ਵਾਹ ਨੀ ਕੁਦਰਤੇ ਤੇਰੇ ਰੰਗ ਨਿਆਰੇ

ਸਾਰੀ ਦੁਨੀਆ ਚੱਲਦੀ ਚੱਲਦੀ ਇੱਕ ਝਟਕੇ ਨਾਲ ਰੁਕ ਜਾਵੇਗੀ ਇਹ ਸ਼ਾਇਦ ਕਿਸੇ ਨੇ ਸੁਪਨੇ ਵਿੱਚ ਵੀ ਸੋਚਣ ਦੀ ਖੇਚਲ ਨਾ ਕੀਤੀ ਹੋਵੇ। ਪਰ ਅੱਜ ਲੋਕ ਇੰਝ ਮਹਿਸੂਸ ਕਰ ਰਹੇ ਹਨ ਜਿਵੇਂ ਉਹ ਸੱਚਮੁਚ ਹੀ ਕਿਸੇ ਸੁਪਨੇ ਵਿੱਚੋਂ ਗੁਜ਼ਰ ਰਹੇ ਹੋਣ। ਕਿਉਂਕਿ ਪਿਛਲੇ ਦੋ ਮਹੀਨੇ ਵਿੱਚ ਦੁਨੀਆ ਭਰ ਦਾ ਚੱਕਾ ਜਾਮ ਹੋ ਜਾਣ ਨਾਲ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਗੱਲ ਕੀ ਹਰ ਵਰਗ ਉੱਪਰ ਕੋਰੋਨਾ ਨੇ ਬਹੁਤ ਬੁਰੀ ਤਰ੍ਹਾਂ ਆਪਣਾ ਪ੍ਰਭਾਵ ਛੱਡਿਆ ਹੈ। ਜੇਕਰ ਕਿਸੇ ਉੱਪਰ ਇਸ ਕੋਰੋਨਾ ਨੇ ਹਾਂ ਪੱਖੀ ਅਸਰ ਵਿਖਾਇਆ ਹੈ ਤਾਂ ਉਹ ਹੈ ਸੰਸਾਰਕ ਪੱਧਰ ਉੱਪਰ ਦੂਸਿ਼ਤ ਹੋ ਚੁੱਕਾ ਵਾਤਾਵਰਨ ਅਤੇ ਦੁਨੀਆ ਭਰ ਵਿੱਚ ਲੋਕਾਂ ਦੇ ਖੋਖਲੇ ਹੋ ਚੁੱਕੇ ਰਿਸ਼ਤੇ। ਇਹਨਾਂ ਦੋਵਾਂ ਨੂੰ ਕੋਰੋਨਾ ਨੇ ਬਹੁਤ ਵੱਡੀ ਰਾਹਤ ਪਹੁੰਚਾਈ ਹੈ। ਦੁਨੀਆ ਭਰ ਦੀ ਮਸ਼ੀਨਰੀ ਖੜੀ ਹੋ ਜਾਣ ਨਾਲ ਖਾਸ ਕਰਕੇ ਆਵਾਜਾਈ ਦੇ ਸਾਧਨ ਰੁਕ ਜਾਣ ਨਾਲ ਸਭ ਤੋਂ ਵੱਧ ਫਾਇਦਾ ਵਾਤਾਵਰਨ ਨੂੰ ਹੋਇਆ ਹੈ। ਉਜ਼ੋਨ ਪਰਤ ਇੱਕ ਵਾਰ ਫਿਰ ਆਪਣੀ ਬਹੁਤ ਚੰਗੀ ਸਥਿਤੀ ਵਿੱਚ ਪਰਤ ਆਈ ਹੈ। ਦਿੱਲੀ ਵਰਗੇ ਸ਼ਹਿਰ ਦਾ ਵਾਤਾਵਰਨ ਵੀ ਇੱਕ ਵਾਰ ਸਾਫ਼ ਸੁਥਰੀ ਹਵਾ ਦਾ ਮਾਲਕ ਅਖਵਾਉਣ ਦਾ ਹੱਕਦਾਰ ਬਣਿਆ ਹੈ। ਭਾਂਵੇ ਦਿੱਲੀ ਵਾਲੇ ਸਮੇਂ ਸਮੇਂ ਤੇ ਪੰਜਾਬ ਦੀ ਕਿਸਾਨੀ ਨੂੰ ਹੀ ਦੋਸ਼ੀ ਠਹਿਰਾ ਕੇ ਆਪਣੀਆਂ ਕਮਜ਼ੋਰੀਆਂ ਤੇ ਗਲਤੀਆਂ ਉੱਪਰ ਪੜਦਾ ਪਾਉਂਦੇ ਆਏ ਹਨ ਕਿ ਪੰਜਾਬ ਦੀਆਂ ਫਸਲਾਂ ਦਾ ਧੂੰਆਂ ਹੀ ਦਿੱਲੀ ਨੂੰ ਪ੍ਰਦੂਸਿ਼ਤ ਕਰਦਾ ਹੈ। ਪਰ ਹੁਣ ਦਿੱਲੀ ਵਿੱਚ ਸਭ ਕੁਝ ਰੁਕਣ ਨਾਲ ਇਸ ਗੱਲ ਦਾ ਭੁਲੇਖਾ ਜਰੂਰ ਨਿਕਲਿਆ ਹੋਵੇਗਾ, ਜੇਕਰ ਕੋਈ ਮੰਨੇ ਤਾਂ!

