂੰ ਚਲਦਾ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਹਨਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਆਰਥਿਕ ਤੰਗੀ ਦੇ ਸ਼ਿਕਾਰ ਭਾਰਤ ਨੂੰ ਬਚਾਉਣ ਲਈ ਇੱਕਮੁੱਠ ਹੋ ਕੇ ਸੰਘਰਸ ਦੇ ਰਾਹ ਤੁਰਨ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੂਰਾ ਸਹਿਯੋਗ ਦੇਣ।

Welcome to Punjabi Akhbar

Install Punjabi Akhbar
×
Enable Notifications    OK No thanks