ਕਲੇਰਮੋਂਟ ਦੇ ਕਾਤਿਲ ਨੂੰ ਜ਼ਿੰਦਗੀ ਭਰ ਦੀ ਜੇਲ੍ਹ ਦੀ ਸਜ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਲੇਰਮੋਂਟ ਵਿੱਚ ਦੋ ਕਤਲਾਂ ਦਾ ਮੁਜਰਿਮ -ਬਰੈਡਲੀ ਰੋਬਰਟ ਐਡਵਰਡਜ਼ ਜਿਸਨੇ ਕਿ 1990ਵਿਆਂ ਵਿੱਚ ਪਰਥ ਦੇ ਸਬਅਰਬ ਵਿੱਚ ਤਹਿਲਕਾ ਮਚਾ ਦਿੱਤਾ ਸੀ, ਨੂੰ ਹੁਣ ਇਸ ਘਿਨੌਣੇ ਜੁਰਮ ਬਦਲੇ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣ ਦੀ ਸਜ਼ਾ ਤੈਅ ਕਰ ਦਿੱਤੀ ਗਈ ਹੈ। ਜੈਨ ਰਿਮਰ ਅਤੇ ਸਿਆਰਾ ਗਲੈਨਨ -ਜੋ ਕਿ ਇਸ ਅਪਰਾਧ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਬੈਠੀਆਂ ਸਨ, ਦੇ ਪਰਵਾਰਾਂ ਨੇ ਹੁਣ ਬਹੁਤ ਜ਼ਿਆਦਾ ਲੰਬੀ ਇੰਤਜ਼ਾਰ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਵੱਲੋਂ ਦਿੱਤੇ ਜਾ ਰਹੇ ਇਸ ਫੈਸਲੇ ਬਾਰੇਸੁਣ ਕੇ ਆਪਣੀ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਦੇਰ ਨਾਲ ਹੀ ਸਹੀ, ਇਨਸਾਫ ਤਾਂ ਹੋਇਆ। ਜ਼ਿਕਰਯੋਗ ਹੈ ਕਿ 1996 ਵਿੱਚ 23 ਸਾਲਾਂ ਦੀ ਰਿਮਰ ਅਤੇ 1997 ਵਿੱਚ 27 ਸਾਲਾਂ ਦੀ ਗਲੈਨਨ ਇਸ ਕਾਤਿਲ ਦੀ ਹਵਸ ਦਾ ਸ਼ਿਕਾਰ ਹੋਈਆਂ ਸਨ। ਕਾਤਿਲ ਐਡਵਰਡ (52 ਸਾਲਾ) ਨੂੰ ਇੱਕ ਹੋਰ ਕਤਲ ਜਿਹੜਾ ਕਿ 18 ਸਾਲਾਂ ਦੀ ਇੱਕ ਨਵਯੁਵਤੀ (ਸੈਕਟਰੀ ਸਾਰਾਹ ਸਪੀਅਰਜ਼) ਦਾ ਵੀ 1996 ਵਿੱਚ ਹੋਇਆ ਸੀ ਦੇ ਮਾਮਲੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ ਹੈ। ਉਕਤ ਤਿੰਨੋ ਔਰਤਾਂ ਇੱਕੋ ਜਿਹੀ ਭੇਦਭਰੀ ਹਾਲਤ ਵਿੱਚ ਹੀ ਰਾਤੋ ਰਾਤ ਗੁੰਮ ਹੋ ਗਈਆਂ ਸਨ ਅਤੇ ਚਾਈਲਡਕੇਅਰ ਵਿੱਚ ਕੰਮ ਕਰਦੀ ਰਿਮਰ ਅਤੇ ਸੋਲੀਸਿਟਰ ਗਲੈਨਨ ਦੋਹਾਂ ਦੇ ਮ੍ਰਿਤਕ ਸਰੀਰ ਕਈ ਹਫਤਿਆਂ ਮਗਰੋਂ ਜੰਗਲਾਂ ਵਿੱਚੋਂ ਪਾਏ ਗਏ ਸਨ ਪਰੰਤੂ ਸਪੀਰਅਜ਼ ਦਾ ਕੋਈ ਪਤਾ ਠਿਕਾਣਾ ਨਹੀਂ ਲੱਗ ਸਕਿਆ ਅਤੇ ਅੱਜ ਵੀ ਉਸ ਦੀ ਮੌਤ ਅਣਸੁਲਝੀ ਗੁੱਥੀ ਬਣੀ ਹੋਈ ਹੈ।

Install Punjabi Akhbar App

Install
×