ਯੂਕੇ ਵਿੱਚ 9-10 ਸਾਲ ਦੇ ਬੱਚਿਆਂ ਕੋਲੋਂ ਕਰਵਾਈ ਜਾ ਰਹੀ ਹੈ ਕੋਕੀਨ ਦੀ ਤਸਕਰੀ

ਗਲਾਸਗੋ/ ਲੰਡਨ -ਕੋਕੀਨ ਦੀ ਤਸਕਰੀ ਦੇ ਸੰਬੰਧ ਵਿੱਚ ਜਾਰੀ ਹੋਈਆਂ ਰਿਪੋਰਟਾਂ ਦੇ ਅਨੁਸਾਰ ਬ੍ਰਿਟੇਨ ਵਿੱਚ ਅਪਰਾਧੀਆਂ ਦੁਆਰਾ 10 ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਬੱਚਿਆਂ ਨੂੰ ਅਪਰਾਧ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੋਕੀਨ ਆਦਿ ਨਸ਼ਿਆਂ ਦੀ ਤਸਕਰੀ ਸ਼ਾਮਲ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਇੰਨੀ ਛੋਟੀ ਉਮਰ ਦੇ ਬੱਚਿਆਂ ‘ਤੇ ਕਾਨੂੰਨੀ ਦੋਸ਼ ਨਹੀਂ ਲਗਾਇਆ ਨਹੀਂ ਜਾ ਸਕਦਾ। ਅਜਿਹੇ ਅਪਰਾਧਾਂ ਵਿੱਚ ਹਾਲ ਹੀ ਵਿੱਚ 9 ਸਾਲਾਂ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਉੱਤੇ ਇੰਗਲੈਂਡ ਦਾ ਸਭ ਤੋਂ ਛੋਟਾ ਕਰੈਕ ਕੋਕੀਨ ਡੀਲਰ ਹੋਣ ਦਾ ਦੋਸ਼ ਹੈ।  ਇੰਗਲੈਂਡ ਅਤੇ ਵੇਲਜ਼ ਵਿੱਚ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਤੋਂ ਉਸਦੀ ਉਮਰ ਛੋਟੀ ਹੈ, ਇਸ ਲਈ ਉਸ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚਾ, ਜੋ ਕਿ ਕੈਂਬਰਿਜਸ਼ਾਇਰ ਵਿੱਚ ਰਹਿੰਦਾ ਹੈ, ਨੂੰ ਇੱਕ ਰਿਸ਼ਤੇਦਾਰ ਲਈ ਡਰੱਗਸ ਪਹੁੰਚਾਉਣ ਲਈ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹ ਹਜ਼ਾਰਾਂ ਉਹਨਾਂ ਬੱਚਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਗੰਭੀਰ ਜੁਰਮ ਕਰਨ ਲਈ ਵਰਤਿਆ ਜਾਂਦਾ ਹੈ। ਫਰੀਡਮ ਆਫ ਇਨਫਰਮੇਸ਼ਨ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਅਜਿਹੇ ਲੱਗਭਗ 16,000 ਅਪਰਾਧਾਂ ਦੀਆਂ ਰਿਪੋਰਟਾਂ ਵਿੱਚ ਨੌਂ ਸਾਲ ਜਾਂ ਇਸਤੋਂ ਘੱਟ ਉਮਰ ਦੇ ਸ਼ੱਕੀ ਬੱਚਿਆਂ ਦੇ ਸ਼ਾਮਲ ਹੋਣ ਦੇ ਅੰਕੜੇ ਮਿਲੇ ਹਨ। ਇਹ  ਅੰਕੜਾ ਇਸ ਤੋਂ ਵੀ ਉੱਚਾ ਹੋ ਸਕਦਾ ਹੈ ਕਿਉਂਕਿ 43 ਪੁਲਿਸ ਅਧਿਕਾਰੀਆਂ ਵਿਚੋਂ ਸਿਰਫ 29 ਨੇ ਹੀ ਜਾਣਕਾਰੀ ਦਿੱਤੀ ਹੈ।

Install Punjabi Akhbar App

Install
×