ਸਿਟੀ ਦਿਵਾਲੀ ਮੇਲਾ: ਸਮੁੰਦਰੋ ਪਾਰ ਹਾਸਾ ਖੇਲਾ

ਔਕਲੈਂਡ ਕੌਂਸਿਲ ਵੱਲੋਂ 18ਵਾਂ ਦੋ ਦਿਨਾਂ ਦਿਵਾਲੀ ਮੇਲਾ 12 ਅਤੇ 13 ਅਕਤੂਬਰ ਨੂੰ ਮਨਾਇਆ ਜਾਵੇਗਾ
-ਮਿਸਟਰ ਐਂਡ ਮਿਸਜ਼ ਔਕਲੈਂਡ ਦਿਵਾਲੀ ਮੁਕਾਬਲਾ
-ਰਾਇਨ ਇਨਫੀਲਡ ਮੋਟਰ ਸਾਈਕਲ ਜਿੱਤਣ ਦਾ ਮੋਕਾ ਤੇ ਸਸਤੀਆਂ ਫੋਰਡ ਕਾਰਾਂ
ਔਕਲੈਂਡ 9 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਔਕਲੈਂਡ ਕੌਂਸਿਲ ਦੇ ਜਿੱਤੇ ਉਮੀਦਵਾਰਾਂ ਦੇ ਨਤੀਜੇ ਜਿੱਥੇ 12 ਅਕਤੂਬਰ ਨੂੰ ਦੁਪਹਿਰ 2 ਵਜੇ ਮਿਲਣੇ ਸ਼ੁਰੂ ਹੋ ਜਾਣੇ ਹਨ ਉਥੇ ਨਾਲ ਹੀ ਜਿੱਤੇ ਉਮੀਦਵਾਰਾਂ ਦੇ ਜਸ਼ਨਾਂ ਵਿਚ ਦਿਵਾਲੀ ਵੀ ਸ਼ਾਮਿਲ ਹੋ ਜਾਣੀ ਹੈ ਕਿਉਂਕਿ ਔਕਲੈਂਡ ਕੌਂਸਿਲ ਵੱਲੋਂ 12 ਅਤੇ 13 ਅਕਤੂਬਰ ਨੂੰ ਔਕਲੈਂਡ ਸਿਟੀ ਵਿਖੇ ਕੂਈਨਜ਼ ਸਟ੍ਰੀਟ ਅਤੇ ਓਟੀਆ ਸੁਕੇਅਰ ਵਿਖੇ ਫ੍ਰੀ ਦਿਵਾਲੀ ਮੇਲਾ ਮਨਾਇਆ ਜਾ ਰਿਹਾ ਹੈ। ਇਹ 18ਵਾਂ ਸਲਾਨਾ ਮੇਲਾ ਹੋਵੇਗਾ ਜਿੱਥੇ ਹਜ਼ਾਰਾਂ ਭਾਰਤੀ ਲੋਕ ਸੱਤ ਸਮੁੰਦਰੋ ਪਾਰ ਕੁਝ ਸਮਾਂ ਹਾਸਾ-ਖੇਲਾ ਕਰਕੇ ਆਪਣੇ ਵਤਨ ਦੇ ਅਹਿਮ ਤਿਉਹਾਰ ਨਾਲ ਸਾਂਝ ਪਾਉਣਗੇ। ਸ਼ਹਿਰ ਨੂੰ ਸੁੰਦਰ ਲਾਈਟਾਂ ਨਾਲ ਵੀ ਸਜਾਇਆ ਜਾ ਰਿਹਾ ਹੈ। 100 ਤੋਂ ਵੱਧ ਤਰ੍ਹਾਂ ਦੇ ਭਾਰਤੀ ਨ੍ਰਿਤ ਵੇਖਣ ਨੂੰ ਮਿਲਣਗੇ। ਪੰਜਾਬੀ ਭੰਗੜਾ ਤੇ ਗਿੱਧਾ ਵੀ ਇਸ ਵਿਚ ਸ਼ਾਮਿਲ ਹੁੰਦਾ ਹੈ। ਇਸ ਦਿਵਾਲੀ ਮੇਲੇ ਵਿਚ ਸ਼ਰਾਬ ਅਤੇ ਸਿਗਰਟ ਪੀਣੀ ਵਰਜਿਤ ਹੁੰਦੀ ਹੈ। ਇਸ ਮੇਲੇ ਦੇ ਪ੍ਰਮੁੱਖ ਸਪਾਂਸਰ ਹਾਰਕੋਰਟਸ ਰੀਅਲ ਇਸਟੇਟ ਵਾਲੇ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਿਜ਼ੀਟਲ ਰੰਗੋਲੀ ਹੋਏਗੀ ਅਤੇ ਜੇਤੂ ਨੂੰ 500 ਡਾਲਰ ਇਨਾਮ ਮਿਲੇਗਾ।  ਇੰਡੀਅਨ ਵੀਕ ਐਂਡਰ ਅਖਬਾਰ ਵੱਲੋਂ ਇਸ ਮੌਕੇ ਮਿਸਟਰ ਐਂਡ ਮਿਸਜ਼ ਔਕਲੈਂਡ ਦਿਵਾਲੀ-2019 ਦੇ ਮੁਕਾਬਲੇ ਹੋਣਗੇ। ਰੇਡੀਓ ਤਰਾਨਾ ਵੱਲੋਂ ਬਾਲੀਵੁੱਡ ਮੁਕਾਬਲਾ ਹੈ। ਰੋਇਲ ਇਨਫੀਲਡ ਕੰਪਨੀ ਵੱਲੋਂ ਕਲਾਸਿਕ 350 ਮੋਟਰ ਸਾਈਕਲ ਇਨਾਮ ਵਿਚ ਕੱਢਿਆ ਜਾਵੇਗਾ। ਫੋਰਡ ਕੰਪਨੀ ਸਸਤੇ ਵਾਹਨ ਵੇਚੇਗੀ। ਇਸ ਮੌਕੇ ਐਤਵਾਰ ਨੂੰ ਸ਼ਾਮ 3 ਤੋਂ 5 ਵਜੇ ਤੱਕ ਬਲੈਕ ਕੈਪ ਦੀ ਟੀਮ ਵੀ ਸ਼ਾਮਿਲ ਹੋਵੇਗੀ। ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੇ 125 ਸਾਲਾਂ ਦੇ ਇਤਿਹਾਸ ਨੂੰ ਦਰਸਾਉਂਦੀ ਇਕ ਚਿੱਤਰ ਪ੍ਰਦਰਸ਼ਨੀ ਵੀ ਇਸ ਮੌਕੇ ਵਿਖਾਈ ਜਾਵੇਗੀ।

Install Punjabi Akhbar App

Install
×