
ਵਧੀਕ ਪ੍ਰੀਮੀਅਰ ਸ੍ਰੀ ਜੋਹਨ ਬੈਰੀਲੈਰੋ ਅਤੇ ਕਲੇਰੈਂਸ ਤੋਂ ਐਮ.ਪੀ. ਸ੍ਰੀ ਕਰਿਸ ਗੁਲਾਪਟਿਸ ਨੇ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਦਰਸਾਇਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ ਪਹਿਲਾਂ ਤੋਂ ਚਲ ਰਹੇ 29 ਹਸਪਤਾਲਾਂ ਦੇ ਨਵੀਨੀਕਰਨ ਦੌਰਾਨ ਹੁਣ ਕਲੇਰੇਂਸ ਵੈਲੀ ਦੇ ਗ੍ਰਾਫਟਨ ਬੇਸ ਹਸਪਤਾਲ ਵਾਸਤੇ ਵੀ ਫੰਡ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਇਨ੍ਹਾਂ ਦਾ ਅਧਿਕਾਰਿਕ ਰੂਪ ਵਿੱਚ ਐਲਾਨ ਵੀ ਕਰ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਵੀ ਉਕਤ ਬਾਰੇ ਪੁਸ਼ਟੀ ਕਰਦਿਆਂ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਦਾ ਸਭ ਤੋਂ ਅਹਿਮ ਮੁੱਦਾ ਜਨਤਕ ਤੌਰ ਤੇ ਸਿਹਤ ਸੁਧਾਰ ਦਾ ਹੈ ਅਤੇ ਫੇਰ ਉਹ ਭਾਵੇਂ ਸ਼ਹਿਰਾਂ ਵਿੱਚ ਹੋਵੇ ਅਤੇ ਜਾਂ ਫੇਰ ਪੇਂਡੂ ਇਲਾਕਿਆ ਵਿੱਚ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ 2011 ਤੋਂ ਚਲੀ ਆ ਰਹੀ ਇਸ ਸਕੀਮ ਦੇ ਤਹਿਤ 10 ਬਿਲੀਅਨ ਡਾਲਰਾਂ ਦਾ ਹੁਣ ਤੱਕ ਦਾ ਨਿਵੇਸ਼ ਇਸ ਖੇਤਰ ਵਿੱਚ ਕੀਤਾ ਹੋਇਆ ਹੈ ਅਤੇ ਹੁਣ 2020 ਤੋਂ ਉਹ ਨਵੀਂ 10.1 ਬਿਲੀਅਨ ਡਾਲਰਾਂ ਦੀ ਸਕੀਮ ਦੇ ਤਹਿਤ ਰਾਜ ਵਿਚਲੇ 29 ਹਸਪਤਾਲਾਂ ਦਾ ਨਵੀਨੀਕਰਨ ਕਰਨ ਵਿੱਚ ਮਸ਼ਰੂਫ ਹੈ ਜਿਸ ਵਿੱਚ ਕਿ ਬੁਨਿਆਦੀ ਇਮਾਰਤੀ ਢਾਂਚੇ ਵਿੱਚ ਇਜ਼ਾਫ਼ਾ ਅਤੇ ਸੁਧਾਰ, ਨਵੀਂ ਆਧੁਨਿਕ ਤਕਨਾਲੋਜੀ ਦੇ ਨਾਲ ਹੋਰ ਸਟਾਫ ਦੀ ਭਰਤੀ ਵੀ ਸ਼ਾਮਿਲ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਰੌਜ਼ਗਾਰ ਵੀ ਇਸ ਖੇਤਰ ਵਿੱਚ ਮੁਹੱਈਆ ਕਰਵਾਇਆ ਜਾ ਸਕੇ। ਇਸ ਦਾ ਸਿੱਧਾ ਫਾਇਦਾ ਜਨਤਾ ਨੂੰ ਹੀ ਹੋਣਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਤੇੜੇ ਹੀ ਸੰਸਾਰ ਪ੍ਰਸਿੱਧ ਆਧੁਨਿਕ ਤਕਨੀਕਾਂ ਨਾਲ ਹੋਣ ਵਾਲੇ ਇਲਾਜ ਦੇ ਕੇਂਦਰ ਮਿਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਮਿਲਦੇ ਰਹਿਣਗੇ। ਇਸ ਨਾਲ ਸਥਾਨਕ ਵਪਾਰ ਵਿੱਚ ਵੀ ਵਾਧਾ ਹੁੰਦਾ ਹੈ, ਲੋਕਾਂ ਵਿੱਚ ਰੋਜ਼ਗਾਰ ਦੀ ਦਰ ਵਧਦੀ ਹੈ ਅਤੇ ਸਰਕਾਰ ਦੀ ਅਰਥ-ਵਿਵਸਥਾ ਵਿੱਚ ਵੀ ਚੰਗਾ ਯੋਗਦਾਨ ਪੈਂਦਾ ਹੈ।