ਸਮੱਸਿਆਵਾਂ ਦਾ ਹੱਲ ਇੱਕਜੁੱਟਤਾ ਨਾਲ ਲੋਕ ਵਿਰੋਧੀ ਸ਼ਕਤੀਆਂ ਨੂੰ ਰਾਜਸੀ ਪਿੜ ‘ਚ ਹਰਾ ਕੇ ਹੀ ਕੀਤਾ ਜਾ ਸਕਦੈ – ਕਾ: ਸੇਖੋਂ

ਰਾਸਟਰਪਤੀ ਤੇ ਮੁੱਖ ਵਿਰੋਧੀ ਧਿਰ ਜੁਮੇਵਾਰੀ ਨਹੀਂ ਨਿਭਾ ਰਹੇ, ਨਿਆਂਪਾਲਿਕਾ ਕੇਂਦਰ ਸਰਕਾਰ ਦੇ ਅਨੁਕੂਲ ਕੰਮ ਕਰ ਰਹੀ ਹੈ

ਬਠਿੰਡਾ- ਸਰਵਉੱਚ ਅਹੁਦੇ ਤੇ ਬਿਰਾਜਮਾਨ ਦੇਸ਼ ਦਾ ਰਾਸਟਰਪਤੀ ਅਤੇ ਮੁੱਖ ਵਿਰੋਧੀ ਧਿਰ ਆਪਣਾ ਬਣਦਾ ਰੋਲ ਜੁਮੇਵਾਰੀ ਨਾਲ ਨਹੀਂ ਨਿਭਾ ਰਹੇ ਅਤੇ ਦੇਸ਼ ਦੀ ਨਿਆਂਪਾਲਿਕਾ ਵੀ ਕੇਂਦਰ ਸਰਕਾਰ ਦੇ ਅਨੁਕੂਲ ਕੰਮ ਕਰ ਰਹੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੇ ਸਮੇਂ ਦੇਸ਼ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਧਰਮ ਨਿਰਪੱਖ ਤੇ ਜਮਹੂਰੀ ਲੋਕਾਂ ਦੀ ਇੱਕਜੁੱਟਤਾ ਵੱਲੋਂ ਲੋਕ ਵਿਰੋਧੀ ਸ਼ਕਤੀਆਂ ਨੂੰ ਰਾਜਸੀ ਪਿੜ ‘ਚ ਹਰਾ ਕੇ ਹੀ ਕੀਤਾ ਜਾ ਸਕਦਾ ਹੈ।
ਕਾ: ਸੇਖੋਂ ਨੇ ਸਥਾਨਕ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਮਹੱਤਵਪੂਰਨ ਮੁੱਦਾ ਇਹ ਹੈ ਕਿ ਦੇਸ਼ ਦਾ ਸੰਵਿਧਾਨ ਬਚਦਾ ਹੈ ਕਿ ਨਹੀਂ, ਕਿਉਂਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੁਬਾਰਾ ਕਾਬਜ ਹੋਈ ਹੈ, ਉਸ ਸਮੇਂ ਤੋਂ ਦੇਸ਼ ਦੇ ਸੰਵਿਧਾਨ ਤੇ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਨਾਲ ਦੇਸ ਦਾ ਸੰਵਿਧਾਨ, ਧਰਮ ਨਿਰਪੱਖਤਾ ਤੇ ਜਮਹੂਰੀਅਤ ਖਤਰੇ ਵਿੱਚ ਪੈ ਗਏ ਹੈ। ਉਹਨਾਂ ਕਿਹਾ ਕਿ ਅਜਿਹੇ ਮੌਕੇ ਸੰਵਿਧਾਨ ਨੂੰ ਬਚਾਉਣ ਲਈ ਸੁਹਿਰਦਤਾ ਨਾਲ ਲੜਾਈ ਲੜਣੀ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੋਵੇ ਤੇ ਸੰਵਿਧਾਨ ਖਤਰੇ ਵਿੱਚ ਪੈ ਚੁੱਕਾ ਹੋਵੇ ਤਾਂ ਲੋਕਾਂ ਨੂੰ ਨਿਆਂਪਾਲਿਕਾ ਤੇ ਵੱਡੀ ਉਮੀਦ ਹੁੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਨਿਆਂਪਾਲਿਕਾ ਵੀ ਕੇਂਦਰ ਸਰਕਾਰ ਦੇ ਅਨੁਕੂਲ ਕੰਮ ਕਰ ਰਹੀ ਹੈ। ਜਿਸਦਾ ਪਰਤੱਖ ਸਬੂਤ ਬਾਬਰੀ ਮਸਜਿਦ ਦਾ ਫੈਸਲਾ, ਮਸਜਿਦ ਢਾਉਣ ਵਾਲਿਆਂ ਨੂੰ ਬਾਇਜਤ ਬਰੀ ਕਰਨਾ, ਸੀ ਏ ਏ ਆਦਿ ਅਨੇਕਾਂ ਮਾਮਲੇ ਹਨ। ਉਹਨਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਨਿਆਂਪਾਲਿਕਾ, ਚੋਣ ਕਮਿਸਨ, ਈ ਡੀ ਅਤੇ ਹੋਰ ਉੱਚ ਏਜੰਸੀਆਂ ਵਿੱਚ ਆਪਣੇ ਪੱਖ ਦੇ ਵਿਅਕਤੀ ਫਿੱਟ ਕੀਤੇ ਹੋਏ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਮੌਜੂਦਾ ਕਰੋਨਾ ਮਹਾਂਮਾਰੀ ਦੇ ਦੌਰਾਨ ਦੇਸ਼ ਦੀ ਕੇਂਦਰ ਸਰਕਾਰ ਨੇ 25 ਬਿਲ ਤੇ ਆਰਡੀਨੈੱਸ ਪਾਸ ਕਰਵਾ ਲਏ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਲੋਕ ਸਭਾ ਵਿੱਚ ਤਾਂ ਬਹੁਮੱਤ ਹੈ, ਪਰ ਰਾਜ ਸਭਾ ਵਿੱਚ ਰੌਲੇ ਰੱਪੇ ਦੌਰਾਨ ਧੱਕੇ ਨਾਲ ਹੀ ਜੁਬਾਨੀ ਪ੍ਰਵਾਨਗੀ ਹਾਸਲ ਕਰ ਲਈ। ਉਸਤੋਂ ਬਾਅਦ ਦੇਸ਼ ਦੇ ਰਾਸਟਰਪਤੀ ਨੇ ਕਾਹਲ ਵਿੱਚ ਹੀ ਉਹਨਾਂ ਤੇ ਮੋਹਰ ਲਾ ਦਿੱਤੀ। ਉਹਨਾਂ ਕਿਹਾ ਕਿ ਰਾਸਟਰਪਤੀ ਵੱਲੋਂ ਇਹ ਬਿਲ ਦੁਬਾਰਾ ਦੋਵਾਂ ਸਦਨਾਂ ਦੇ ਸਾਂਝੇ ਸੈਸਨ ਵਿੱਚ ਭੇਜਣੇ ਚਾਹੀਦੇ ਸਨ, ਪਰ ਉਹਨਾਂ ਅਜਿਹਾ ਨਾ ਕਰਕੇ ਆਪਣੀ ਬਣਦੀ ਜੁਮੇਵਾਰੀ ਤੋਂ ਮੂੰਹ ਫੇਰ ਲਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਨੂੰ ਤਾਨਾਸ਼ਾਹ ਢੰਗ ਨਾਲ ਚਲਾ ਰਿਹਾ ਹੈ, ਜੋ ਦੇਸ ਦੀ ਜਨਤਾ ਦੇ ਹਿਤ ਵਿੱਚ ਨਹੀਂ ਹੈ।
ਮੌਜੂਦਾ ਕਿਸਾਨੀ ਸੰਘਰਸ ਤੇ ਗੱਲ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਕਿਸਾਨੀ ਦੀ ਤਬਾਹੀ ਕਰਨ ਵਾਲੇ ਹਨ, ਜਿਸ ਪਿੱਛੇ ਕੇਵਲ ਅਦਾਨੀ ਅੰਬਾਨੀ ਹੀ ਨਹੀਂ, ਬਲਕਿ ਡਬਲਿਊ ਟੀ ਓ ਅਤੇ ਸਾਮਰਾਜੀ ਮੁਲਕਾਂ ਦਾ ਦਬਾਅ ਵੀ ਹੈ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਅੰਦੋਲਨ ਵਿੱਚ ਪੂਰਾ ਸਾਥ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਅਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣਾ ਚਾਹੀਦਾ ਹੈ। ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਭਾਅ ਤੇ ਜਿਨਸ ਖਰੀਦਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।
ਕੇਂਦਰ ਵੱਲੋਂ ਲੋਕ ਵਿਰੋਧੀ ਪਾਸ ਕੀਤੇ ਜਾ ਰਹੇ ਕਾਨੂੰਨਾਂ ਤੇ ਬਿਲਾਂ ਸਬੰਧੀ ਸੁਬਾਈ ਸਕੱਤਰ ਨੇ ਕਾਂਗਰਸ ਨੂੰ ਵੀ ਬਰਾਬਰ ਦੀ ਜੁਮੇਵਾਰ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਹੈ, ਪਰ ਉਹ ਆਪਣਾ ਬਣਦਾ ਰੋਲ ਨਹੀਂ ਨਿਭਾ ਰਹੀ। ਉਹਨਾਂ ਕਿਹਾ ਕਿ ਲੋਕ ਵਿਰੋਧੀ ਬਿਲ ਪਾਸ ਕਰਨ ਸਮੇਂ ਸੰਸਦ ਵਿੱਚੋਂ ਡਾ: ਮਨਮੋਹਨ ਸਿੰਘ ਤੇ ਪੀ ਚਿਦੰਬਰਮ ਗੈਰਹਾਜਰ ਰਹੇ ਸਨ, ਇਸ ਅਤੀ ਮਹੱਤਵਪੂਰਨ ਸੈਸਨ ਵਿੱਚੋਂ ਗੈਰਹਾਜਰ ਰਹਿਣ ਬਾਰੇ ਕਾਂਗਰਸ ਦੀ ਮੁਖੀ ਸ੍ਰੀਮਤੀ ਸੋਨੀਆਂ ਸਪਸ਼ਟ ਕਰਨ ਕਿ ਅਜਿਹਾ ਕਿਉਂ ਕੀਤਾ। ਜੇਕਰ ਉਹ ਸੰਸਦ ਵਿੱਚ ਹਾਜਰ ਹੁੰਦੇ ਤਾਂ ਸ਼ਾਇਦ ਇਹ ਬਿਲ ਪਾਸ ਨਾ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਉਹਨਾਂ ਦੀ ਗੈਰਹਾਜਰੀ ਵਿਰੋਧੀ ਧਿਰ ਦੇ ਰੋਲ ਤੇ ਸੁਆਲ ਖੜੇ ਕਰਦੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਕਾ: ਸੇਖੋਂ ਨੇ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਬਿਲਾਂ ਦਾ ਵਿਰੋਧ ਕਰ ਰਹੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕਮੁੱਠ ਹੋ ਕੇ ਰਾਜ ਭਵਨਾਂ ਵੱਲ ਮਾਰਚ ਕਰਨਾ ਚਾਹੀਦਾ ਹੈ, ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਕਾਨੂੰਨਾਂ ਦੇ ਹੱਕ ਵਿੱਚ ਕਿਹੜੀ ਪਾਰਟੀ ਹੈ ਤੇ ਵਿਰੋਧ ਵਿੱਚ ਕਿਹੜੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਵੱਲੋਂ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ‘ਸੰਵਿਧਾਨ ਬਚਾਓ ਦਿਵਸ’ ਦੇ ਤੌਰ ਤੇ ਮਨਾਇਆ ਜਾਵੇਗਾ, ਇਸ ਦਿਨ ਜਿਲ੍ਹਾ ਤੇ ਬਲਾਕ ਪੱਧਰ ਤੇ ਪਾਰਟੀ ਆਗੂ ਤੇ ਵਰਕਰ ਇਕੱਠੇ ਹੋ ਕੇ ਚਰਚਾਵਾਂ ਕਰਨਗੇ। ਇਸ ਮੌਕੇ ਸਰਵ ਸਾਥੀ ਗੁਰਦੇਵ ਸਿੰਘ ਬਾਂਡੀ ਐਡਵੋਕੇਟ ਜਿਲ੍ਹਾ ਸਕੱਤਰ, ਮੇਘ ਨਾਥ ਸੀਨੀਅਰ ਆਗੂ, ਇੰਦਰਜੀਤ ਸਿੰਘ ਸੀਟੂ ਨੇਤਾ, ਕੁਲਜੀਤਪਾਲ ਸਿੰਘ ਭੁੱਲਰ, ਗੁਰਚਰਨ ਸਿੰਘ ਚੌਹਾਨ ਆਦਿ ਵੀ ਹਾਜ਼ਰ ਸਨ।

Install Punjabi Akhbar App

Install
×