ਮੋਦੀ ਸਰਕਾਰ ਵੱਲੋਂ ਸੰਘੀ ਢਾਂਚੇ ਨੂੰ ਕਮਜੋਰ ਕਰਕੇ ਦੇਸ ਦਾ ਨੁਕਸਾਨ ਕੀਤਾ ਜਾ ਰਿਹੈ-ਕਾ: ਅਰਸੀ

ਕਿਸਾਨ ਅੰਤਿਮ ਜਿੱਤ ਹਾਸਲ ਕਰਕੇ ਹੀ ਘਰਾਂ ਨੂੰ ਮੁੜਣਗੇ

ਬਠਿੰਡਾ — ਆਪਣੇ ਜੋਟੀਦਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਘੀ ਢਾਂਚੇ ਨੂੰ ਲਗਾਤਰ ਕਮਜੋਰ ਕਰਨ ਦੀਆਂ ਸਾਜਿਸਾਂ ਰਚ ਕੇ ਦੇਸ਼ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਕਾ: ਹਰਦੇਵ ਅਰਸੀ ਸਾਬਕਾ ਵਿਧਾਇਕ ਨੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਰੋਨਾ ਹਊਏ ਦੇ ਪਰਦੇ ਹੇਠ ਮੋਦੀ ਸਰਕਾਰ ਜਨਤਕ ਜਾਇਦਾਦ ਨੂੰ ਕੌਡੀਆਂ ਦੇ ਭਾਅ ਅੰਬਾਨੀਆਂ ਅਡਾਨੀਆਂ ਨੂੰ ਵੇਚ ਰਹੀ ਹੈ।
ਉਹਨਾਂ ਕਿਹਾ ਕਿ ਇਸੇ ਸਾਜਿਸ ਤਹਿਤ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਕੇ ਖੇਤੀਬਾੜੀ ਦੇ ਸਮੁੱਚੇ ਤੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਦਾ ਰਾਹ ਖੋਹਲ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਗਲਤਫਹਿਮੀ ਸੀ ਕਿ ਸ਼ਾਇਦ ਕਿਸਾਨ ਵੀ ਕਰੋਨਾ ਦੇ ਡਰ ਕਾਰਨ ਚੁੱਪ ਰਹਿ ਕੇ ਆਪਣੀ ਮੌਤ ਦੇ ਵਰੰਟਾਂ ਨੂੰ ਪ੍ਰਵਾਨ ਕਰ ਲੈਣਗੇ। ਪਰ ਦੇਸ ਦੇ ਅੰਨਦਾਤੇ ਕਿਸਾਨ ਨੇ ਲੱਖਾਂ ਦੀ ਤਾਦਾਦ ਵਿੱਚ ਸੜਕਾਂ ਤੇ ਉੱਤਰ ਕੇ ਕਿਸਾਨ ਸੰਘਰਸ ਨੂੰ ਲੋਕ ਸੰਘਰਸ ਵਿੱਚ ਤਬਦੀਲ ਕਰ ਦਿੱਤਾ ਹੈ। ਹੁਣ ਸਮੁੱਚਾ ਦੇਸ ਹੀ ਕਾਲੇ ਕਾਨੂੰਨਾਂ ਵਿਰੁੱਧ ਖੜਾ ਹੋ ਗਿਆ ਹੈ, ਜਿਸਤੋਂ ਮੋਦੀ ਸਰਕਾਰ ਭੈਅਭੀਤ ਹੋਈ ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਕੁੱਝ ਮੰਗਾਂ ਪ੍ਰਵਾਨ ਕਰਨ ਲਈ ਸਹਿਮਤ ਹੋਈ ਹੈ, ਪਰੰਤੂ ਅੰਤਿਮ ਜਿੱਤ ਹਾਲੇ ਬਾਕੀ ਹੈ ਜਿਸਤੋਂ ਬਿਨ੍ਹਾ ਅੰਦੋਲਨ ਸਮਾਪਤ ਨਹੀਂ ਹੋਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਤੇ ਉਸਦੇ ਸਹਿਯੋਗੀਆਂ ਦੇ ਲੱਖਾਂ ਦੀ ਗਿਣਤੀ ਵਿੱਚ ਇਕੱਠਾਂ ਨੇ ਕਰੋਨਾ ਤੇ ਜਿੈੱਤ ਪ੍ਰਾਪਤ ਕਰਕੇ ਲੋਕਾਂ ਨੂੰ ਇਸਦੀ ਦਹਿਸਤ ਤੋਂ ਮੁਕਤ ਕਰ ਦਿੱਤਾ ਹੈ ਤੇ ਅਗਲੀ ਜਿੱਤ ਵੱਲ ਕਦਮ ਵਧਾਇਆ ਹੈ। ਉਹਨਾਂ ਕਿਹਾ ਕਿ ਅੰਦੋਲਨ ਦੀ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਕਿ ਜਿਸ ਤਰ੍ਹਾਂ ਆਰ ਐੱਸ ਐੱਸ ਨੇ ਧਰਮਾਂ ਦੇ ਨਾਂ ਤੇ ਫਿਰਕੂ ਧਰੁਵੀਕਰਨ ਨਾਲ ਸਮਾਜ ਵਿੱਚ ਨਫਰਤ ਦੀ ਜਹਿਰ ਭਰ ਦਿੱਤੀ ਸੀ, ਮੌਜੂਦਾ ਕਿਸਾਨ ਅੰਦੋਲਨ ਨੇ ਛੇ ਸਾਲ ਪਹਿਲਾਂ ਦੇ ਭਾਰਤ ਨੂੰ ਵਾਪਸ ਲੈ ਆਂਦਾ ਹੈ। ਅੱਜ ਹਰ ਵਰਗ ਧਰਮ ਦੇ ਲੋਕ ਕਿਸਾਨ ਸੰਘਰਸ ਵਿੱਚ ਇੱਕਮੁੱਠ ਹੋ ਕੇ ਯੋਗਦਾਨ ਪਾ ਰਹੇ ਹਨ। ਹਿੰਦੂ ਮੁਸਲਿਮ, ਪਾਕਿਸਤਾਨ ਦੀ ਬਜਾਏ ਕੇਵਲ ਲੋਕ ਹਿਤਾਂ ਦੀ ਗੱਲ ਹੋ ਰਹੀ ਹੈ। ਫਿਰਕੂ ਸ਼ਕਤੀਆਂ ਨੂੰ ਕਮਜੋਰ ਕਰਨਾ ਇਸ ਅੰਦੋਲਨ ਦੀ ਇੱਕ ਪ੍ਰਾਪਤੀ ਹੈ। ਕਾ: ਅਰਸੀ ਨੇ। ਕਿਹਾ ਕਿ ਕਿਸਾਨ ਅੰਤਿਮ ਜਿੱਤ ਲਈ ਚੱਟਾਨ ਦੀ ਤਰ੍ਹਾਂ ਮਜਬੂਤ ਹਨ। ਅੰਤਿਮ ਜੰਗ ਜਿੱਤ ਕੇ ਹੀ ਵਾਪਸ ਮੁੜਣਗੇ। ਉਹਨਾਂ ਕਿਹਾ ਕਿ ਬਿਜਲੀ ਸੋਧ ਬਿਲ ਤੇ ਵਾਤਾਵਰਣ ਕਾਨੂੰਨ ਦੀ ਵਾਪਸੀ ਦਾ ਹੋਣਾ ਵੱਡੀ ਜਿੱਤ ਹੈ।

Install Punjabi Akhbar App

Install
×