ਇਸੇ ਤਰ੍ਹਾਂ ਰਿਸ਼ਤੇ ਵੀ ਕੋਰੋਨਾ ਦੀ ਕਿਰਪਾ ਦਿ੍ਰਸ਼ਟੀ ਸਦਕਾ ਕਾਫੀ ਹੱਦ ਤੱਕ ਆਪਣੇ ਆਪ ਨੂੰ ਇੱਕ ਦੂਸਰੇ ਦੇ ਨੇੜੇ ਲਿਆਉਣ ਵਿੱਚ ਸਫ਼ਲਤਾ ਪ੍ਰਾਪਤ ਕਰ ਗਏ ਹਨ। ਘਰਾਂ ਵਿੱਚ ਹੀ ਆਪਸ ਵਿੱਚ ਦੂਰ ਦੂਰ ਹੋ ਚੁੱਕੇ ਲੋਕਾਂ ਨੂੰ ਇਸ ਖੜੋਤ ਵਾਲੇ ਦੌਰ ਨੇ ਆਪਸੀ ਨਿੱਘ ਅਤੇ ਚਾਹਤ ਦਾ ਸਵਾਦ ਚਖਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਮੋਬਾਇਲ ਫੋਨਾਂ ‘ਤੇ ਲਈਆਂ ਜਾਂਦੀਆਂ ਆਪ ਮੁਹਾਰੀਆਂ ਸੈਲਫੀਆਂ ਤੋਂ ਰਾਹਤ ਅਤੇ ਸਰਾਣੇ ਨੇੜੇ ਲੱਗੇ ਚਾਰਜਰਾਂ ਨਾਲ ਜਾਨਵਰਾਂ ਵਾਂਗ ਬੱਝੇ ਹੋਏ ਲੋਕਾਂ ਨੇ ਹਰ ਵੇਲੇ ਘਰਾਂ ਵਿੱਚ ਰਹਿਣ ਕਰਕੇ ਆਪਸ ਵਿੱਚ ਗੱਲਾਂ ਕਰਨੀਆਂ ਤੇ ਵਿਚਾਰਾਂ ਦੀ ਸਾਂਝ ਪਾਉਣੀ ਸ਼ੁਰੂ ਕਰਕੇ ਮਹਿਸੂਸ ਕੀਤਾ ਕਿ ਅਸੀਂ ਤਾਂ ਬਹੁਤ ਦੂਰ ਨਿੱਕਲ ਗਏ ਸੀ। ਪਰ ਜਿ਼ੰਦਗੀ ਦੇ ਕੁਝ ਸੁਨਿਹਰੀ ਪਲ ਤਾਂ ਘਰ ਬਹਿ ਕੇ ਰੁੱਖੀ ਮਿੱਸੀ ਖਾ ਕੇ ਵੀ ਮਾਣੇ ਜਾ ਸਕਦੇ ਹਨ। ਇਹਨਾਂ ਨੂੰ ਮਾਣਨ ਲਈ ਕਿਸੇ ਤਰ੍ਹਾਂ ਦੀ ਝੂਠੀ ਸ਼ਾਨੋ ਸ਼ੌਕਤ ਜਾਂ ਕਿਸੇ ਕਿਸੇ ਖਾਸ ਉਚੇਚ ਦੀ ਖੇਚਲ ਕਰਨ ਦੀ ਜਰੂਰਤ ਹੈ। ਬੱਸ ਚਾਹੀਦਾ ਹੈ ਤਾਂ ਸਿਰਫ਼ ਕੁਝ ਜ਼ਜ਼ਬਾਤਾਂ ਦੀ ਸਾਂਝ ਭਿਆਲੀ ਹੋਵੇ ਤੇ ਆਪਸ ਵਿੱਚ ਬਹਿ ਕੀਤਾ ਗਿਆ ਵਿਚਾਰ ਵਟਾਂਦਰਾ।
ਖੈਰ ਉਪਰੋਕਤ ਗੱਲਾਂ ਤਾਂ ਪਿਛਲੇ ਕੁਝ ਲੇਖਾਂ ਵਿੱਚ ਵਿਸਥਾਰ ਸਹਿਤ ਲਿਖ ਵੀ ਚੁੱਕਿਆ ਹਾਂ। ਪਰ ਦੁਨੀਆ ਦੇ ਬਦਲਦੇ ਹਾਲਾਤਾਂ ਵੱਲ ਦੇਖ ਕੇ ਵਾਰ ਵਾਰ ਲਿਖਣ ਨੂੰ ਜੀਅ ਕਰ ਆਉਦਾ ਹੈ। ਇਹਨਾਂ ਕੁਝ ਗੱਲਾਂ ਤੋਂ ਬਿਨਾਂ ਬਹੁਤ ਸਾਰੇ ਲੋਕਾਂ ਨੂੰ ਇਸ ਸਮੇਂ ਨੇ ਬੁਰੀ ਤਰ੍ਹਾਂ ਝੰਬਿਆ ਹੈ। ਵੱਡੀਆਂ ਵੱਡੀਆਂ ਆਰਥਿਕ ਸ਼ਕਤੀਆਂ ਦੇ ਮਹਿਲ ਆਪਣੇ ਥੰਮਾਂ ਤੋਂ ਥਿੜਕਦੇ ਨਜ਼ਰ ਆਉਣ ਲੱਗੇ ਹਨ। ਉੱਚੀਆਂ ਉੱਚੀਆਂ ਡੀਗਾਂ ਮਾਰਨ ਵਾਲੇ ਅਮਰੀਕਾ, ਇੰਗਲੈਂਡ ਵਰਗੇ ਦੇਸ਼ ਸਮੇਂ ਦੀ ਮਾਰ ਕਾਰਨ ਥਰਥਰਾ ਰਹੇ ਹਨ। ਪਰ ਧੌਣ ਵਿੱਚ ਫਸੇ ਹੋਏ ਆਕੜ ਵਾਲੇ ਕੀਲੇ ਕਾਰਨ ਅਜੇ ਵੀ ਮੰਨ ਨਹੀਂ ਰਹੇ, ਚਾਹੇ ਉਹ ਟਰੰਪ ਹੋਵੇ ਜਾਂ ਬੌਰਿਸ ਜੌਹਸਨ। ਟਰੰਪ ਨੇ ਸਾਰਾ ਦੋਸ਼ ਹੀ ਚੀਨ ਉੱਪਰ ਮੜ ਕੇ ਆਪਣੇ ਆਪ ਨੂੰ ਦੁੱਧ ਧੋਤਾ ਦਰਸਾ ਦਿੱਤਾ ਹੈ। ਪਰ ਦੁਨੀਆ ਇੰਨੀ ਵੀ ਬੇਵਕੂਫ਼ ਨਹੀਂ ਕਿ ਜੋ ਤੁਸੀਂ ਆਖੋ ਤੇ ਉਹ ਮੰਨ ਲਿਆ ਜਾਵੇ। ਚੀਨੀਆਂ ਪ੍ਰਤੀ ਤਾਂ ਪਹਿਲਾਂ ਹੀ ਲੋਕਾਂ ਵਿੱਚ ਬਹੁਤ ਭਰਮ ਭੁਲੇਖੇ ਹਨ। ਉੱਥੇ ਕੁਝ ਵੀ ਹੋ ਸਕਦਾ ਹੈ ਪਰ ਇਸ ਨਾਲ ਅਮਰੀਕਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ। ਅਮਰੀਕਾ ਤੇ ਚੀਨ ਵਿਚਾਲੇ ਚੱਲ ਠੰਡੀ ਜੰਗ ਦੂਸਰੇ ਪਾਸੇ ਭਾਰਤ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ। ਅਮਰੀਕਾ ਅਤੇ ਚੀਨ ਦਾ ਇਹ ਮਸਲਾ ਕਦੇ ਹੁਵਾਈ ਮੋਬਾਇਲ ਕੰਪਨੀ ਨੂੰ ਲੈ ਕੇ ਉਭਰਿਆ ਅਤੇ ਕੋਰੋਨਾ ਕਾਰਨ ਦੋਵਾਂ ਵਿਚਕਾਰ ਸੰਬੰਧ ਅਣਸੁਖਾਵੇਂ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਅਮਰੀਕਾ ਭਾਰਤ ਦਾ ਮੋਢਾ ਵਰਤਦਾ ਨਜ਼ਰ ਆ ਰਿਹਾ ਹੈ। ਜੇਕਰ ਇਹ ਗੱਲ ਅੱਗੇ ਵੱਧਦੀ ਹੈ ਤਾਂ ਭਾਰਤ ਤੇ ਚੀਨ ਦੇ ਹਜਾਰਾਂ ਫੌਜੀ ਬੇਵਜਾ ਮਾਰੇ ਜਾਣਗੇ ਅਤੇ ਅਮਰੀਕਾ ਨੂੰ ਅਰਬਾਂ ਡਾਲਰ ਦਾ ਮੁਨਾਫ਼ਾ ਹਥਿਆਰ ਵੇਚ ਕੇ ਬੜੀ ਆਸਾਨੀ ਨਾਲ ਮਿਲ ਜਾਵੇਗਾ। ਇਸਦੇ ਨਾਲ ਉਸਦੀਆਂ ਅਸਲਾ ਫੈਕਟਰੀਆਂ ਦਾ ਉਤਪਾਦ ਵੀ ਵਧ ਜਾਵੇਗਾ। ਸਾਡਾ ਦੇਸ਼ ਇਸ ਜੰਗ ਵਿੱਚ ਸਿਵਾਏ ਨੁਕਸਾਨ ਦੇ ਕੁਝ ਹੋਰ ਖੱਟਣ ਦੇ ਸਮਰੱਥ ਅਜੇ ਨਹੀਂ ਹੋਇਆ। ਜਿਸ ਲਈ ਸੋਚਣ ਵਿਚਾਰਨ ਤੇ ਕੁਝ ਕਰਨ ਦੀ ਲੋੜ ਹੈ।
ਇੱਧਰ ਸਾਡੇ ਦੇਸ਼ ਭਾਰਤ ਵਾਲੇ ਮੋਦੀ ਸਾਹਿਬ ਦੀ ਸਰਕਾਰ ਦਾ ਜਿ਼ਕਰ ਕੀ ਕਰਨਾ ਜਿਸ ਨੇ ਦੋ ਵਕਤ ਦੀ ਰੋਟੀ ਲਈ ਤਰਸਣ ਵਾਲੇ ਮਜ਼ਦੂਰਾਂ ਦੀ ਬਾਂਹ ਤਾਂ ਕੀ ਫੜਨੀ ਸੀ। ਸਗੋਂ ਵਿਚਾਰਿਆਂ ਨੂੰ ਆਪਣੇ ਹੀ ਦੇਸ਼ ਵਿੱਚ ਹਿਜਰਤੀ ਬਣਾ ਕੇ ਸੜਕਾਂ ਉੱਪਰ ਰੁਲਣ ਲਈ ਮਜਬੂਰ ਕਰ ਦਿੱਤਾ ਹੈ। ਰਾਜਸੀ ਆਗੂਆਂ ਦੇ ਵੱਡੇ ਵੱਡੇ ਦਾਅਵਿਆਂ, ਸਰਕਾਰੀ ਅਫਸਰਸ਼ਾਹੀ ਦੀ ਧੌਂਸ ਤੇ ਅੰਨੀ ਪੁਲਿਸੀਆ ਕੁੱਟ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ। ਕਿਤੇ ਕੋਈ ਧੀ ਆਪਣੇ ਪਿਉ ਨੂੰ ਬਚਾਉਣ ਲਈ ਹਜਾਰਾਂ ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚਦੀ ਹੈ। ਕਿਤੇ ਕੋਈ ਆਪਣੇ ਬੱਚੇ ਦੀ ਲਾਸ਼ ਚੁੱਕ ਕੇ ਅੰਤਮ ਰਸਮਾਂ ਕਰਨ ਲਈ ਘਰ ਨੂੰ ਜਾ ਰਿਹਾ ਹੈ ਤਾਂ ਕਿਤੇ ਪੈਦਲ ਚੱਲਦਿਆਂ ਹੀ ਰਸਤੇ ਵਿੱਚ ਕੋਈ ਗਰਭਵਤੀ ਬੱਚੇ ਨੂੰ ਜਨਮ ਦੇ ਕੇ ਖੂਨ ਨਾਲ ਲੱਥਪੱਥ ਆਪਣਾ ਸਫ਼ਰ ਜਾਰੀ ਰੱਖਦੀ ਹੈ। ਸ਼ਰਾਬ ਖਰੀਦਣ ਲਈ ਲੋਕ ਕਈ ਕਈ ਘੰਟੇ ਕਤਾਰਾਂ ਵਿੱਚ ਖੜਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਲੋਕ ਦੋ ਘੁੱਟ ਸ਼ਰਾਬ ਦੇ ਪੀ ਕੇ ਆਪਣੇ ਆਪ ਨੂੰ ਧੋਖਾ ਦੇਣਾ ਚਾਹੁੰਦੇ ਹਨ, ਦੋ ਘੜੀਆਂ ਆਰਾਮ ਦੀ ਨੀਂਦ ਸੌਣਾ ਚਾਹੁੰਦੇ ਹਨ। ਲੋਕਾਂ ਨੂੰ ਕਿਸੇ ਗੱਲ ਦਾ ਸਹੀ ਹੱਲ ਜਾਂ ਬਦਲ ਨਾ ਲੱਭਣ ਕਾਰਨ ਹੀ ਇਹ ਹਾਲਾਤ ਪੈਦਾ ਹੋਏ ਹਨ। ਇੱਥੋਂ ਤੱਕ ਕਿ ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਬਹੁਤ ਥਾਂਈ ਔਰਤਾਂ ਵੀ ਆਪਣੇ ਮਰਦਾਂ ਲਈ ਸ਼ਰਾਬ ਖਰੀਦਣ ਵਾਸਤੇ ਕਤਾਰਾਂ ਵਿੱਚ ਖੜੀਆਂ ਨਜ਼ਰ ਆਈਆਂ। ਸੂਬਾ ਸਰਕਾਰਾਂ ਨੇ ਆਪੋ ਆਪਣੇ ਰਾਜਾਂ ਵਿੱਚ ਸ਼ਰਾਬ ਦੀ ਵਿਕਰੀ ਨੂੰ ਜਿਸ ਬੇਢੰਗੇ ਤਰੀਕੇ ਨਾਲ ਖੋਹਲਿਆ ਉਸ ਵੱਲ ਵੇਖ ਕੇ ਹਰ ਸੁਹਿਰਦ ਨਾਗਰਿਕ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੇਜਰੀਵਾਲ ਜਿਹੇ ਮੁੱਖ ਮੰਤਰੀ ਵੀ ਸ਼ਰਾਬ ਨੂੰ ਇਸ ਸਮੇ ਕਮਾਈ ਦਾ ਵੱਡਾ ਸਾਧਨ ਮੰਨਦੇ ਹਨ। ਕੈਪਟਨ ਸਾਹਿਬ ਜੋ ਨਸ਼ਾ ਖਤਮ ਕਰਨ ਦੀਆਂ ਸੌਂਹਾਂ ਖਾ ਕੇ ਸੱਤਾ ਵਿੱਚ ਪਰਤੇ ਸਨ ਉਹ ਵੀ ਸ਼ਰਾਬ ਦਾ ਹੀ ਸਹਾਰਾ ਲੈ ਕੇ ਬੇੜੀ ਕੰਢੇ ਲਾਉਂਦੇ ਨਜ਼ਰ ਆ ਰਹੇ ਹਨ।  
ਆਮ ਨਾਗਰਿਕ ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਹੈ ਪਰ ਅਸੀਂ ਅੱਜ ਵੀ ਅਸਮਾਨੀ ਟਾਕੀਆਂ ਲਾਉਣੋਂ ਬਾਜ ਨੀ ਆ ਰਹੇ। ਥਾਲੀਆਂ ਖੜਕਾ ਕੇ ਜਾਂ ਮੋਮਬੱਤੀਆਂ ਜਗਾ ਕੇ ਉਹਨਾਂ ਲੋਕਾਂ ਨੂੰ ਖੁਸ਼ ਕੀਤਾ ਜਾ ਸਕਦਾ ਹੈ ਜਿਹਨਾਂ ਦੇ ਢਿੱਡ ਭਰੇ ਹੋਣ। ਭੁੱਖੇ ਢਿੱਡਾਂ ਨੂੰ ਰੋਟੀ ਦਾ ਟੁਕੜਾ ਹੀ ਢਾਰਸ ਦੇ ਸਕਦਾ ਹੈ, ਖਾਲੀ ਥਾਲੀ ਜਦ ਵੀ ਖੜਕੇਗੀ ਉਸ ਵਿੱਚੋਂ ਭੁੱਖ ਦੀ ਝਲਕ ਸਦਾ ਨਜ਼ਰੀਂ ਆਵੇਗੀ। ਫੋਕੀ ਬਿਆਨਬਾਜ਼ੀ ਤੇ ਫਿਰਕੂ ਰਾਜਨੀਤੀ ਵੀ ਭੁੱਖੇ ਲੋਕਾਂ ਨੂੰ ਭਰਮਾਉਣ ਵਿੱਚ ਬਹੁਤੀ ਦੇਰ ਕੰਮ ਨਹੀਂ ਕਰ ਸਕਦੀ। ਫਿਰਕੂ ਸਿਆਸਤ ਕਰਨ ਵਾਲੇ ਲੋਕਾਂ ਇਹ ਭਰਮ ਸ਼ਾਇਦ ਨਿੱਕਲ ਗਿਆ ਹੋਵੇ ਪਰ ਢੀਠਾਂ ਨੂੰ ਇਸਦੀ ਬਹੁਤੀ ਪ੍ਰਵਾਹ ਕਿੱਥੇ। ਜਿਵੇਂ ਆਖਦੇ ਨੇ ਕਿਸੇ ਬੇਸ਼ਰਮ ਨੇ ਆਪਣੀ ਢੂਈ ਤੇ ਦਰਖੱਤ ਲਵਾ ਲਿਆ ਤਾਂ ਕਿਸੇ ਪੁੱਛਿਆ ਤਾਂ ਅੱਗੋਂ ਹੀ ਹੀ ਕਰਕੇ ਜਵਾਬ ਦਿੱਤਾ ਕਿ ਲੋੜ ਪਈ ਤੇ ਯਾਰ ਛਾਂਵੇਂ ਬੈਠਣਗੇ। ਇਹੀ ਹਾਲ ਸਾਡੇ ਦੇਸ਼ ਦੇ ਸਿਆਸੀ ਲੋਕਾਂ ਦਾ ਹੋ ਚੁੱਕਾ ਹੈ ਉਹ ਬੇਸ਼ਰਮੀ ਦੀਆਂ ਹੱਦਾਂ ਨੂੰ ਪਾਰ ਕਰਦੇ ਜਾ ਰਹੇ ਹਨ ਅਤੇ ਲੋਕ ਬਦਹਾਲੀ ਵੱਲ ਨੂੰ ਵੱਧਦੇ ਜਾ ਰਹੇ ਹਨ। 
