ਸ਼ੋਸ਼ਲ ਮੀਡੀਆ ਤੇ ਇਕ ਨੌਜਵਾਨ ਵੱਲੋਂ ਭੇਜੀ ਪੋਸਟ ਵਿਚ ਪੂਰੇ ਵੇਰਵਿਆਂ ਸਹਿਤ ਪ੍ਰਗਟਾਵਾ ਕੀਤਾ ਗਿਆ ਹੈ ਕਿ ਕਿਸ ਤਰਾਂ ਚੁੱਪਚਾਪ ਪੰਜਾਬ ਸਰਕਾਰ ਸੀ ਐਮ ਸਕਿਊਰਿਟੀ ਲਈ ਬਿਨਾਂ ਕਿਸੇ ਇਸ਼ਤਿਹਾਰਬਾਜ਼ੀ, ਬਿਨਾਂ ਟੈਸਟ ਅਤੇ ਟਰੈਲ ਲਏ ਬਿਹਾਰ, ਰਾਜਸਥਾਨ, ਹਰਿਆਣਾ ਆਦਿ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਵਿਸ਼ੇਸ਼ ਸੀ ਐਮ ਸਕਿਊਰਿਟੀ ਲਈ ਭਰਤੀ ਕਰ ਰਹੀ ਹੈ ਅਤੇ ਸੂਚਨਾਂ ਅਨੁਸਾਰ 300 ਜਵਾਨਾਂ ਨੂੰ ਭਰਤੀ ਕਰ ਲਿਆ ਗਿਆ ਹੈ ਅਤੇ ਇਹ ਸਾਰਾ ਕੰਮ ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ ਦੀ ਦੇਖ ਰੇਖ ਹੇਠ ਹੋ ਰਿਹਾ ਹੈ। ਇਸ ਕੰਮ ਲਈ ਇੰਚਾਰਜ ਲਾਏ ਗਏ ਬਿਹਾਰ ਦੇ ਡੀ ਐਸ ਪੀ ਰੈਂਕ ਦੇ ਅਫਸਰ ਰਾਕੇਸ਼ ਯਾਦਬ ਦਾ ਨਾਂ ਵੀ ਨਸ਼ਰ ਕੀਤਾ ਗਿਆ ਹੈ ਜਿਸਨੂੰ ਸਿੱਧਾ ਅਫਸਰ ਭਰਤੀ ਕੀਤਾ ਗਿਆ ਹੈ। ਪੰਜਾਬ ਦੇ ਨੌਜਵਾਨਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਇਹ ਭਰਤੀ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਢਿੱਡ ਚ ਲੱਤ ਮਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬੀ ਮੁੰਡਿਆਂ ਦੀ ਸਕਿਊਰਿਟੀ ਤੇ ਯਕੀਨ ਨਹੀਂ ਇਸ ਕਰਕੇ ਉਹ ਬਾਹਰ ਦੇ ਮੁੰਡੇ ਭਰਤੀ ਕਰ ਰਹੇ ਹਨ। ਸ਼ੋਸ਼ਲ ਮੀਡੀਆ ਵਿਚ ਇਸ ਭਰਤੀ ਵਿਰੁੱਧ ਨੌਜਵਾਨਾਂ ਨੂੰ ਆਵਾਜ਼ ਉਠਾਉਣ ਲਈ ਪ੍ਰੇਰਿਆ ਗਿਆ ਹੈ।