
ਕਾਰਾਂ ਦੀਆਂ ਰੈਲੀਆਂ ਦੇ ਸ਼ੌਕੀਨਾਂ ਵਾਸਤੇ ਵਧੀਆ ਖ਼ਬਰ ਸਾਂਝੀ ਕਰਦਿਆਂ ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਅਤੇ ਕੋਫਸ ਹਾਰਬਰ ਤੋਂ ਐਮ.ਪੀ. ਗੁਰਮੇਸ਼ ਸਿੰਘ ਨੇ ਜਾਰੀ ਕਰਦਿਆਂ ਕਿਹਾ ਕਿ ਇਸ ਵਾਰੀ ਸਾਲ ਦੇ ਆਖੀਰ ਵਿੱਚ ਅੰਤਰ-ਰਾਸ਼ਟਰੀ ਫੈਡਰੇਸ਼ਨ ਆਫ ਆਟੋਮੋਬਾਇਲ ਦੀ ਏਸ਼ੀਆ ਪੈਸੀਫਿਕ ਰੈਲੀ ਚੈਂਪਿਅਨਸ਼ਿਪ ਨੂੰ ਕੋਫਸ ਹਾਰਬਰ ਨੇ ਕਰਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਵਾਰੀ ਇਹ ਚੈਂਪਿਅਨਸ਼ਿਪ ਕੋਫਸ ਹਾਰਬਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਇਹ ਰੈਲੀ ਮੋਟਰਸਪੋਰਟ ਆਸਟ੍ਰੇਲੀਆ ਨਾਲ ਮਿਲ ਕੇ ਕਰਵਾਉਣ ਦਾ ਨਿਰਣਾ ਲਿਆ ਹੈ ਅਤੇ ਇਹ ਰੈਲੀ ਲਈ ਨਵੰਬਰ ਦੀਆਂ 26 – 29 ਤਾਰੀਖਾਂ ਮਿੱਥੀਆਂ ਗਈਆਂ ਹਨ। ਸ੍ਰੀ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਉਤਸਾਹਿਤ ਕਰਨ ਵਾਲਾ ਫੈਸਲਾ ਹੈ ਅਤੇ ਇਸ ਨਾਲ ਕੋਫਸ ਹਾਰਬਰ, ਸੰਸਾਰ ਭਰ ਅੰਦਰ ਮੋਟਰਸਪੋਰਟ ਕੈਪੀਟਲ ਦੇ ਤੌਰ ਤੇ ਉਭਰੇਗਾ। ਉਨ੍ਹਾਂ ਕਿਹਾ ਕਿ ਬਹੁਤ ਹੀ ਵਧੀਆ ਗੱਲ ਹੈ ਕਿ ਏਸ਼ੀਆ ਪੈਸੀਫਿਕ ਰੈਲੀ ਚੈਂਪਿਅਨਸ਼ਿਪ ਸਾਡੇ ਆਪਣੇ ਸ਼ਹਿਰ ਵਿੱਚ ਹੋਣ ਜਾ ਰਹੀ ਹੈ ਅਤੇ ਇਸ ਨਾਲ ਖੇਡਾਂ ਦੇ ਨਾਲ ਨਾਲ ਸਥਾਨਕ ਲੋਕਾਂ ਦੇ ਰੌਜ਼ਗਾਰ ਵਿੱਚ ਵੀ ਇਜ਼ਾਫ਼ਾ ਹੋਣਾ ਤੈਅ ਹੈ ਅਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਾਅਦ ਅਜਿਹੀਆਂ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਅਤੇ ਇਕੱਠਾਂ ਆਦਿ ਨਾਲ ਲੋਕਾਂ ਦੇ ਮਨਾਂ ਦਾ ਝੁਕਾਅ ਵੀ ਮੋੜ ਖਾਵੇਗਾ ਅਤੇ ਵਧੀਆ ਸੋਚਾਂ ਉਭਰਨਗੀਆਂ।
ਕੋਫਸ ਹਾਰਬਰ ਦੇ ਮੇਅਰ ਕਾਂਸਲਰ ਡੈਨਿਸ ਨਾਈਟ ਨੇ ਵੀ ਇਸ ਬਾਰੇ ਵਿੱਚ ਰਾਜ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਅਸੀਂ ਸਾਰੇ ਹੀ ਮਿਲ ਕੇ ਵਿਸ਼ਵ ਪੱਧਰ ਦੀ ਇਸ ਚੈਂਪਿਅਨਸ਼ਿਪ ਦਾ ਆਗਾਜ਼ ਕਰਾਂਗੇ ਅਤੇ ਇਸ ਨੂੰ ਖੇਡ ਦੀ ਭਾਵਨਾ ਨਾਲ ਹੀ ਸਿਰੇ ਚਾੜ੍ਹਿਆ ਜਾਵੇਗਾ।
ਆਸਟ੍ਰੇਲੀਆ ਦੇ ਮੋਟਰਸਪੋਰਟ ਪ੍ਰਧਾਨ ਐਂਡ੍ਰਿਊ ਫਰੇਜ਼ਰ ਨੇ ਵੀ ਇਸ ਬਾਬਤ ਰਾਜ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇ ਫੈਸਲੇ ਤੋਂ ਉਹ ਵੀ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਬੀਤੇ ਕੁੱਝ ਸਾਲਾਂ ਵਿੱਚ ਕੋਫਸ ਹਾਰਬਰ ਦੇਸ਼ ਵਿੱਚ ਹੋਣ ਵਾਲੀਆਂ ਅਜਿਹੀਆਂ ਰੈਲੀਆਂ ਅਤੇ ਖੇਡਾਂ ਦਾ ਕੇਂਦਰ ਰਿਹਾ ਹੈ ਅਤੇ 2021 ਦੇ ਇਸ ਅੰਤਰ ਰਾਸ਼ਟਰੀ ਈਵੈਂਟ ਕਾਰਨ ਖੇਤਰ ਦਾ ਨਾਮ ਸੰਸਾਰ ਭਰ ਵਿੱਚ ਹੋਰ ਵੀ ਚਮਕੇਗਾ ਅਤੇ ਇਸ ਵਾਸਤੇ ਸਾਰੇ ਹੀ ਵਧਾਈ ਦੇ ਪਾਤਰ ਹਨ।