ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਾਲੇ ਕੋਚ ਅਤੇ ਰੇਲ ਸੇਵਾ ਹੋਣਗੀਆਂ ਬਹਾਲ

ਕੌਮੀ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜ ਦੇ ਹੁਣ ਬਾਰਡਰ ਖੁੱਲ੍ਹ ਜਾਣ ਤੋਂ ਬਾਅਦ ਹੁਣ ਅਗਲੇ ਹਫਤੇ ਤੋਂ ਅੰਤਰ-ਰਾਜੀਏ ਕੋਚਾਂ ਅਤੇ ਰੇਲਾਂ ਦੀ ਸੇਵਾ ਵੀ ਬਹਾਲ ਕਰ ਦਿੱਤੀ ਜਾਵੇਗੀ। ਉਨਾ੍ਹਂ ਕਿਹਾ ਕਿ ਨਿਊ ਸਾਊਥ ਵੇਲਜ਼ ਨਾਲ ਵੀ ਰੇਲ ਲਿੰਕ ਮੁੜ ਤੋਂ ਬਹਾਲ ਹੋ ਰਹੇ ਹਨ ਅਤੇ ਹੁਣ ਲੋਕਾਂ ਨੂੰ ਆਪਣੀਆਂ ਯਾਤਰਾਵਾਂ ਦੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਮੁੜ ਤੋਂ ਸਾਰਿਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਅਤੇ ਸਾਨੂੰ ਸਭ ਨੂੰ ਹੀ ਕਰੋਨਾ ਕਾਰਨ ਬਹੁਤ ਸਾਰੀਆਂ ਠੋਕਰਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਮੀਦ ਹੈ ਕਿ ਹੁਣ ਸਭ ਰਲ਼ ਮਿਲ ਕੇ ਆਪਣੀਆਂ ਆਪਣੀਆਂ ਆਰਥਿਕ ਸਥਿਤੀਆਂ ਨੂੰ ਲੀਹਾਂ ਉਪਰ ਲੈ ਕੇ ਆਉਣ ਦੀ ਕੋਸ਼ਿਸ਼ ਵਿੱਚ ਕਿਰਿਆ ਸ਼ੀਲ ਹੋ ਜਾਣਗੇ। ਉਨ੍ਹਾਂ ਬਾਰਡਰਾਂ ਉਪਰ ਸਥਿਤੀ ਸਥਾਨਾਂ ਅਤੇ ਵਸਦੇ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਹੀ ਬਹੁਤ ਸਹਿਣਸ਼ੀਲਤਾ ਦਿਖਾਈ ਹੈ ਕਿਉਂਕਿ ਬਾਰਡਰਾਂ ਉਪਰ ਆਵਾਜਾਈ ਬੰਦ ਹੋਣ ਕਾਰਨ ਘਰਾਂ ਦੇ ਕੋਲ ਹੀ ਆਪਣਾ ਕੰਮਕਾਜ ਵੀ ਬੰਦ ਹੋ ਜਾਣ ਕਾਰਨ ਲੋਕ ਕਾਫੀ ਦੁਖੀ ਸਨ ਅਤੇ ਹੁਣ ਮੁੜ ਤੋਂ ਖ਼ੁਸ਼ੀ ਹੈ ਕਿ ਲੋਕ ਆਪਣੇ ਕੰਮ-ਧੰਦਿਆਂ ਉਪਰ ਵਾਪਿਸ ਆ ਰਹੇ ਹਨ। ਕੌਮੀ ਪੱਧਰ ਦੀ ਕੋਚ ਸੇਵਾ ਸੋਮਵਾਰ 23 ਨਵੰਬਰ ਤੋਂ ਅਤੇ ਐਕਸ.ਪੀ.ਟੀ. ਸੇਵਾ ਸਿਡਨੀ ਤੋਂ ਮੈਲਬੋਰਨ ਸਦਰਨ ਕਰਾਸ ਲਈ 25 ਨਵੰਬਰ ਤੋਂ ਬਹਾਲ ਹੋਣਗੀਆਂ। ਮੈਲਬੋਰਨ ਦੇ ਸਦਰਨ ਕਰਾਸ ਤੋਂ ਵਾਪਿਸ ਸਿਡਨੀ ਵਾਸਤੇ ਸੇਵਾ ਵੀਰਵਾਰ 26 ਨਵੰਬਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸੇਵਾਵਾਂ ਕੋਵਿਡ-19 ਨਿਯਮਾਂਵਲੀ ਦੇ ਤਹਿਤ ਹੀ ਸ਼ੁਰੂ (50% ਦੇ ਨਿਯਮ ਨਾਲ) ਹੋਣਗੀਆਂ ਅਤੇ ਸਰੀਰਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਇਸੇ ਤਰਾ੍ਹਂ ਹੀ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾਵੇਗਾ। ਟਿਕਟਾਂ ਦੀ ਬੁਕਿੰਗ ਵਾਸਤੇ www.transportnsw.info/regional-bookings ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×