ਵਿਸ਼ਵ ਮੰਡੀ ਨੇ ਕਿਸਾਨੀ ਸੰਕਟ ਨੂੰ ਗਹਿਰਾ ਕੀਤਾ — ਕਾਮਰੇਡ ਬਸ਼ੇਸ਼ਰ ਰਾਮ

(ਕਾਮਰੇਡ ਬਸ਼ੇਸ਼ਰ ਰਾਮ ਦਾ ਸਨਮਾਨ ਕਰਦੇ ਹੋਏ ਜਗਦੀਪ ਸਿੰਘ, ਡਾ. ਭਗਵੰਤ ਸਿੰਘ, ਨਿਰਮਲ ਸਿੰਘ ਤੇ ਗੁਰਨਾਮ ਸਿੰਘ)

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪਗੜੀ ਸੰਭਾਲ ਜੱਟਾ ਲਹਿਰ ਦੇ ਮੋਢੀ ਸ. ਅਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਤੇ ਇੱਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕਾਮਰੇਡ ਬਸ਼ੇਸ਼ਰ ਰਾਮ ਦੀ ਪ੍ਰਧਾਨਗੀ ਹੇਠ ਕੀਤਾ। ਇਸ ਸਭਾ ਵਿੱਚ ‘ਪਗੜੀ ਸੰਭਾਲ ਲਹਿਰ‘ ਦੇ ਇਤਿਹਾਸ ਤੇ ਸੰਦਰਭਾਂ ਬਾਰੇ ਗੰਭੀਰ ਚਰਚਾ ਕੀਤੀ ਗਈ। ਅਜੋਕੇ ਕਿਸਾਨੀ ਅੰਦੋਲਨ ਅਤੇ ਪਗੜੀ ਸੰਭਾਲ ਲਹਿਰ ਦੀਆਂ ਸਾਂਝੀਆਂ ਤੰਦਾਂ ਦਾ ਸੂਖਮ ਮੁਲਾਂਕਣ ਕੀਤਾ ਗਿਆ। ਕਾਮਰੇਡ ਬਸ਼ੇਸ਼ਰ ਰਾਮ ਨੇ ਕਿਹਾ ਕਿ ਵਿਸ਼ਵ ਮੰਡੀ ਖਾਧ ਪਦਾਰਥਾਂ ਅਤੇ ਕੁਦਰਤੀ ਸੋਮਿਆਂ ਤੇ ਕਬਜ਼ਾ ਕਰਨ ਦੀ ਨੀਤੀ ਤਹਿਤ ਕਾਰਜ ਕਰ ਰਹੀ ਹੈ। ਕੇਂਦਰ ਸਰਕਾਰ ਕਿਸਾਨੀ ਨੂੰ ਤਬਾਹ ਕਰਕੇ ਮਜ਼ਦੂਰ ਬਣਾਉਣ ਦੀ ਨੀਤੀ ਹੇਠ ਜਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਿਸਾਨਾਂ ਨੂੰ ਵੀ ਬਾਹਰੀ ਅਤੇ ਅੰਤਰਿਕ ਪੱਧਰ ਤੇ ਸੰਘਰਸ਼ ਕਰਨਾ ਪਵੇਗਾ, ਤਾਂ ਹੀ ਸਰਮਾਏਦਾਰੀ ਦੇ ਵਿਕਰਾਲ ਰੂਪ ਤੋਂ ਆਪਣਾ ਆਪਾ ਬਚਾ ਸਕਣਗੇ।ਵਿਸ਼ਵ ਮੰਡੀ ਕਿਸਾਨੀ ਸੰਕਟ ਨੂੰ ਗਹਿਰਾ ਕਰ ਰਹੀ ਹੈ। ਉਨ੍ਹਾਂ ਨੇ ਸਿੰਘੂ ਬਾਰਡਰ ਤੇ ਕਿਸਾਨੀ ਸੰਘਰਸ਼ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਭਗਵੰਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਦੇ ਇਤਿਹਾਸ ਅਤੇ ਅਜੋਕੀ ਪ੍ਰਸੰਗਕਤਾ ਬਾਰੇ ਦੱਸਿਆ। ਉਨ੍ਹਾਂ ਨੇ ਹਕੀਕਤਾਂ ਦਾ ਬਿਆਨ ਕਰਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਦੀਆਂ ਤੋਂ ਚਲੀ ਆ ਰਹੀ ਜਾਗੀਰਦਾਰੀ ਪ੍ਰਥਾ ਦਾ ਖਾਤਮਾ ਕਰਕੇ ਹਲਵਾਹਕਾਂ ਨੂੰ ਭੋਇੰ ਦੇ ਅਧਿਕਾਰ ਪ੍ਰਦਾਨ ਕੀਤੇ ਸਨ। ਜ਼ਮੀਨ ਜੱਟ ਦੀ ਮਾਂ ਹੈ ਇਸ ਨਾਲ ਉਸਦਾ ਨਹੁੰ ਮਾਸ ਦਾ ਰਿਸ਼ਤਾ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆ ਅਤੇ ਕੌਮਾਂਤਰੀ ਮੰਡੀ ਦੇ ਪ੍ਰਭਾਵ ਅਧੀਨ ਕਿਸਾਨਾਂ ਨੂੰ ਜਮੀਨ ਤੋਂ ਤੋੜ ਕੇ ਮਜ਼ਦੂਰ ਬਣਾਉਣ ਦਾ ਨਿਸ਼ਾਨਾ ਹੈ, ਜਿਸਨੂੰ ਕਿਸਾਨੀ ਸੰਘਰਸ਼ ਪੂਰਾ ਨਹੀਂ ਹੋਣ ਦੇਵੇਗਾ। ਗੁਰਨਾਮ ਸਿੰਘ ਨੇ ਪਗੜੀ ਸੰਭਾਲ ਲਹਿਰ ਅਧੀਨ ਕਿਸਾਨਾਂ ਵੱਲੋਂ ਲੜੇ ਘੋਲ ਦੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਕਾਲੇ ਕਾਨੂੰਨ ਕਿਸਾਨਾਂ ਨੇ ਸੰਘਰਸ਼ ਕਰਕੇ ਵਾਪਸ ਕਰਾਏ ਸਨ। ਜਗਦੀਪ ਸਿੰਘ ਨੇ ਅਜੋਕੇ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦੇ ਹੋਏ ਇਨ੍ਹਾਂ ਦੇ ਘਾਤਕ ਸਰੁਪ ਤੇ ਚਾਨਣਾ ਪਾਇਆ ਅਤੇ ਕਿਸਾਨ ਸੰਘਰਸ਼ ਤੋਂ ਉਪਜੇ ਸਾਰਥਿਕ ਤੱਥਾਂ ਨੂੰ ਦੱਸਿਆ। ਨਿਰਮਲ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੰਕਲਪਾਂ ਦਾ ਅਨੁਸਰਣ ਕਰਕੇ ਕਿਸਾਨੀ ਘੋਲ ਸਫਲਤਾ ਪ੍ਰਾਪਤ ਕਰੇਗਾ। ਇਹ ਸ਼੍ਰੀ ਏ.ਪੀ. ਸਿੰਘ ਨੇ ਕਿਸਾਨੀ ਮੁੱਦਿਆਂ ਬਾਰੇ ਬਹੁਤ ਭਾਵਪੂਰਤ ਰਚਨਾ ਤਰੰਨੁਮ ਵਿੱਚ ਸੁਣਾਈ। ਅਮਰ ਗਰਗ ਕਲਮਦਾਨ ਨੇ ਅਜੋਕੇ ਪ੍ਰਸੰਗ ਨੂੰ ਦਰਸਾਉਂਦੀ ਕਹਾਣੀ ਪੇਸ਼ ਕੀਤੀ ਅਤੇ ਚਰਚਾ ਨੂੰ ਗਰਮ ਕੀਤਾ। ਬਚਨ ਸਿੰਘ ਗੁਰਮ, ਚਰਨ ਸਿੰਘ, ਸੰਦੀਪ, ਸੋਹਣ, ਬਲਜਿੰਦਰ, ਜੋਗਿੰਦਰ ਅਗਨੀਹੋਤਰੀ, ਭੁਪਿੰਦਰ ਉਪਰਾਮ, ਗੁਰਸ਼ਰਨ ਸਿੰਘ, ਡਾ. ਗਿਆਨ, ਕੁਲਵੰਤ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗੁਰਨਾਮ ਸਿੰਘ ਨੇ ਮੰਚ ਸੰਚਾਲਣਾ ਕਰਦੇ ਹੋਏ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਿਸਾਨੀ ਅੰਦੋਲਨ ਬਾਰੇ ਸ਼ੀਘਰ ਹੀ ਇੱਕ ਵਿਸ਼ਾਲ ਸੈਮੀਨਾਰ ਕਰਾਇਆ ਜਾਵੇਗਾ। 

Install Punjabi Akhbar App

Install
×