ਅੱਜ ਵਿਸ਼ਵ ਭਰ ਦੇ ਵੱਖ ਵੱਖ ਦੇਸ਼ਾਂ ਖਾਸ ਕਰਕੇ ਵਿਕਸਤ ਦੇਸ਼ਾਂ ਵਿੱਚ ਵੱਡੇਰੀ ਉਮਰ ਦੇ ਲੋਕਾਂ ਦੀਆਂ ਮੌਤਾਂ ਬਹੁਤ ਵੱਡੀ ਗਿਣਤੀ ਵਿੱਚ ਹੋਈਆਂ ਹਨ। ਇਕੱਲੇ ਇੰਗਲੈਂਡ ਵਿੱਚ ਹੀ ਜੇਕਰ ਝਾਤ ਮਾਰਦੇ ਹਾਂ ਤਾਂ ਉ ਐਨ ਐਸ ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿੱਚ 2 ਮਾਰਚ ਤੋਂ ਲੈ ਕੇ 01 ਮਈ ਤੱਕ 12526 ਲੋਕ ਸਿਰਫ਼ ਕੇਅਰ ਹੋਮਸ ਵਿੱਚ ਹੀ ਮਰੇ ਹਨ। ਜੋ ਇੱਕ ਰਿਕਾਰਡ ਮੌਤ ਦਰ ਹੈ ਅਤੇ ਇਸਨੂੰ 159 ਪ੍ਰਤੀਸ਼ਤ ਤੱਕ ਆਂਕਿਆ ਗਿਆ ਹੈ। ਪਰ ਇਸ ਦੇ ਇਲਾਵਾ ਬਹੁਤ ਸਾਰੇ ਲੋਕਾਂ ਦੇ ਅੰਕੜੇ ਤਾਂ ਜਾਰੀ ਹੀ ਨਹੀਂ ਕੀਤੇ ਗਏ। ਜੋ ਕਿ ਤਸਵੀਰ ਦਾ ਦੂਸਰਾ ਪਾਸਾ ਵੀ ਕਹਿ ਸਕਦੇ ਹਾਂ। ਇਟਲੀ ਦੇ ਲੰਬਾਰਡੀ ਸਟੇਟ ਦੇ ਅੰਕੜਿਆਂ ਵਿੱਚ ਇਹੀ ਕੁਝ ਲੁਕਿਆ ਪਿਆ ਹੈ ਜਿਸ ਬਾਰੇ ਸ਼ਾਇਦ ਛਾਣਬੀਣ ਸ਼ੁਰੂ ਕਰਨ ਬਾਰੇ ਸਰਕਾਰ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ। ਜੇਕਰ ਇਹਨਾਂ ਵਿਕਸਤ ਮੁਲਕਾਂ ਦੀ ਸਥਿਤੀ ਅਜਿਹੀ ਹੈ ਤਾਂ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਦਾ ਕੀ ਹਾਲ ਹੋਵੇਗਾ ਇਸ ਬਾਰੇ ਤਾਂ ਬੱਸ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ।
