ਧਰਮ ਸੰਸਦ ਦੇ ਨਾਂ ਹੇਠ ਨਫ਼ਰਤ ਫੈਲਾਉਣ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ -ਕਾ: ਸੇਖੋਂ

(ਬਠਿੰਡਾ) -ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਸਦਕਾ ਹੀ ਦੇਸ਼ ਵਿੱਚ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਭਾਰਤੀ ਸੰਵਿਧਾਨ ਤੇ ਕਾਨੂੰਨ ਦੀ ਪਰਵਾਹ ਕੀਤੇ ਬਗੈਰ ਸਿਰ ਚੁੱਕ ਰਹੀਆਂ ਹਨ, ਜੋ ਧਰਮ ਨਿਰਪੱਖ ਭਾਰਤ ਲਈ ਵੱਡਾ ਖਤਰਾ ਹੈ। ਇਹ ਚਿੰਤਾ ਸੀ ਪੀ ਆਈ (ਐੱਮ) ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਹਰਿਦੁਆਰ ਵਿਖੇ ਹੋਈ ਧਰਮ ਸੰਸਦ ਤੋਂ ਪਰਤੱਖ ਹੁੰਦਾ ਹੈ।

ਕਾ: ਸੇਖੋਂ ਨੇ ਕਿਹਾ ਕਿ ਉਤਰਾਖੰਡ ਰਾਜ ਦਾ ਸ਼ਹਿਰ ਹਰਿਦੁਆਰ ਇੱਕ ਧਾਰਮਿਕ ਸ਼ਹਿਰ ਹੈ, ਉੱਥੇ ਬੀਤੇ ਦਿਨੀਂ ਹੋਈ ਤਿੰਨ ਦਿਨਾਂ ਧਰਮ ਸੰਸਦ ਵਿੱਚ ਦੇਸ਼ ਭਰ ਦੇ ਹਿੰਦੂ ਸਾਧੂ ਸੰਤਾਂ ਨੇ ਸਿਰਕਤ ਕੀਤੀ। ਇੱਥੇ ਕੀਤੇ ਭਾਸਣਾਂ ਵਿੱਚ ਦੇਸ਼ ਵਿੱਚ ਹਿੰਸਾ ਫੈਲਾਉਣ ਲਈ ਨਫ਼ਰਤੀ ਭਾਸਣ ਹੁੰਦੇ ਰਹੇ। ਬੁਲਾਰਿਆਂ ਨੇ ਰੱਜ ਕੇ ਮੁਸਲਮਾਨਾਂ ਵਿਰੁੱਧ ਭੜਾਸ ਕੱਢੀ। ਇੱਥੋਂ ਤੱਕ ਕਿਹਾ ਗਿਆ ਕਿ ਅਰਬ ਤੋਂ ਜਨਮੇ ਮੁਹੰਮਦਵਾਦ ਤੋਂ ਪੂਰੀ ਦੁਨੀਆਂ ਨੂੰ ਖਤਰਾ ਹੈ। ਸਾਧੂ ਭੇਸ ਵਾਲੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਵਿੱਚ ਹਥਿਆਰ ਚੁੱਕਣ ਦਾ ਸੰਦੇਸ ਹੀ ਨਹੀਂ ਦਿੱਤਾ ਬਲਕਿ ਮੁਸਲਮਾਨਾਂ ਨੂੰ ਮਾਰ ਦਿਓ ਜਾਂ ਖੁਦ ਮਰ ਜਾਓ ਦਾ ਪ੍ਰਚਾਰ ਕੀਤਾ। ਉਹਨਾਂ ਇਹ ਵੀ ਕਿਹਾ ਕਿ ਤੁਹਾਡੇ ਬੱਚੇ ਘੱਟ ਹਨ, ਮੁਕਾਬਲਾ ਕਰਨ ਲਈ ਵੱਧ ਬੱਚੇ ਪੈਦਾ ਕਰੋ। ‘ਸ਼ਸ਼ਤਰ ਸੇਵ ਜਯਤੇ’ ਦੇ ਨਾਅਰੇ ਲਵਾ ਕੇ ਹਥਿਆਰ ਚੁੱਕਣ ਲਈ ਭੜਕਾਇਆ ਗਿਆ।

ਸੂਬਾ ਸਕੱਤਰ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਇਹ ਸਭ ਕੁੱਝ ਧਾਰਮਿਕ ਸ਼ਹਿਰ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਨੱਕ ਹੇਠ ਹੁੰਦਾ ਰਿਹਾ ਤੇ ਪ੍ਰਸਾਸਨ ਸੁਣਦਾ ਦੇਖਦਾ ਰਿਹਾ। ਉਹਨਾਂ ਕਿਹਾ ਇਸ ਤਰ੍ਹਾਂ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ ਕੀਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਮੁਸਲਮਾਨਾਂ ਨੇ ਭਾਰਤ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ, ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦਿਆਂ ਸਹਾਦਤਾਂ ਦਿੱਤੀਆਂ ਹਨ। ਉਹ ਦੇਸ਼ ਦੇ ਵਿਸਵਾਸਪਾਤਰ ਨਾਗਰਿਕ ਹਨ ਅਤੇ ਧਰਮ ਨਿਰਪੱਖ ਭਾਰਤ ਦੇ ਵਸਿੰਦੇ ਹਨ। ਧਰਮ ਸੰਸਦ ਵਿੱਚ ਹੋਏ ਨਫ਼ਰਤੀ ਭਾਸ਼ਣਾਂ ਨਾਲ ਦੇਸ਼ ਵਿੱਚ ਹਿੰਸਾ ਭੜਕਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਮੀਡੀਆ ਵਿੱਚ ਦੇਸ਼ ਦੀ ਏਕਤਾ ਤੇ ਭਾਈਚਾਰਕ ਸਾਂਝ ਤੋੜਣ ਵਾਲੇ ਰੁਝਾਨ ਦਾ ਰੌਲਾ ਪਿਆ ਤਾਂ ਪੁਲਿਸ ਨੇ ਬਿਨ੍ਹਾਂ ਨਾਵਾਂ ਤੋਂ ਇੱਕ ਪਰਚਾ ਦਰਜ ਕਰਕੇ ਖਾਨਾਪੂਰਤੀ ਕਰ ਲਈ।

ਕਾ: ਸੇਖੋਂ ਨੇ ਮੰਗ ਕੀਤੀ ਕਿ ਦੇਸ਼ ‘ਚ ਸਿਆਸੀ ਸ਼ਹਿ ਤੇ ਹਿੰਸਾ ਫੈਲਾਉਣ ਲਈ ਨਫ਼ਰਤੀ ਭਾਸ਼ਣ ਕਰਨ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ, ਉਹਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਤੇ ਪਹਿਰਾ ਦਿੰਦੇ ਹੋਏ ਸਾਂਤੀ ਤੇ ਏਕਤਾ ਦਾ ਸਬੂਤ ਦੇਣ।