ਆਸਟ੍ਰੇਲੀਆ ਅੰਦਰ ਨਸ਼ੀਲੇ ਪਦਾਰਥ ਆ ਰਹੇ ਹਨ ਮੱਧ ਪੂਰਬੀ ਦੇਸ਼ਾਂ ਤੋਂ -ਪੁਲਿਸ

ਆਸਟ੍ਰੇਲੀਆਈ ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਅੰਦਰ ਜਿੰਨੀਆਂ ਵੀ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਆ ਰਹੀਆਂ ਹਨ, ਉਹ ਮੱਧ-ਪੂਰਬੀ ਦੇਸ਼ਾਂ ਆਦਿ ਤੋਂ ਆ ਰਹੀਆਂ ਹਨ। ਇਨ੍ਹਾਂ ਦੇ ਜ਼ਰੀਏ ਵੀ ਨਿੱਤ ਪ੍ਰਤੀ ਦਿਨ ਨਵੇਂ ਨਵੇਂ ਹੀ ਹੁੰਦੇ ਹਨ।
ਇਸੇ ਮਹੀਨੇ ਦੇ ਸ਼ੁਰੂਆਤ ਵਿੱਚ, ਕਨੇਡਾ ਤੋਂ ਇੱਕ 1960 ਮਾਡਲ ਦੀ ਵਿੰਟੇਜ ਕਾਰ (ਬੈਂਟਲੇ ਐਸ2) ਪੋਰਟ ਬੋਟਨੀ ਆਈ ਜੋ ਕਿ ਇੱਕ ਕੰਟੇਨਰ ਵਿੱਚ ਸੀ। ਨਿਊ ਸਾਊਥ ਵੇਲਜ਼ ਪੁਲਿਸ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਇਸ ਕਾਰ ਵਿੱਚੋਂ 150 ਮਿਲੀਅਨ ਡਾਲਰਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜੋ ਕਿ ਇਸ ਦੀਆਂ ਹੈਡਲਾਈਟਾਂ ਅਤੇ ਹੋਰ ਅੰਦਰਲੇ ਪਾਸਿਆਂ ਵਿੱਚ ਛੁਪਾ ਕੇ ਰੱਖੀ ਗਈ ਸੀ।
ਇਸ ਮਾਮਲੇ ਤਹਿਤ ਪੱਛਮੀ ਸਿਡਨੀ ਤੋਂ 20 ਅਤੇ 23 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਇਸ ਕਾਰ ਨੂੰ ਇੱਕ ਘਰ ਦੇ ਬਾਹਰ, ਇਸਦੇ ਪੁਰਜ਼ੇ ਆਦਿ ਅਲੱਗ ਅਲੱਗ ਕਰ ਰਹੇ ਸਨ।
ਇਸ ਕਾਰ ਵਿੱਚ ਫੜੀ ਗਈ ਨਸ਼ਿਆਂ ਦੀ ਖੇਪ ਵਿੱਚ 161 ਕਿਲੋ ਗ੍ਰਾਮ ਮੈਥ (ਮੈਥੀਲਮਫੈਟਾਮਾਈਨ ਨਾਮ ਦਾ ਨਸ਼ੀਲਾ ਪਦਾਰਥ) ਪਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ 30 ਕਿਲੋਗ੍ਰਾਮ ਕੋਕੀਨ ਵੀ ਪਾਈ ਗਈ ਹੈ।
ਇਸਦੇ ਨਾਲ ਹੀ ਇੱਕ ਹੋਰ ਵਿਅਕਤੀ ਦੀ ਗਿਫ਼ਤਾਰੀ ਵੀ ਹੋਈ ਹੈ ਜਿਸਤੋਂ ਪੁਲਿਸ ਨੇ 2.2 ਕਿਲੋਗ੍ਰਾਮ ਆਈਸ (ਨਸ਼ੀਲਾ ਪਦਾਰਥ) ਫੜੀ ਹੈ ਅਤੇ ਇਸ ਦੇ ਨਾਲ ਹੀ 1.1 ਮਿਲੀਅਨ ਡਾਲਰਾਂ ਦੀ ਨਕਦ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ।
ਇਸੇ ਸਾਲ ਦੇ ਸ਼ੁਰੂਆਤ ਵਿੱਚ ਪੋਰਟ ਬੋਟਨੀ ਉਪਰ ਹੀ ਇੱਕ ਸੰਗਮਰਮਰ ਦੀ ਖੇਪ ਆਈ ਸੀ ਜਿਸ ਵਿੱਚ ਕਿ 748 ਕਿਲੋਗ੍ਰਾਮ ਮੈਥ ਬਰਾਮਦ ਕੀਤੀ ਗਈ ਸੀ ਜੋ ਕਿ ਸੰਗਮਰਮਰ ਦੀਆਂ ਸਲੈਬਾਂ ਵਿਚਕਾਰ ਛੁਪਾ ਕੇ ਰੱਖੀ ਗਈ ਸੀ। ਇੱਕ ਹੋਰ ਸ਼ਿਪਮੈਂਟ ਵਿੱਚ ਪੁਲਿਸ ਨੇ ਅਜਿਹੀਆਂ ਹੀ ਮਾਰਬਲ ਦੀਆਂ ਸਲੈਬਾਂ ਅੰਦਰ ਛੁਪਾ ਕੇ ਰੱਖੀ ਗਈ 1060 ਕਿਲੋਗ੍ਰਾਮ ਮੈਥ ਵੀ ਫੜੀ ਸੀ ਅਤੇ ਇਸ ਫੜੀ ਗਈ ਕੁੱਲ 1800 ਕਿਲੋਗ੍ਰਾਮ ਦੀ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਕੁੱਲ ਕੀਮਤ 1.6 ਬਿਲੀਅਨ ਡਾਲਰ ਬਣਦੀ ਹੈ।