ਸੰਸਾਰਕ ਪੱਧਰ ਉੱਪਰ ਇਸ ਨਾਜ਼ੁਕ ਦੌਰ ਵਿੱਚ ਇੱਕ ਹੋਰ ਪੱਖ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਦੁਨੀਆ ਭਰ ਦੇ ਸਮੁੰਦਰਾਂ ਵਿੱਚ ਯਾਤਰਾ ਕਰਵਾਉਣ ਵਾਲੇ ਪਾਣੀ ਦੇ ਵੱਡੇ ਜਹਾਜਾਂ ਵਿੱਚ ਕੰਮ ਕਰਨ ਵਾਲੇ ਹਜਾਰਾਂ ਲੋਕ ਅਜੇ ਵੀ ਇਹਨਾਂ ਜਹਾਜਾਂ ਵਿੱਚ ਫਸੇ ਬੈਠੇ ਹਨ ਅਤੇ ਘਰਾਂ ਨੂੰ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਇਹ ਲੋਕ ਇੱਥੋਂ ਤੱਕ ਅਵਾਜ਼ਾਰ ਹੋ ਚੁੱਕੇ ਹਨ ਕਿ ਪਾਣੀ ਵਿੱਚੋਂ ਬਾਹਰ ਆਉਣ ਨੂੰ ਤਰਸਣ ਦੀ ਹਾਲਤ ਤੱਕ ਪੱੁਜ ਚੁੱਕੇ ਹਨ। ਕਿਉਂਕਿ ਇਹਨਾਂ ਕਰੂਜ਼ ਸਿ਼ੱਪਾਂ ‘ਤੇ ਯਾਤਰਾ ਕਰ ਰਹੇ ਲੋਕਾਂ ਨੂੰ ਤਾਂ ਕੁਆਰਟਾਈਨ ਕੀਤਾ ਗਿਆ ਹੈ। ਪਰ ਕਰੂਜ਼ ਅਮਲੇ ਦੇ ਮੈਂਬਰਾਂ ਨੂੰ ਅਜੇ ਵੀ ਸਿ਼ੱਪ ਤੋਂ ਉਤਰਨ ਤੋਂ ਮਨਾਹੀ ਕਾਰਨ ਇਹ ਮਾਨਸਿਕ ਪ੍ਰੇਸ਼ਾਨੀ ਦਾ ਸਿ਼ਕਾਰ ਹੋ ਰਹੇ ਹਨ। ਇਹਨਾਂ ਲਈ ਹਵਾ, ਪਾਣੀ ਸਭ ਕੁਝ ਸਿ਼ੱਪ ਤੇ ਹੀ ਮੁਹੱਈਆ ਹੋ ਰਿਹਾ ਹੈ ਜਿਸ ਵਿੱਚ ਬਹੁਤਾ ਭਾਗ ਕੁਦਰਤੀ ਨਹੀਂ ਹੈ। ਬੀਤੇ ਦਿਨਾਂ ਵਿੱਚ ਇਸ ਤਾਲਾਬੰਦੀ ਤੋਂ ਤੰਗ ਆ ਕੇ ਤਿੰਨ ਲੋਕ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ। ਇਹ ਇੱਕ ਅਜਿਹਾ ਪੱਖ ਹੈ ਜਿਸ ਵੱਲ ਦੁਨੀਆ ਦੀਆਂ ਨਜ਼ਰਾਂ ਬਹੁਤ ਘੱਟ ਗਈਆਂ ਹਨ।
ਜਪਾਨ ਨੇ ਇਸ ਸਾਲ ਕਰਵਾਈਆਂ ਜਾਣ ਵਾਲੀਆਂ ਉਲੰਿਪਕ ਖੇਡਾਂ ਵੀ ਮੁਲਤਵੀ ਕਰ ਦਿੱਤੀਆਂ ਹਨ ਜੋ ਕਿ ਕੋਰੋਨਾ ਦੇ ਕਾਰਨ ਕਰਨਾ ਜਰੂਰੀ ਸੀ। ਜਿਸ ਕਾਰਨ ਜਪਾਨ ਨੂੰ ਬਹੁਤ ਵੱਡੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੋਂ ਦੇ ਛੋਟੇ ਵੱਡੇ ਵਪਾਰਕ ਘਰਾਣੇ, ਹੋਟਲ, ਰੈਸਟੋਰੈਂਟ ਤੇ ਆਵਾਜਾਈ ਸਨਅੱਤ ਨੂੰ ਵੱਡਾ ਘਾਟਾ ਝੱਲਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣਾ ਹੀ ਪਵੇਗਾ। ਸ਼ਾਇਦ ਬਹੁਤੇ ਅਦਾਰਿਆਂ ਨੇ ਇਹ ਤਿਆਰੀ ਕਰ ਵੀ ਲਈ ਹੋਵੇ। ਦੁਬਈ ਵਿੱਚ ਇਸੇ ਵਰ੍ਹੇ ਹੀ ਹੋਣ ਵਾਲਾ ਐਕਸਪੋ 2020 ਵੀ ਇੱਕ ਸਾਲ ਲਈ ਅੱਗੇ ਪਾ ਦਿੱਤਾ ਗਿਆ ਹੈ। ਜਿਸਦਾ ਘਾਟਾ ਸਹਿਣ ਲਈ ਦੁਬਈ ਵੀ ਕਿਸੇ ਤਰ੍ਹਾਂ ਤਿਆਰ ਭਾਂਵੇ ਨਾ ਹੋਵੇ ਪਰ ਡਾਹਡੇ ਅੱਗੇ ਕਿਹੜੀ ਕਿਸੇ ਦੀ ਵਾਹ। ਦੁਬਈ ਵਰਗਾ ਦੇਸ਼ ਜੋ ਚੱਲਦਾ ਹੀ ਸੈਲਾਨੀਆਂ ਤੇ ਵਿਦੇਸ਼ੀਆਂ ਦੇ ਉੱਪਰ ਹੋਵੇ। ਕੀ ਹੁਣ ਆਰਥਿਕ ਤੌਰ ਉੱਪਰ ਕਮਜ਼ੋਰ ਨਹੀਂ ਹੋਵੇਗਾ। ਇਸਦੇ ਇਲਾਵਾ ਜਰਮਨ, ਜਪਾਨ ਜਾਂ ਹੋਰ ਕਈ ਦੇਸ਼ਾਂ ਦੀ ਕਾਰ ਸਨਅੱਤ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਹੋਈ ਹੈ। ਡਾਲਰ, ਪੌਂਡ, ਯੂਰੋ ਨੇ ਬੀਤੇ ਮਾਰਚ ਮਹੀਨੇ ਵਿੱਚ ਵੱਡਾ ਘਾਟਾ ਝੱਲਿਆ ਹੈ। ਸ਼ੇਅਰ ਮਾਰਕੀਟਾਂ ਵੀ ਹਵਾ ਕੱਢੇ ਗੁਬਾਰੇ ਵਾਂਗ ਹੇਠਾਂ ਨੂੰ ਲੁੜਕਦੀਆਂ ਨਜ਼ਰ ਆਈਆਂ। ਪੰਛੀਆਂ ਦੀ ਤਰ੍ਹਾਂ ਸਦਾ ਹੀ ਘੁੰਮਦੇ ਰਹਿਣ ਵਾਲੇ ਜਹਾਜ਼ ਹਵਾਈ ਅੱਡਿਆਂ ਤੇ ਇੰਝ ਖੜੇ ਹੋ ਗਏ ਜਿਵੇਂ ਇਹਨਾਂ ਦੇ ਖੰਭ ਕੱਟ ਕੇ ਉੱਡਣੋਂ ਅਵਾਜ਼ਾਰ ਕਰ ਦਿੱਤੇ ਹੋਣ। ਕੀੜੀਆਂ ਦੇ ਭੌਣਾਂ ਵਾਂਗ ਹਰ ਪਾਸੇ ਕੁਰਬਲ ਕੁਰਬਲ ਕਰਦੀ ਦੁਨੀਆਂ ਘਰਾਂ ਅੰਦਰ ਖਾਮੋਸ਼ ਬੈਠੀ ਨਜ਼ਰ ਆਈ ਤੇ ਖਿਆਲ ਆਇਆ ਕਿ ਹੈ ਕੋਈ ਦੁਨੀਆ ਦਾ ਵਾਰਿਸ ਜੋ ਇਸਦੀ ਚੱਲਦੀ ਚੱਕੀ ਨੂੰ ਕਦੇ ਵੀ ਰੋਕ ਸਕਦਾ ਹੈ। ਜਦੋਂ ਚਾਹੇ, ਜਿਵੇਂ ਚਾਹੇ ਜਿਸ ਵੀ ਦਿਸ਼ਾ ਵੱਲ ਚਾਹੇ ਦੁਨੀਆ ਦਾ ਮੂੰਹ ਘੁਮਾ ਤੇ ਸਿਰ ਝੁਕਾ ਸਕਦਾ ਹੈ। ਇਸੇ ਲਈ ਤਾਂ ਕਹਿਣਾ ਪੈਂਦਾ ਹੈ ਵਾਹ ਨੀ ਕੁਦਰਤੇ ਤੇਰੇ ਰੰਗ ਨਿਆਰੇ।

(ਬਲਵਿੰਦਰ ਸਿੰਘ ਚਾਹਲ)
07491073808

Install Punjabi Akhbar App

Install
×